For the best experience, open
https://m.punjabitribuneonline.com
on your mobile browser.
Advertisement

ਮੁੱਖ ਮੰਤਰੀ ਦੀ ਕੋਠੀ ਘੇਰਨ ਪੁੱਜੇ ਏਆਈ ਵਰਕਰਾਂ ਤੇ ਪੁਲੀਸ ਵਿਚਾਲੇ ਖਿੱਚ-ਧੂਹ

07:53 AM Sep 07, 2024 IST
ਮੁੱਖ ਮੰਤਰੀ ਦੀ ਕੋਠੀ ਘੇਰਨ ਪੁੱਜੇ ਏਆਈ ਵਰਕਰਾਂ ਤੇ ਪੁਲੀਸ ਵਿਚਾਲੇ ਖਿੱਚ ਧੂਹ
ਮੁੱਖ ਮੰਤਰੀ ਦੀ ਕੋਠੀ ਅੱਗੇ ਏਆਈ ਵਰਕਰਾਂ ਅਤੇ ਪੁਲੀਸ ਦਰਮਿਆਨ ਹੋ ਰਹੀ ਖਿੱਚ-ਧੂਹ।
Advertisement

ਗੁਰਦੀਪ ਸਿੰਘ ਲਾਲੀ
ਸੰਗਰੂਰ, 6 ਸਤੰਬਰ
ਪੰਜਾਬ ਭਰ ਤੋਂ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਪੁੱਜੇ ਪਸ਼ੂ ਪਾਲਣ ਵਿਭਾਗ ਦੇ ਏਆਈ (ਆਰਟੀਫੀਸ਼ਅਲ ਇਨਸੈਮੀਨੇਸ਼ਨ) ਵਰਕਰਾਂ ਅਤੇ ਪੁਲੀਸ ਦਰਮਿਆਨ ਖਿੱਚ-ਧੂਹ ਹੋਈ। ਏਆਈ ਵਰਕਰਾਂ ਨੇ ਜਬਰੀ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਨੇ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕਿਆ। ਇਸ ਦੌਰਾਨ ਦੋਵਾਂ ਧਿਰਾਂ ਵਿਚਾਲੇ ਖਿੱਚ-ਧੂਹ ਹੋਈ ਤੇ ਇੱਕ ਪੁਲੀਸ ਮੁਲਾਜ਼ਮ ਦੀ ਪੱਗ ਲੱਥ ਗਈ ਅਤੇ ਇੱਕ ਪੁਲੀਸ ਇੰਸਪੈਕਟਰ ਦੀ ਹੇਠਾਂ ਡਿੱਗਣ ਕਾਰਨ ਵਰਦੀ ਫ਼ਟ ਗਈ। ਇਸ ਤੋਂ ਇਲਾਵਾ ਕੁਝ ਏਆਈ ਵਰਕਰਾਂ ਦੇ ਕੱਪੜੇ ਫ਼ਟੇ ਤੇ ਮਾਮੂਲੀ ਝਰੀਟਾਂ ਲੱਗੀਆਂ।
13 ਸਾਲਾਂ ਤੋਂ ਪਸ਼ੂ ਪਾਲਣ ਵਿਭਾਗ ਵਿੱਚ ਪਸ਼ੂਆਂ ਦੇ ਬਨਾਉਟੀ ਗਰਭਧਾਰਨ ਲਈ ਟੀਕਾਕਰਨ ਦਾ ਕੰਮ ਕਰ ਰਹੇ ਵਰਕਰ ਸੇਵਾਵਾਂ ਰੈਗੂਲਰ ਨਾ ਕਰਨ ਤੋਂ ਖਫ਼ਾ ਹਨ। ਵੈਟਰਨਰੀ ਏਆਈ ਵਰਕਰਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਸਰਬਜੀਤ ਸਿੰਘ ਅਜਲਾਣਾ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਵੱਡੇ ਵੱਡੇ ਵਾਅਦੇ ਕੀਤੇ ਗਏ ਸਨ ਕਿ ਕੱਚੇ ਮੁਲਾਜ਼ਮਾਂ ਨੂੰ ਪਹਿਲ ਦੇ ਆਧਾਰ ’ਤੇ ਪੱਕੇ ਕੀਤਾ ਜਾਵੇਗਾ ਪਰ ਉਨ੍ਹਾਂ ਵਾਅਦਾ ਪੂਰਾ ਨਾ ਕੀਤਾ।
ਸੂਬਾ ਜਨਰਲ ਸਕੱਤਰ ਕਾਲਾ ਸਿੰਘ ਛਾਜਲਾ, ਸੂਬਾ ਖਜ਼ਾਨਚੀ ਗੁਰਮੀਤ ਸਿੰਘ ਅਤੇ ਸੂਬਾ ਪ੍ਰੈਸ ਸਕੱਤਰ ਨਿਸ਼ਾਨ ਸਿੰਘ ਬਣਵਾਲਾ ਨੇ ਦੱਸਿਆ ਕਿ ਏਆਈ ਵਰਕਰ ਲਗਪਗ ਦੋ ਸਾਲਾਂ ਤੋਂ ਮੁਹਾਲੀ ਸੈਕਟਰ-68 ਵਿੱਚ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਦੇ ਦਫਤਰ ਮੂਹਰੇ ਆਪਣੀਆਂ ਮੰਗਾਂ ਮਨਵਾਉਣ ਲਈ ਬੈਠੇ ਹਨ। ਉਨ੍ਹਾਂ ਦੀ ਪਸ਼ੂ ਪਾਲਣ ਵਿਭਾਗ ਦੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਕਈ ਮੀਟਿੰਗਾਂ ਹੋ ਚੁੱਕੀਆਂ ਹਨ, ਜੋ ਬੇਸਿੱਟਾ ਰਹੀਆਂ ਹਨ। ਸਰਕਾਰ ਦੇ ਨੁਮਾਇੰਦਿਆਂ ਦੇ ਕਹਿਣ ਦੇ ਬਾਵਜੂਦ ਵਿਭਾਗ ਵੱਲੋਂ ਕੋਈ ਵੀ ਤਜਵੀਜ਼ ਬਣਾ ਕੇ ਸਰਕਾਰ ਸਾਹਮਣੇ ਪੇਸ਼ ਨਹੀਂ ਕੀਤੀ ਗਈ। ਇਸ ਮੌਕੇ ਯੂਨੀਅਨ ਆਗੂ ਹਰਜੀਤ ਸਿੰਘ, ਆਸਾ ਰਾਮ ਢੰਡਿਆਲ, ਮਨਿੰਦਰ ਸਿੰਘ, ਮੁਕੰਦ ਸਿੰਘ, ਬਾਬਾ ਜਗਵਿੰਦਰ ਸਿੰਘ, ਸੰਦੀਪ ਸਿੰਘ ਆਦਿ ਸ਼ਾਮਲ ਸਨ। ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਯੂਨੀਅਨ ਦੀ 16 ਸਤੰਬਰ ਨੂੰ ਕੈਬਨਿਟ ਸਬ ਕਮੇਟੀ ਨਾਲ ਮੀਟਿੰਗ ਤੈਅ ਕਰਵਾਈ ਗਈ, ਜਿਸ ਮਗਰੋਂ ਪ੍ਰਦਰਸ਼ਨ ਖਤਮ ਕੀਤਾ ਗਿਆ।

