ਮਹਿਫ਼ਿਲ-ਏ-ਅਦੀਬ ਦੀ ਇਕੱਤਰਤਾ ਮੌਕੇ ਚੱਲਿਆ ਰਚਨਾਵਾਂ ਦਾ ਦੌਰ
ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 12 ਅਕਤੂਬਰ
ਮਹਿਫ਼ਿਲ-ਏ-ਅਦੀਬ ਸੰਸਥਾ ਜਗਰਾਉਂ ਦੀ ਮਹੀਨਾਵਾਰ ਇੱਕਤਰਤਾ ਅੱਜ ਦਸਹਿਰੇ ਮੌਕੇ ਸੰਸਥਾ ਦੇ ਪ੍ਰਧਾਨ ਕੈਪਟਨ ਪੂਰਨ ਸਿੰਘ ਗਗੜਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਸ੍ਰੀ ਗਗੜਾ ਨੇ ਹਾਜ਼ਰ ਅਦੀਬਾਂ ਨੂੰ ਦਸਹਿਰੇ ਦੀਆਂ ਵਧਾਈਆਂ ਦਿੱਤੀਆਂ ਅਤੇ ਆਪਣੀ ਰਚਨਾ ‘ਧੀਮਾ ਵੱਜਣਾ ਸ਼ੁਰੂ ਹੋ ਗਿਆ ਹੁਣ ਜ਼ਿੰਦਗੀ ਦਾ ਸਾਜ਼’ ਸੁਣਾ ਕੇ ਹਾਜ਼ਰੀ ਲਵਾਈ। ਇਸ ਮਗਰੋਂ ਜਗਦੀਸ਼ਪਾਲ ਮਹਿਤਾ ਨੇ ‘ਝੋਨੇ ਦੀ ਪਰਾਲੀ ਫੂਕ ਕੇ ਅਸੀਂ ਧਰਤੀ ਨੂੰ ਬੰਜਰ ਬਣਾਇਆ’ ਰਚਨਾ ਰਾਹੀਂ ਵਾਤਾਵਰਨ ਪ੍ਰਤੀ ਫ਼ਿਕਰਮੰਦੀ ਜ਼ਾਹਰ ਕੀਤੀ। ਜਸਵਿੰਦਰ ਛਿੰਦਾ ਨੇ ‘ਕਿਸਮਤ ਚਮਕੂ ਕੀਹਦੀ ਤੇ ਕੌਣ ਤਰਸੂ’ ‘ਲੋਕ ਸੱਥਾਂ ’ਚ ਕਿਆਸੇ ਲਾਉਣ ਲੱਗੇ’ ਕਵਿਤਾ ਰਾਹੀਂ ਪੰਚਾਇਤੀ ਚੋਣਾਂ ਦਾ ਹਾਲ ਬਿਆਨ ਕੀਤਾ, ਅਵਤਾਰ ਸਿੰਘ ਭੁੱਲਰ ਨੇ ਕਵਿਤਾ ‘ਅਨਮੋਲ ਜ਼ਿੰਦਗੀ’ ਬੋਲ ਕੇ ਹਾਜ਼ਰੀ ਭਰੀ, ਬਲਦੇਵ ਸਿੰਘ ਨੇ ‘ਬੰਦਾ ਬੰਦੇ ਦੀ ਦਾਰੂ’ ਵਿਸ਼ੇ ’ਤੇ ਵਿਚਾਰਾਂ ਦੀ ਸਾਂਝ ਪਾਈ, ਕਾਂਤਾ ਦੇਵੀ ਨੇ ਕਹਾਣੀ ਪੇਸ਼ ਕੀਤੀ ਅਤੇ ਚਰਨਜੀਤ ਕੌਰ ਗਰੇਵਾਲ ਨੇ ਆਪਣੀ ਇਨਾਮ ਜੇਤੂ ਮਿੰਨੀ ਕਹਾਣੀ ‘ਫਰਜ਼’ ਸੁਣਾ ਕੇ ਹਾਜ਼ਰੀ ਲਵਾਈ। ਪ੍ਰਧਾਨ ਕੈਪਟਨ ਪੂਰਨ ਸਿੰਘ ਗਗੜਾ ਨੇ ਭਰਵੀਂ ਹਾਜ਼ਰੀ ਲਈ ਅਦੀਬਾਂ ਦਾ ਧੰਨਵਾਦ ਕੀਤਾ।