ਅਪਰੇਸ਼ਨ ਚੌਕਸੀ ਤਹਿਤ ਜੇਲ੍ਹ ਵਿੱਚ ਤਲਾਸ਼ੀ ਮੁਹਿੰਮ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 2 ਅਗਸਤ
ਸਨਅਤੀ ਸ਼ਹਿਰ ਦੀ ਕੇਂਦਰੀ ਜੇਲ੍ਹ ’ਚ ਬੁੱਧਵਾਰ ਨੂੰ ਅਪਰੇਸ਼ਨ ਚੌਕਸੀ ਤਹਿਤ ਲੁਧਿਆਣਾ ਪੁਲੀਸ ਵੱਲੋਂ ਜੇਲ੍ਹ ’ਚ ਤਲਾਸ਼ੀ ਮੁਹਿੰਮ ਚਲਾਈ ਗਈ। ਮੁਹਿੰਮ ਦੀ ਅਗਵਾਈ ਪੁਲੀਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਕੀਤੀ। ਹਰ ਬੈਰਕ ਨੂੰ ਚੰਗੀ ਤਰ੍ਹਾਂ ਚੈਕ ਕੀਤਾ ਗਿਆ ਤੇ ਨਾਲ ਦੀ ਨਾਲ ਜੇਲ੍ਹ ’ਚ ਬੰਦ ਖਤਰਨਾਕ ਮੁਲਜ਼ਮਾਂ ਦੀਆਂ ਬੈਰਕਾਂ ਨੂੰ ਵੀ ਚੈੱਕ ਕੀਤਾ ਗਿਆ। ਇਸ ਦੌਰਾਨ ਜੇਲ੍ਹ ਦੇ ਉੱਚ ਅਧਿਕਾਰੀਆਂ ਨੇ ਜ਼ਿਲ੍ਹਾ ਪੁਲੀਸ ਦਾ ਪੂਰਾ ਸਹਿਯੋਗ ਕੀਤਾ। ਪੁਲੀਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਜ਼ਿਲ੍ਹਾ ਪੁਲੀਸ ਤੇ ਜੇਲ੍ਹ ਵਿਭਾਗ ਦਾ ਇਹ ਸਾਂਝਾ ਆਪ੍ਰੇਸ਼ਨ ਸੀ। ਬੁੱਧਵਾਰ ਨੂੰ ਸਮੁੱਚੇ ਪੰਜਾਬ ’ਚ ਇਹ ਸਰਚ ਮੁਹਿੰਮ ਚਲਾਈ ਗਈ ਸੀ। ਇਸ ਤੋਂ ਬਾਅਦ ਲੁਧਿਆਣਾ ਕੇਂਦਰੀ ਜੇਲ੍ਹ ’ਚ ਵੀ ਚੈਕਿੰਗ ਹੋਈ। ਇਹ ਇੱਕ ਰਾਊਂਡ ਦੀ ਚੈਕਿੰਗ ਕੀਤੀ ਗਈ ਹੈ, ਜੋ ਅੱਗੇ ਵੀ ਹੋਵੇਗੀ। ਉਨ੍ਹਾਂ ਕਿਹਾ ਕਿ ਹਰ ਇੱਕ ਬੈਰਕ ਨੂੰ ਖਾਲੀ ਕਰਵਾ ਕੇ ਚੈਕ ਕੀਤਾ ਗਿਆ। ਜੇ ਜੇਲ੍ਹ ’ਚੋਂ ਕੋਈ ਵੀ ਹਵਾਲਾਤੀ ਗ਼ੈਰਕਾਨੂੰਨੀ ਗਤੀਵਿਧੀ ਕਰਦਾ ਹੈ ਤਾਂ ਤੁਰੰਤ ਉਸ ’ਤੇ ਐਕਸ਼ਨ ਲਿਆ ਜਾਵੇਗਾ। ਪੁਲੀਸ ਕਮਿਸ਼ਨਰ ਨੇ ਕਿਹਾ ਕਿ ਚੈਕਿੰਗ ਦੌਰਾਨ 450 