For the best experience, open
https://m.punjabitribuneonline.com
on your mobile browser.
Advertisement

ਇੱਕ ਦਿਨ ਦੇ ਬਿਰਤਾਂਤ ’ਚ ਲੁਕੀ ਇੱਕ ਯੁੱਗ ਦੀ ਗਾਥਾ

07:17 PM Jun 23, 2023 IST
ਇੱਕ ਦਿਨ ਦੇ ਬਿਰਤਾਂਤ ’ਚ ਲੁਕੀ ਇੱਕ ਯੁੱਗ ਦੀ ਗਾਥਾ
Advertisement

ਨਿਰੰਜਣ ਬੋਹਾ

Advertisement

ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਨਾਵਲਕਾਰ ਮੁਲਕ ਰਾਜ ਅਨੰਦ ਦਾ ਅੰਗਰੇਜ਼ੀ ਭਾਸ਼ਾ ਵਿੱਚ ਲਿਖਿਆ ਨਾਵਲ ‘ਦਿ ਅਨਟਚਏਬਲ’ ਨਾ ਸਿਰਫ਼ ਵਿਸ਼ਵ ਦੇ ਸ਼ਾਹਕਾਰ ਨਾਵਲਾਂ ਦੀ ਲੜੀ ਵਿੱਚ ਆਪਣੀ ਥਾਂ ਬਣਾ ਚੁੱਕਾ ਹੈ ਸਗੋਂ ਇਸ ਨੂੰ ਦੁਨੀਆਂ ਦੀਆਂ ਤੀਹ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤਾ ਗਿਆ ਹੈ। ਪੰਜਾਬੀ ਵਿੱਚ ‘ਅਛੂਤ’ (ਕੀਮਤ: 300 ਰੁਪਏ; ਮਾਨ ਬੁਕ ਸਟੋਰ ਪਬਲੀਕੇਸ਼ਨ, ਤੁੰਗਵਾਲੀ) ਨਾਂ ਹੇਠ ਇਸ ਦਾ ਅਨੁਵਾਦ ਬਲਵੰਤ ਗਾਰਗੀ ਨੇ ਕੀਤਾ। ਇਹ ਨਾਵਲ ਇੱਕ ਸਦੀ ਪਹਿਲਾਂ ਤੱਕ ਨਰਕੀ ਜ਼ਿੰਦਗੀ ਜਿਉਣ ਵਾਲੇ ਦਮਿਤ ਲੋਕਾਂ ਦੇ ਮਾਨਸਿਕ ਸੰਤਾਪ ਦੀਆਂ ਤਹਿਆਂ ਤੱਕ ਪਹੁੰਚਣ ਵਿੱਚ ਪੂਰੀ ਤਰ੍ਹਾਂ ਸਫ਼ਲ ਵਿਖਾਈ ਦਿੰਦਾ ਹੈ। ਨਾਵਲਕਾਰ ਉਸ ਵੇਲੇ ਦੇ ਸਮਾਜ ਦੇ ਦਲਿਤ ਲੋਕਾਂ ਨਾਲ ਹੋਣ ਵਾਲੇ ਅਣਮਨੁੱਖੀ ਵਿਹਾਰ ਦਾ ਗਵਾਹ ਵੀ ਹੈ ਤੇ ਉਸ ਨੇ ਤਿੰਨ ਮਹੀਨੇ ਮਹਾਤਮਾ ਗਾਂਧੀ ਦੇ ਸਾਬਰਮਤੀ ਆਸ਼ਰਮ ਵਿੱਚ ਪਖਾਨੇ ਸਾਫ਼ ਕਰਕੇ ਇਨ੍ਹਾਂ ਲੋਕਾਂ ਦੇ ਦਰਦ ਨੂੰ ਨੇੜਿਓਂ ਸਮਝਣ ਦੀ ਕੋਸ਼ਿਸ਼ ਵੀ ਕੀਤੀ ਹੈ। ਨਾਵਲ ਪਾਠਕਾਂ ਨੂੰ ਇਸ ਤਲਖ਼ ਹਕੀਕਤ ਦਾ ਅਹਿਸਾਸ ਕਰਾਉਂਦਾ ਹੈ ਕਿ ਕੁਲੀਨ ਵਰਗ ਨੇ ਇਨ੍ਹਾਂ ਨਾਲ ਛੂਹੇ ਜਾਣ ‘ਤੇ ਭਿੱਟੇ ਜਾਣ ਦਾ ਗ਼ਲਤ ਸਿਧਾਂਤ ਘੜ ਕੇ ਸਮਾਜਿਕ ਨਾਬਰਾਬਰੀ ਨੂੰ ਸੰਸਥਾਗਤ ਅਰਥ ਪ੍ਰਦਾਨ ਕੀਤੇ ਹੋਏ ਸਨ।

