ਜੰਮੂ ਦੇ ਪੁਣਛ ਤੇ ਰਿਆਸੀ ਜ਼ਿਲ੍ਹਿਆਂ ਵਿੱਚ ਤਲਾਸ਼ੀ ਮੁਹਿੰਮ ਚਲਾਈ
ਜੰਮੂ, 28 ਜੁਲਾਈ
ਜੰਮੂ-ਕਸ਼ਮੀਰ ਦੇ ਪੁਣਛ ਅਤੇ ਰਿਆਸੀ ਜ਼ਿਲ੍ਹਿਆਂ ਦੇ ਸਰਹੱਦੀ ਅਤੇ ਪਹਾੜੀ ਖੇਤਰਾਂ ਵਿੱਚ ਸੁਰੱਖਿਆ ਬਲਾਂ ਨੇ ਸ਼ੱਕੀ ਗਤੀਵਿਧੀਆਂ ਸਬੰਧੀ ਮਿਲੀ ਜਾਣਕਾਰੀ ਮਗਰੋਂ ਸਾਂਝੀ ਤਲਾਸ਼ੀ ਮੁਹਿੰਮ ਚਲਾਈ ਹੈ। ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਸੁਰੱਖਿਆ ਬਲ ਹਾਈ ਅਲਰਟ ’ਤੇ ਹਨ ਤੇ ਉਨ੍ਹਾਂ ਨੇ ਆਮ ਲੋਕਾਂ ਨੂੰ ਵੀ ਕਿਸੇ ਤਰ੍ਹਾਂ ਦੀ ਸ਼ੱਕੀ ਗਤੀਵਿਧੀ ਸਬੰਧੀ ਤੁਰੰਤ ਜਾਣਕਾਰੀ ਦੇਣ ਦੀ ਅਪੀਲ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੁਣਛ ਜ਼ਿਲ੍ਹੇ ਦੇ ਸਲੋਤਰੀ-ਮੰਗਨਾਰ ਇਲਾਕੇ ਕੋਲ ਕੰਟਰੋਲ ਰੇਖਾ (ਐੱਲਓਸੀ) ਦੇ ਕਈ ਇਲਾਕਿਆਂ ’ਚ ਐਤਵਾਰ ਸਵੇਰੇ ਇਹ ਸਾਂਝੀ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਐੱਲਓਸੀ ’ਤੇ ਕੁਝ ਸ਼ੱਕੀ ਗਤੀਵਿਧੀਆਂ ਸਬੰਧੀ ਖੁਫੀਆ ਜਾਣਕਾਰੀ ਮਿਲੀ ਸੀ, ਜਿਸ ਮਗਰੋਂ ਆਰਮੀ, ਸੀਆਰਪੀਐੱਫ ਅਤੇ ਸਪੈਸ਼ਲ ਅਪਰੇਸ਼ਨ ਗਰੁੱਪ ਦੇ ਜਾਵਾਨਾਂ ਨੇ ਇਲਾਕੇ ਦੀ ਤਲਾਸ਼ੀ ਲਈ ਜੋ ਕਿ ਅਜੇ ਵੀ ਜਾਰੀ ਹੈ। ਇਸੇ ਤਰ੍ਹਾਂ ਰਿਆਸੀ ਜ਼ਿਲ੍ਹੇ ਵਿੱਚ ਇੱਕ ਔਰਤ ਨੇ ਪਿੰਡ ਦੇ ਬਾਹਰੀ ਇਲਾਕੇ ’ਚ ਦੋ ਸ਼ੱਕੀ ਵਿਅਕਤੀ ਦਿਖਣ ਸਬੰਧੀ ਜਾਣਕਾਰੀ ਦਿੱਤੀ ਸੀ। ਪੁਲੀਸ ਅਤੇ ਸੁਰੱਖਿਆ ਬਲਾਂ ਨੇ ਇਸ ਸਬੰਧੀ ਪੋਨੀ ਦੇ ਦਦੋਆ ਇਲਾਕਿਆਂ ਦੀ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਚਲਾਈ ਸੀ। ਜੰਮੂ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ’ਚ ਪਿਛਲੇ 15 ਦਿਨਾਂ ਦੌਰਾਨ ਸ਼ੱਕੀ ਵਿਅਕਤੀ ਦਿਖਣ ਮਗਰੋਂ ਕਈ ਵਾਰ ਇਲਾਕੇ ’ਚ ਤਲਾਸ਼ੀ ਮੁਹਿੰਮਾਂ ਚਲਾਈਆਂ ਗਈਆਂ ਹਨ। ਪਿਛਲੇ 50 ਦਿਨਾਂ ’ਚ ਜੰਮੂ ’ਚ ਵਾਪਰੀਆਂ 15 ਅਤਿਵਾਦੀ ਘਟਨਾਵਾਂ ਦੇ ਮੱਦੇਨਜ਼ਰ ਇਹ ਤਲਾਸ਼ੀਆਂ ਜਾਰੀ ਹਨ। -ਪੀਟੀਆਈ