ਥਰਮਲ ਗੇਟ ਤੋਂ ਨਹਿਰ ਦੇ ਪੁਲ ਤੱਕ ਸੜਕ ਬਣਾਈ
ਪੱਤਰ ਪ੍ਰੇਰਕ
ਘਨੌਲੀ, 5 ਅਕਤੂਬਰ
ਥਰਮਲ ਪਲਾਂਟ ਰੂਪਨਗਰ ਤੋਂ ਸੁਆਹ ਢੋਣ ਵਾਲੀਆਂ ਕੰਪਨੀਆਂ ਵਿੱਚੋਂ ਇੱਕ ਕੰਪਨੀ ਟੀ ਮੈਪ ਐੱਲਐੱਲਪੀ ਨੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੇ ਮੇਨ ਗੇਟ ਤੋਂ ਭਾਖੜਾ ਨਹਿਰ ਦੇ ਪੁਲ ਤੱਕ ਸੜਕ ਦੀ ਉਸਾਰੀ ਕਰਵਾਈ ਹੈ। ਕੰਪਨੀ ਦੇ ਪ੍ਰਤੀਨਿਧੀ ਅਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਸਮੇਤ ਕੁੱਝ ਹੋਰ ਕੰਪਨੀਆਂ ਵੱਲੋਂ ਕੌਮੀ ਮਾਰਗਾਂ ਲਈ ਥਰਮਲ ਪਲਾਂਟ ਰੂਪਨਗਰ ਦੀਆਂ ਝੀਲਾਂ ਤੋਂ ਆਪਣੇ ਵਾਹਨਾਂ ਰਾਹੀਂ ਸੁਆਹ ਲਿਜਾਈ ਜਾ ਰਹੀ ਹੈ ਤੇ ਅੰਬੂਜਾ ਮਾਰਗ ’ਤੇ ਧਰਨਾ ਲੱਗਿਆ ਹੋਣ ਕਾਰਨ ਕੰਪਨੀਆਂ ਨੂੰ ਮਜਬੂਰੀਵੱਸ ਆਪਣੇ ਟਿੱਪਰ ਥਰਮਲ ਪਲਾਂਟ ਦੇ ਅੰਦਰੋਂ ਹੋ ਕੇ ਭਾਖੜਾ ਨਹਿਰ ਦੇ ਪਟੜੀ ਰਾਹੀਂ ਲੰਘਾਉਣੇ ਪੈ ਰਹੇ ਹਨ। ਉਨ੍ਹਾਂ ਦੱਸਿਆ ਕਿ ਬਰਸਾਤਾਂ ਦੇ ਮੌਸਮ ਦੌਰਾਨ ਚਿੱਕੜ ਹੋਣ ਕਾਰਨ ਵਿਦਿਆਰਥੀਆਂ ਤੇ ਲੋਕਾਂ ਨੂੰ ਰਸਤਾ ਬਦਲ ਕੇ ਰੇਲਵੇ ਲਾਈਨ ਤੋਂ ਲੰਘਣਾ ਪੈਂਦਾ ਸੀ। ਉਨ੍ਹਾਂ ਦੱਸਿਆ ਕਿ ਨਹਿਰ ਦੇ ਪੁਲ ਤੋਂ ਅਹਿਮਦਪੁਰ ਦੇ ਪੁਲ ਤੱਕ ਭਾਖੜਾ ਨਹਿਰ ਦੀ ਪੱਟੜੀ ’ਤੇ ਪੈੱਚ ਵਰਕ ਚੱਲ ਰਿਹਾ ਹੈ। ਉਨ੍ਹਾਂ ਲੋਕਾਂ ਦੇ ਸਹਿਯੋਗ ਦੀ ਮੰਗ ਕਰਦਿਆਂ ਵਾਅਦਾ ਕੀਤਾ ਕਿ ਘਨੌਲੀ ਪੁਲ ਤੋਂ ਅਹਿਮਦਪੁਰ ਦੇ ਪੁਲ ਤੱਕ ਸੜਕ ਬਣਾਈ ਜਾਵੇਗੀ।