ਇਹ ਨਾਵਲ ਅਛੂਤ ਕਹੇ ਜਾਣ ਵਾਲੇ ਅਠਾਰਾਂ ਸਾਲ ਦੇ ਨੌਜਵਾਨ ਪਾਤਰ ਬੱਖੇ ਵੱਲੋਂ ਇੱਕ ਦਿਨ ਵਿੱਚ ਭੋਗੀ ਜਾਣ ਵਾਲੀ ਜ਼ਲਾਲਤ ਤੇ ਮਾਨਸਿਕ ਪੀੜ ਦਾ ਬਿਰਤਾਂਤ ਸਿਰਜਦਾ ਹੈ, ਪਰ ਪਾਠਕਾਂ ਨੂੰ ਇਹ ਇੱਕ ਦਿਨ ਇੱਕ ਯੁੱਗ ਵਰਗਾ ਹੀ ਲੱਗਦਾ ਹੈ। ਸਮਾਜ ਵੱਲੋਂ ਬੁਰੀ ਤਰ੍ਹਾਂ ਤ੍ਰਿਸਕਾਰੇ ਜਿਸ ਵਰਗ ਨੂੰ ਸਵੇਰ ਸਾਰ ਦੂਜਿਆਂ ਦੇ ਪਖਾਨੇ ਸਾਫ਼ ਕਰਦਿਆਂ ਨਫ਼ਰਤ ਭਰੇ ਬੋਲ ਸੁਣਨੇ ਪੈਂਦੇ ਹੋਣ, ਬੇਧਿਆਨੀ ਵਿੱਚ ਕਿਸੇ ਅਖੌਤੀ ਉੱਚ ਜਾਤੀ ਦੇ ਵਿਅਕਤੀ ਨਾਲ ਛੂਹ ਜਾਣ ‘ਤੇ ਥੱਪੜਾਂ ਦੀ ਮਾਰ ਸਹਿਣੀ ਪੈਂਦੀ ਹੋਵੇ, ਬਜ਼ਾਰ ਵਿੱਚੋ ਲੰਘਦਿਆਂ ਆਪਣੇ ਆਪ ਲਈ ਨਿਰਾਦਰ ਭਰੇ ਬੋਲਾਂ ਦਾ ਹੋਕਾ ਦੇਣਾ ਪੈਂਦਾ ਹੋਵੇ, ਪੁਜਾਰੀ ਵੱਲੋਂ ਆਪਣੀ ਧੀ ਭੈਣ ਨਾਲ ਜਿਨਸੀ ਛੇੜਛਾੜ ਕਰਨ ‘ਤੇ ਵੀ ਚੁੱਪ ਰਹਿਣਾ ਮਜਬੂਰੀ ਹੋਵੇ, ਮਕਾਨ ਦੀ ਛੱਤ ਤੋਂ ਉੱਪਰੋਂ ਗੰਦੀ ਨਾਲੀ ਕੋਲ ਡਿੱਗੀ ਰੋਟੀ ਚੁੱਕ ਕੇ ਖਾਣੀ ਪੈਂਦੀ ਹੋਵੇ, ਨਕਦ ਪੈਸਿਆਂ ਦੀ ਚੀਜ਼ ਖਰੀਦਣ ਵੇਲੇ ਵੀ ਅਪਮਾਨਿਤ ਹੋਣਾ ਪੈਂਦਾ ਹੋਵੇ, ਪੀਣ ਵਾਲੇ ਪਾਣੀ ਲਈ ਵੀ ਕੁਲੀਨ ਵਰਗ ਦੀ ਦਇਆ ਦ੍ਰਿਸ਼ਟੀ ‘ਤੇ ਨਿਰਭਰ ਰਹਿਣਾ ਪੈਂਦਾ ਹੋਵੇ ਤਾਂ ਉਸ ਵਰਗ ਦੀਆਂ ਮਾਨਸਿਕ ਪੀੜਾਂ ਦਾ ਬਿਰਤਾਂਤ ਸਿਰਜਣਾ ਕਿਸੇ ਸੰਵੇਦਨਸ਼ੀਲ ਲੇਖਕ ਲਈ ਸਹਿਜ ਤੇ ਸੁਖਾਲਾ ਕੰਮ ਨਹੀਂ ਹੁੰਦਾ। ਅਜਿਹਾ ਬਿਰਤਾਂਤ ਪੜ੍ਹਦਿਆਂ ਪਾਠਕ ਵੀ ਆਪਣੇ ਆਪ ਨੂੰ ਬਹੁਤ ਅਸਹਿਜ ਹੋਇਆ ਮਹਿਸੂਸ ਕਰਦਾ ਹੈ। ਸਮਾਜ ਦੇ ਵੱਡੇ ਹਿੱਸੇ ਤੋਂ ਉਸ ਦੇ ਸਾਰੇ ਮਨੁੱਖੀ ਹੱਕ ਖੋਹ ਲੈਣ ਦੇ ਵੇਰਵੇ ਪਾਠਕ ਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰਦੇ ਹਨ ਤਾਂ ਉਹ ਲਾਜ਼ਮੀ ਤੌਰ ‘ਤੇ ਇਸ ਸਮਾਜਿਕ ਅਨਿਆਂ ਬਾਰੇ ਗੰਭੀਰਤਾ ਨਾਲ ਸੋਚਦਾ ਹੈ।

