ਘਰ ’ਚੋਂ ਸ਼ਰਾਬ ਦੀ ਚਾਲੂ ਭੱਠੀ ਅਤੇ ਲਾਹਣ ਬਰਾਮਦ
ਪੱਤਰ ਪੇ੍ਰਕ
ਸਮਾਣਾ, 20 ਅਗਸਤ
ਮਵੀ ਪੁਲੀਸ ਨੇ ਪਿੰਡ ਮਰੋੜੀ ਦੇ ਇਕ ਘਰ ਵਿਚ ਛਾਪਾ ਮਾਰ ਕੇ ਸ਼ਰਾਬ ਦੀ ਚਾਲੂ ਭੱਠੀ ਨਾਜ਼ਾਇਜ ਸ਼ਰਾਬ ਅਤੇ ਲਾਹਣ ਸਣੇ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ ਜਿਸ ਦੀ ਪਹਿਚਾਣ ਹਰਪਾਲ ਸਿੰਘ ਪੁੱਤਰ ਪ੍ਰੀਤਮ ਸਿੰਘ ਨਿਵਾਸੀ ਪਿੰਡ ਮਰੋੜੀ ਵਜੋਂ ਹੋਈ ਹੈ। ਮਵੀ ਪੁਲੀਸ ਚੌਂਕੀ ਦੇ ਇੰਚਾਰਜ ਸਬ-ਇੰਸਪੈਕਟਰ ਸਵਰਨ ਸਿੰਘ ਨੇ ਦੱਸਿਆ ਕਿ ਏ.ਐਸ.ਆਈ. ਬਲਬੀਰ ਸਿੰਘ ਵੱਲੋਂ ਪੁਲੀਸ ਪਾਰਟੀ ਸਣੇ ਗਸ਼ਤ ਦੌਰਾਨ ਕਥਿਤ ਦੋਸ਼ੀ ਵੱਲੋਂ ਸ਼ਰਾਬ ਤਿਆਰ ਕਰਕੇ ਵੇਚਣ ਸੰਬਧੀ ਮਿਲੀ ਸੂਚਨਾ ਦੇ ਆਧਾਰ ’ਤੇ ਪਿੰਡ ਮਰੋੜੀ ਸਥਿਤ ਉਸ ਦੇ ਘਰ ਵਿਚ ਛਾਪਾ ਮਾਰਿਆ ਗਿਆ ਤਾਂ ਉਥੇ ਸ਼ਰਾਬ ਦੀ ਚਾਲੂ ਭੱਠੀ, ਬਣਾਈਆਂ ਗਈਆਂ ਨਾਜ਼ਾਇਜ ਸ਼ਰਾਬ ਦੀਆਂ ਦੋ ਬੋਤਲਾਂ ਅਤੇ ਸ਼ਰਾਬ ਬਣਾਉਣ ਲਈ ਰੱਖੀ 50 ਲਿਟਰ ਲਾਹਣ ਬਰਾਮਦ ਹੋਈ।
ਹਮਲਾ ਕਰਨ ਦੇ ਦੋਸ਼ ਹੇਠ ਛੇ ਜਣਿਆਂ ਖ਼ਿਲਾਫ਼ ਕੇਸ
ਰਾਜਪੁਰਾ (ਪੱਤਰ ਪੇ੍ਰਕ): ਥਾਣਾ ਸ਼ੰਭੂ ਦੀ ਪੁਲੀਸ ਨੇ ਕਾਰ ਅਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਇੱਕ ਵਿਅਕਤੀ ’ਤੇ ਕਾਤਲਾਨਾ ਹਮਲਾ ਕਰਨ ਅਤੇ ਧਮਕਾਉਣ ਦੇ ਦੋਸ਼ ਹੇਠ ਅੱਧਾ ਦਰਜਨ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਥਾਣਾ ਸ਼ੰਭੂ ਦੀ ਪੁਲੀਸ ਨੇ ਦੱਸਿਆ ਕਿ ਕ੍ਰਿਸ਼ਨ ਕੁਮਾਰ ਵਾਸੀ ਪਿੰਡ ਬਠੌਣੀਆ ਖੁਰਦ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਆਪਣੀ ਕਾਰ ਵਿੱਚ ਰਾਜਪੁਰਾ-ਅੰਬਾਲਾ ਜੀਟੀ ਰੋਡ ਨੇੜਲੀ ਸਰਵਿਸ ਰੋਡ ’ਤੇ ਜਾ ਰਿਹਾ ਸੀ ਕਿ ਦੋ ਮੋਟਰਸਾਈਕਲਾਂ ’ਤੇ ਸਵਾਰ ਕੁਝ ਅਣਪਛਾਤੇ ਵਿਅਕਤੀਆਂ ਨੇ ਉਸ ਦੀ ਕਾਰ ਅੱਗੇ ਆਪਣੇ ਮੋਟਰਸਾਈਕਲ ਲਗਾ ਕੇ ਕਾਰ ਰੋਕ ਲਈ ਤੇ ਉਸ ਦੀ ਕੁੱਟਮਾਰ ਕੀਤੀ ਗਈ।