ਦਿੱਲੀ ਯੂਨੀਵਰਸਿਟੀ ਵਿੱਚ ‘ਟੈਕਸਟ ਕਿਵੇਂ ਪੜ੍ਹੀਏ’ ਸੈਮੀਨਾਰ ਕਰਵਾਇਆ
ਪੱਤਰ ਪ੍ਰੇਰਕ
ਨਵੀਂ ਦਿੱਲੀ, 16 ਅਕਤੂਬਰ
ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਅਤੇ ਪੰਜਾਬੀ ਸਾਹਿਤ ਸਭਾ ਨਵੀਂ ਦਿੱਲੀ ਦੇ ਸਾਂਝੇ ਉਦਮ ਨਾਲ ‘ਟੈਕਸਟ ਕਿਵੇਂ ਪੜ੍ਹੀਏ’ ਸਿਰਲੇਖ ਤਹਿਤ ਦੋ ਰੋਜ਼ਾ ਕੌਮੀ ਸੈਮੀਨਾਰ ਕਰਵਾਇਆ ਗਿਆ। ਉਦਘਾਟਨੀ ਸੈਸ਼ਨ ਦੀ ਸ਼ੁਰੂਆਤ ਵਿਚ ਵਿਭਾਗ ਦੇ ਮੁਖੀ ਪ੍ਰੋ. ਕੁਲਵੀਰ ਗੋਜਰਾ ਨੇ ਸਵਾਗਤੀ ਸ਼ਬਦ ਆਖਦਿਆਂ ਕਿਹਾ ਕਿ ਇਸ ਸੈਮੀਨਾਰ ਰਾਹੀਂ ਪੰਜਾਬੀ ਵਿਭਾਗ ਦਾ ਸੁਫ਼ਨਾ ਸਾਕਾਰ ਹੋਇਆ ਹੈ। ਸੈਮੀਨਾਰ ਦੇ ਕੋਆਰਡੀਨੇਟਰ ਡਾ. ਯਾਦਵਿੰਦਰ ਸਿੰਘ ਨੇ ਸੈਮੀਨਾਰ ਦੇ ਉਦੇਸ਼ ਬਾਰੇ ਜਾਣੂ ਕਰਵਾਇਆ। ਉਦਘਾਟਨੀ ਸੈਸ਼ਨ ਵਿਚ ਪ੍ਰੋ. ਰਾਜੇਸ਼ ਸ਼ਰਮਾ ਨੇ ਮੁੱਖ ਭਾਸ਼ਣ ਵਿਚ ਭਾਰਤੀ ਕਾਵਿ ਸ਼ਾਸਤਰੀਆਂ ਅਤੇ ਪੱਛਮੀ ਚਿੰਤਕਾਂ ਦੀਆਂ ਅੰਤਰਦ੍ਰਿਸ਼ਟੀਆਂ ਦੀ ਮੌਜੂਦਾ ਸਮੇਂ ਵਿਚ ਪ੍ਰਸੰਗਿਕਤਾ ਨੂੰ ਦਰਸਾਇਆ। ਪ੍ਰੋ. ਰੇਣੁਕਾ ਸਿੰਘ ਨੇ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਿਰਕਤ ਕਰਦਿਆਂ ਆਪਣੇ ਅਨੁਭਵ ਵਿਚੋਂ ਪੰਜਾਬੀ ਦੇ ਪ੍ਰਸਿੱਧ ਲੇਖਕਾਂ ਦੀ ਸਿਰਜਣ ਪ੍ਰਕਿਰਿਆ ਬਾਰੇ ਦੱਸਿਆ। ਪ੍ਰੋ. ਸਿੰਮੀ ਮਲਹੋਤਰਾ ਨੇ ਪ੍ਰਧਾਨਗੀ ਭਾਸ਼ਣ ਦੌਰਾਨ ਕਿਹਾ ਕਿ ਸਾਹਿਤ ਦੇ ਉਪਭੋਗੀ ਬਣਨ ਤੋਂ ਬਚਣ ਦੀ ਲੋੜ ਹੈ। ਪ੍ਰੋ. ਰਵੀ ਰਵਿੰਦਰ ਨੇ ਧੰਨਵਾਦੀ ਸ਼ਬਦਾਂ ਉਪਰੰਤ ਕਿਹਾ ਕਿ ਹਰ ਸ਼ਬਦ ਨੂੰ ਬਹੁਤ ਨੀਝ ਅਤੇ ਸਹਿਜਤਾ ਨਾਲ ਪੜ੍ਹਨ ਦੀ ਲੋੜ ਹੈ।