ਹਰੇਕ ਮਨੁੱਖ ਦੀ ਮਾਨਸਿਕ ਤੁਸ਼ਟੀ ਦਾ ਕੋਈ ਭਾਵਨਾਤਮਿਕ ਸਿਖਰ ਹੁੰਦਾ ਹੈ। ਇਸ ਨਾਵਲ ਅਨੁਸਾਰ ਦਿਨ ਚੜ੍ਹਨ ਤੋਂ ਲੈ ਛਿਪਣ ਤੱਕ ਅਪਮਾਨ ਸਹਿਣ ਵਾਲੇ ਲੋਕਾਂ ਦੀ ਮਾਨਸਿਕ ਤੁਸ਼ਟੀ ਲਈ ਏਨਾ ਹੀ ਕਾਫ਼ੀ ਸੀ ਕਿ ਕੋਈ ਉਨ੍ਹਾਂ ਲਈ ਹਮਦਰਦੀ ਭਰੇ ਦੋ ਬੋਲ ਹੀ ਬੋਲ ਦੇਵੇ। ਜਦੋਂ ਹਵਾਲਦਾਰ ਚੜ੍ਹਤ ਸਿੰਘ ਬੱਖੇ ਨੂੰ ਆਪਣੀ ਚਿਲਮ ਲਈ ਅੱਗ ਲਿਆਉਣ ਲਈ ਆਖਦਾ ਹੈ ਜਾਂ ਚਿੜੀਆਂ ਦੇ ਪਾਣੀ ਪੀਣ ਵਾਲੇ ਕਟੋਰੇ ਵਿੱਚ ਉਸ ਲਈ ਚਾਹ ਪਾਉਂਦਾ ਹੈ ਤਾਂ ਇਹ ਪਲ ਉਸ ਲਈ ਜੀਵਨ ਦੀ ਕੀਮਤੀ ਪੂੰਜੀ ਬਣ ਜਾਂਦੇ ਹਨ। ਜਦੋਂ ਹਵਾਲਦਾਰ ਉਸ ਨੂੰ ਖੇਡਣ ਲਈ ਨਵੀਂ ਹਾਕੀ ਦਿੰਦਾ ਹੈ ਤਾਂ ਇਹ ਗੱਲ ਉਸ ਨੂੰ ਆਪਣੇ ਜੀਵਨ ਦੀ ਸਭ ਤੋਂ ਵੱਡੀ ਪ੍ਰਾਪਤੀ ਲੱਗਦੀ ਹੈ ਤੇ ਉਹ ਦਿਨ ਭਰ ਸਹਿਣ ਕੀਤੇ ਅਪਮਾਨ ਨੂੰ ਭੁੱਲ ਕੇ ਖ਼ੁਸ਼ੀ ਨਾਲ ਝੂਮਣ ਲੱਗਦਾ ਹੈ। ਮਹਾਤਮਾ ਗਾਂਧੀ ਵੱਲੋਂ ਇਸ ਵਰਗ ਦੇ ਮਨੁੱਖੀ ਅਧਿਕਾਰਾਂ ਲਈ ਦਿੱਤੇ ਭਾਸ਼ਣ ਦੇ ਬੋਲ ਉਸ ਦੇ ਰੋਮ ਰੋਮ ‘ਚ ਵਸ ਜਾਂਦੇ ਹਨ। ਭਾਵੇਂ ਰਾਤ ਦੇ ਹਨੇਰੇ ਵਿੱਚ ਘਰ ਪਰਤਦਿਆਂ ਉਸ ਦੇ ਮਨ ਵਿੱਚ ਬਾਪੂ ਦੀਆਂ ਝਿੜਕਾਂ ਦਾ ਡਰ ਵੀ ਸਮੋਇਆ ਹੈ, ਪਰ ਇਸ ਸਮੇਂ ਆਸਮਾਨ ਵਿੱਚ ਚਮਕਦੇ ਤਾਰੇ ਉਸ ਅੰਦਰ ਪੈਦਾ ਹੋਈ ਨਵੀਂ ਉਮੀਦ ਦਾ ਸੰਕੇਤਕ ਪ੍ਰਗਟਾਵਾ ਵੀ ਕਰਦੇ ਹਨ।