ਪੁਲੀਸ ਮੁਲਾਜ਼ਮ ਨਾਲ ਸਨ। ਇਸ ਦੌਰਾਨ 14 ਸੀਨੀਅਰ ਅਧਿਕਾਰੀ ਅਤੇ 325 ਜ਼ਿਲ੍ਹਾ ਪੁਲੀਸ ਦੇ ਮੁਲਾਜ਼ਮ ਦੇ ਨਾਲ ਨਾਲ 70 ਮੁਲਾਜ਼ਮ ਜੇਲ੍ਹ ਵਿਭਾਗ ਦੇ ਸਨ, ਜਿਨ੍ਹਾਂ ਨੇ ਮਿਲ ਕੇ ਚੈਕਿੰਗ ਕੀਤੀ। ਉਨ੍ਹਾਂ ਕਿਹਾ ਕਿ 2 ਟੀਮਾਂ ਬਣਾਈਆਂ ਗਈਆਂ ਸਨ। 12 ਵਜੇ ਚੈਕਿੰਗ ਸ਼ੁਰੂ ਹੋਈ ਸੀ, ਜੋ ਲਗਾਤਾਰ ਤਿੰਨ ਘੰਟੇ ਤੱਕ ਚੱਲਦੀ ਰਹੀ। ਉਨ੍ਹਾਂ ਕਿਹਾ ਕਿ ਇਸ ਚੈਕਿੰਗ ਦਾ ਮੁੱਖ ਮਕਸਦ ਇਹ ਹੈ ਕਿ ਜੋ ਨਸ਼ਾ ਤਸਕਰਾਂ ਦਾ ਨੈਟਵਰਕ ਬਣ ਰਿਹਾ ਹੈ, ਉਸ ਨੂੰ ਤੋੜਿਆ ਜਾਵੇ। ਮੁਲਜ਼ਮਾਂ ਨੂੰ ਇਹ ਸੁਨੇਹਾ ਦਿੱਤਾ ਗਿਆ ਕਿ ਕੇਂਦਰੀ ਜੇਲ੍ਹ ਦੀ ਪਿੱਠ ’ਤੇ ਜ਼ਿਲ੍ਹਾ ਪ੍ਰਸਾਸ਼ਨ ਦੀ ਪੁਲੀਸ ਖੜ੍ਹੀ ਹੈ। ਜਦੋਂ ਵੀ ਜੇਲ੍ਹ ’ਚ ਲੋੜ ਪਵੇਗੀ ਤਾਂ ਤੁਰੰਤ ਜ਼ਿਲ੍ਹਾ ਪੁਲੀਸ ਉਨ੍ਹਾਂ ਦੀ ਮਦਦ ਲਈ ਤਿਆਰ ਹੈ। ਪੁਲੀਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਜੋ ਖਤਰਨਾਕ ਮੁਲਜ਼ਮ ਹਨ, ਉਨ੍ਹਾਂ ਦੀਆਂ ਬੈਰਕਾਂ ਨੂੰ ਪਹਿਲਾਂ ਤੋਂ ਚੁਣ ਲਿਆ ਗਿਆ ਸੀ ਤੇ ਉਨ੍ਹਾਂ ਦੀਆਂ ਬੈਰਕਾਂ ਦੀ ਖਾਸ ਜਾਂਚ ਕੀਤੀ ਗਈ। ਕਿਨ੍ਹਾਂ ਮੁਲਜ਼ਮਾਂ ਤੋਂ ਕੀ ਕੀ ਬਰਾਮਦ ਹੋਇਆ ਹੈ, ਇਸ ਦੀ ਜਾਣਕਾਰੀ ਬਾਅਦ ’ਚ ਦਿੱਤੀ ਜਾਵੇਗੀ। ਜੇਲ੍ਹ ਸਟਾਫ਼ ਦੀ ਮਨਜ਼ੂਰੀ ਲੈ ਕੇ ਜ਼ਿਲ੍ਹਾ ਪੁਲੀਸ ਨੇ ਅੱਜ ਇਹ ਚੈਕਿੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਨਾਲ ਹੁਣ ਜੇਲ੍ਹ ਦੇ ਆਸਪਾਸ ਦੇ ਇਲਾਕੇ ’ਚ ਵੀ ਚੈਕਿੰਗ ਕਰਵਾਈ ਜਾਵੇਗੀ।