ਪਹਿਲੇ ਸੈਸ਼ਨ ਵਿਚ ਪ੍ਰੋ. ਸਵਰਾਜ ਰਾਜ ਨੇ ਕਿਹਾ ਕਿ ਕਿਸੇ ਸ਼ਬਦ ਨੂੰ ਪੜ੍ਹਦਿਆਂ ਸਾਨੂੰ ਮਹਿਜ਼ ਇੱਕੋ ਵਾਦ ਜਾਂ ਵਿਚਾਰਧਾਰਾ ਤੋਂ ਪ੍ਰੇਰਿਤ ਪੜ੍ਹਤ ਤਿਆਰ ਕਰਨ ਤੋਂ ਬਚਣ ਦੀ ਲੋੜ ਹੈ। ਪ੍ਰੋ. ਅਕਸ਼ੇ ਕੁਮਾਰ ਨੇ ਕਿਹਾ ਕਿ ਕਵਿਤਾ ਨਾਲ ਮਹਿਜ਼ ਵਿਆਖਿਆ ਕਰਕੇ ਨਿਆਂ ਨਹੀਂ ਕੀਤਾ ਜਾ ਸਕਦਾ। ਪ੍ਰਧਾਨਗੀ ਭਾਸ਼ਣ ਵਿਚ ਡਾ. ਜਸਵਿੰਦਰ ਸਿੰਘ ਨੇ ਸਾਹਿਤਕ ਪਾਠ ਅਤੇ ਆਲੋਚਨਾ ਦੇ ਉਸਾਰੂ ਰਿਸ਼ਤੇ ’ਤੇ ਧਿਆਨ ਧਰਿਆ।
ਦੂਜੇ ਦਿਨ, ਤੀਜੇ ਸੈਸ਼ਨ ਵਿਚ ਪ੍ਰੋ. ਵਿਵੇਕ ਸਚਦੇਵਾ ਨੇ ਫ਼ਿਲਮ ਨੂੰ ਦ੍ਰਿਸ਼ ਪਾਠ ਆਖਦਿਆਂ ਚੋਣਵੇਂ ਦ੍ਰਿਸ਼ਾਂ ਦੀ ਪੇਸ਼ਕਾਰੀ ਵਿਚਲੀਆਂ ਬਰੀਕੀਆਂ ਨੂੰ ਉਜਾਗਰ ਕੀਤਾ। ਡਾ. ਪਾਲੀ ਭੁਪਿੰਦਰ ਸਿੰਘ ਨੇ ਨਾਟਕ ਨੂੰ ਲਿਖਤ ਪਾਠ ਤੇ ਰੰਗਮੰਚੀ ਪਾਠ ਦਾ ਸੁਮੇਲ ਦੱਸਿਆ। ਪ੍ਰਧਾਨਗੀ ਭਾਸ਼ਣ ਵਿਚ ਡਾ. ਹਰਿਭਜਨ ਸਿੰਘ ਭਾਟੀਆ ਨੇ ਵਿਦਿਆਰਥੀਆਂ ਨੂੰ ਹਰ ਪਾਠ ਦੀ ਸੁਚਾਰੂ ਪੜ੍ਹਤ ਲਈ ਪ੍ਰੇਰਿਆ। ਸੈਸ਼ਨ ਦੌਰਾਨ ਮੰਚ ਸੰਚਾਲਕ ਦੀ ਭੂਮਿਕਾ ਡਾ. ਰੰਜੂ ਬਾਲਾ ਨੇ ਨਿਭਾਈ। ਵਿਦਾਇਗੀ ਸੈਸ਼ਨ ਵਿਚ ਪ੍ਰੋ. ਈਸ਼ਵਰ ਦਿਆਲ ਗੌੜ ਨੇ ਟੈਕਸਟ ਦੀ ਸਾਹਿਤਕਤਾ ਤੇ ਇਤਿਹਾਸਕਤਾ ਦੇ ਸਬੰਧਾਂ ਨੂੰ ਉਭਾਰਿਆ। ਬਲਬੀਰ ਮਾਧੋਪੁਰੀ ਨੇ ਆਪਣੀ ਸੈਮੀਨਾਰ ਦੇ ਹਵਾਲੇ ਗੱਲਾਂ ਕੀਤੀਆਂ। ਡਾ. ਰਜਨੀ ਬਾਲਾ ਨੇ ਸੈਮੀਨਾਰ ਰਿਪੋਰਟ ਪੇਸ਼ ਕੀਤੀ ਅਤੇ ਸੈਸ਼ਨ ਦੌਰਾਨ ਮੰਚ ਸੰਚਾਲਕ ਦੀ ਭੂਮਿਕਾ ਡਾ. ਯਾਦਵਿੰਦਰ ਸਿੰਘ ਨੇ ਨਿਭਾਈ।