ਇਹ ਨਾਵਲ ਸਮਾਜ ਨਾਲੋਂ ਅਲੱਗ ਸਮਝੇ ਜਾਂਦੇ ਰਹੇ ਲੋਕਾਂ ਦੀ ਮਾਨਸਿਕ ਅਵਸਥਾ ਦਾ ਬਹੁਤ ਬਾਰੀਕਬੀਨੀ ਨਾਲ ਅਧਿਐਨ ਕਰਦਾ ਹੈ। ਇਨ੍ਹਾਂ ਲੋਕਾਂ ਅੰਦਰ ਆਪਣੇ ਨਾਲ ਹੋਣ ਵਾਲੀਆਂ ਸਮਾਜਿਕ ਜ਼ਿਆਦਤੀਆਂ ਪ੍ਰਤੀ ਗੁੱਸਾ ਤਾਂ ਸੀ, ਪਰ ਇਸ ਨੂੰ ਅੰਦਰ ਹੀ ਅੰਦਰ ਪੀਣ ਤੋਂ ਇਲਾਵਾ ਕੋਈ ਹੋਰ ਬਦਲ ਨਾ ਹੋਣ ਕਾਰਨ ਉਹ ਆਪਣੇ ਅੰਦਰਲੀ ਭੜਾਸ ਆਪਣੇ ਪਰਿਵਾਰਕ ਮੈਂਬਰਾਂ ਜਾਂ ਆਪਣੇ ਆਪ ‘ਤੇ ਹੀ ਕੱਢਣ ਲਈ ਮਜਬੂਰ ਹੁੰਦੇ ਸਨ। ਬੱਖੇ ਦਾ ਬਾਪੂ ਲੱਖਾ ਮੰਦਰ ਦੇ ਪੁਜਾਰੀ ਵੱਲੋਂ ਆਪਣੀ ਧੀ ਦੀ ਇੱਜ਼ਤ ਨੂੰ ਹੱਥ ਪਾਏ ਜਾਣ ‘ਤੇ ਆਪ ਵੀ ਚੁੱਪ ਰਹਿੰਦਾ ਹੈ ਤੇ ਬੱਖੇ ਨੂੰ ਵੀ ਚੁੱਪ ਰਹਿਣ ਲਈ ਆਖਦਾ ਹੈ। ਅਜਿਹੇ ਸਮੇਂ ਆਪਣੇ ਅੰਦਰਲੇ ਗੁੱਸੇ ਦਾ ਪ੍ਰਗਟਾਵਾ ਕਰਨ ਲਈ ਉਸ ਕੋਲ ਸਿਰਫ਼ ਇਹੀ ਰਾਹ ਰਹਿ ਜਾਂਦਾ ਹੈ ਕਿ ਉਹ ਆਪਣੇ ਧੀਆਂ ਪੁੱਤਰਾਂ ਨੂੰ ਗਾਲ੍ਹਾਂ ਕੱਢ ਕੇ ਆਪਣਾ ਮਨ ਹੌਲਾ ਕਰ ਲਵੇ। ਬੱਖਾ ਥੱਪੜ ਮਾਰਨ ਵਾਲੇ ਬਾਬੂ ਤੋਂ ਸਰੀਰਕ ਰੂਪ ਵਿੱਚ ਕਈ ਗੁਣਾ ਤਕੜਾ ਹੈ, ਪਰ ਬਦਲਾ ਲੈਣ ਦੀ ਸਥਿਤੀ ਵਿੱਚ ਨਾ ਹੋਣ ਕਾਰਨ ਉਹ ਵੀ ਆਪਣੇ ਆਪ ਨਾਲ ਗੁੱਸੇ ਹੋਣ ਤੋਂ ਇਲਾਵਾ ਕੁਝ ਨਹੀਂ ਕਰ ਸਕਦਾ।