ਮਾਨ ਦੀ ਰਿਹਾਇਸ਼ ਵੱਲ ਮੁਜ਼ਾਹਰਾ ਕਰਨ ਵਾਲੇ ਮੁਲਾਜ਼ਮ ਆਗੂਆਂ ਖ਼ਿਲਾਫ਼ ਕੇਸ ਦਰਜ

ਚੰਡੀਗੜ੍ਹ (ਪੱਤਰ ਪ੍ਰੇਰਕ):

Advertisement

ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਪੂਰੀਆਂ ਨਾ ਹੋਣ ਅਤੇ ਮੀਟਿੰਗਾਂ ਦਾ ਸਮਾਂ ਦੇ ਕੇ ਹਰ ਵਾਰ ਮੁਲਤਵੀ ਕਰਨ ਦੇ ਰੋਸ ਵਜੋਂ 3 ਸਤੰਬਰ ਨੂੰ ਸੈਕਟਰ 39 ਤੋਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਰਿਹਾਇਸ਼ ਵੱਲ ਮੁਜ਼ਾਹਰਾ ਕਰਨ ਵਾਲੇ ‘ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ’ ਦੇ ਕਈ ਆਗੂਆਂ ਖ਼ਿਲਾਫ਼ ਚੰਡੀਗੜ੍ਹ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਪੁਲੀਸ ਸਟੇਸ਼ਨ ਮਲੋਆ (ਚੰਡੀਗੜ੍ਹ) ਵਿੱਚ 3 ਸਤੰਬਰ ਨੂੰ ਫਰੰਟ ਦੇ ਆਗੂਆਂ ਜਰਮਨਜੀਤ ਸਿੰਘ, ਰਣਜੀਤ ਸਿੰਘ ਰਾਣਵਾਂ, ਰਤਨ ਸਿੰਘ ਮੁੰਜਾਰੀ, ਗੁਰਪ੍ਰੀਤ ਸਿੰਘ, ਬਾਜ ਸਿੰਘ ਖਹਿਰਾ, ਗਗਨਦੀਪ ਸਿੰਘ ਭੁੱਲਰ, ਸੁਖਦੇਵ ਸਿੰਘ ਸੈਣੀ, ਸੁਰਿੰਦਰ ਸਿੰਘ ਮੋਲੋਵਾਲੀ, ਕਰਮ ਸਿੰਘ ਧਨੋਆ, ਭਜਨ ਸਿੰਘ ਗਿੱਲ, ਐੱਸਕੇ ਕਲਸੀ, ਜਗਦੀਸ਼ ਸਿੰਘ ਚਾਹਲ ਸਮੇਤ ਹੋਰਾਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ, 2023 ਤਹਿਤ ਕੇਸ ਦਰਜ ਕੀਤਾ ਗਿਆ ਹੈ। ਚੰਡੀਗੜ੍ਹ ਪੁਲੀਸ ਵੱਲੋਂ ਦਰਜ ਕੀਤੀ ਗਈ ਐੱਫਆਈਆਰ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਆਗੂਆਂ ਦੀ ਅਗਵਾਈ ਹੇਠ ਮੁਜ਼ਾਹਰਾਕਾਰੀਆਂ ਨੇ ਸੈਕਟਰ 39 ਵਿੱਚ ਸੜਕ ਉੱਤੇ ਜਾਮ ਲਗਾਇਆ ਅਤੇ ਫਿਰ ਪੁਲੀਸ ਦੇ ਰੂਟ ਮੁਤਾਬਕ ਨਾ ਚੱਲ ਕੇ ਅਤੇ ਚੰਡੀਗੜ੍ਹ ਸ਼ਹਿਰ ਵਿੱਚ ਡਿਊਟੀ ਮੈਜਿਸਟ੍ਰੇਟ ਦੀ ਮਨਜ਼ੂਰੀ ਬਗੈਰ ਰੈਲੀ ਕਰ ਕੇ ਧਾਰਾ 163 ਦੀ ਉਲੰਘਣਾ ਕੀਤੀ ਹੈ।

Advertisement
Author Image

joginder kumar

View all posts

Advertisement