ਨਾਵਲ ਉਸ ਸਮੇਂ ਦੇ ਪ੍ਰਮੁੱਖ ਸਮਾਜਿਕ ਫ਼ਿਰਕਿਆਂ ਦੇ ਦਲਿਤਾਂ ਪ੍ਰਤੀ ਨਜ਼ਰੀਏ ‘ਤੇ ਝਾਤ ਪੁਆਉਂਦਾ ਹੈ ਤਾਂ ਕੋਈ ਵੀ ਫ਼ਿਰਕਾ ਪੂਰੇ ਮਨ ਨਾਲ ਉਨ੍ਹਾਂ ਪ੍ਰਤੀ ਸੁਹਿਰਦ ਵਿਖਾਈ ਨਹੀਂ ਦਿੰਦਾ। ਕਮੀਣ ਜਾਂ ਅਖੌਤੀ ਅਛੂਤ ਕਹੇ ਜਾਂਦੇ ਲੋਕ ਆਪ ਵੀ ਜਾਤੀਗਤ ਸੰਸਕਾਰਾਂ ਵਿੱਚ ਜਕੜੇ ਹੋਏ ਸਨ। ਉਸ ਵੇਲੇ ਮਨੁੱਖੀ ਮਾਨਸਿਕਤਾ ‘ਤੇ ਜਾਤੀਗਤ ਸੰਸਕਾਰਾਂ ਦੀ ਪਕੜ ਬਹੁਤ ਪੀਢੀ ਸੀ। ਫਿਰ ਵੀ ਨਾਵਲਕਾਰ ਇਸ ਆਸ਼ਾਵਾਦੀ ਨਜ਼ਰੀਏ ਨੂੰ ਉਭਾਰਨ ਵਿੱਚ ਸਫ਼ਲ ਹੋਇਆ ਹੈ ਕਿ ਆਉਣ ਵਾਲਾ ਨਵਾਂ ਮਸ਼ੀਨੀ ਯੁੱਗ ਅਛੂਤਾਂ ਨੂੰ ਆਜ਼ਾਦੀ ਦਾ ਅਹਿਸਾਸ ਕਰਾਉਣ ਵਿੱਚ ਜ਼ਰੂਰ ਸਹਾਈ ਹੋਵੇਗਾ। ਮੈਨੂੰ ਖ਼ੁਸ਼ੀ ਹੈ ਕਿ ਅੱਜ ਦੇ ਸਮੇਂ ਦਾ ਪਾਠਕ ਨਾਵਲਕਾਰ ਵੱਲੋਂ ਕੀਤੀ ਇਸ ਭਵਿੱਖਬਾਣੀ ਨੂੰ ਇੱਕ ਹੱਦ ਤੱਕ ਸਾਕਾਰ ਹੋਇਆ ਵੀ ਵੇਖ ਰਿਹਾ ਹੈ।

ਬਲਵੰਤ ਗਾਰਗੀ ਵੱਲੋਂ ਕੀਤਾ ਇਸ ਨਾਵਲ ਦਾ ਪੰਜਾਬੀ ਅਨੁਵਾਦ ਬਹੁਤ ਸਫ਼ਲ ਤੇ ਸੁਚੱਜਾ ਹੈ। ਚਾਹੇ ਇਸ ਨਾਵਲ ਦੇ ਪਾਤਰ ਪੰਜਾਬੀ ਮੂਲ ਦੇ ਨਹੀਂ ਹਨ, ਫਿਰ ਵੀ ਇਸ ਦਾ ਪਾਠ ਕਰਦਿਆਂ ਇਹ ਮਹਿਸੂਸ ਨਹੀਂ ਹੁੰਦਾ ਕਿ ਅਸੀਂ ਕਿਸੇ ਹੋਰ ਸੱਭਿਆਚਾਰ ਨਾਲ ਜੁੜੇ ਪਾਤਰਾਂ ਦੀ ਕਹਾਣੀ ਪੜ੍ਹ ਰਹੇ ਹਾਂ। ਗਾਰਗੀ ਨੇ ਨਾਵਲ ਦੀ ਭਾਸ਼ਾ ਤੇ ਦ੍ਰਿਸ਼ ਚਿਤਰਣ ਦਾ ਪੰਜਾਬੀਕਰਨ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਨਾਵਲ ਵਿਚਲਾ ਕਹਾਣੀ ਰਸ ਇਸ ਦੀ ਪੜ੍ਹਣ ਯੋਗਤਾ ਨੂੰ ਵਧਾਉਂਦਾ ਹੈ।

ਸੰਪਰਕ: 89682-82700

Advertisement
Advertisement
Advertisement
×