ਖੇਡ ਅਧਿਕਾਰੀ ਵੱਲੋਂ ਅਖਾੜੇ ਦੀਆਂ ਤਿਆਰੀਆਂ ਦਾ ਜਾਇਜ਼ਾ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 9 ਦਸੰਬਰ
ਜ਼ਿਲ੍ਹਾ ਖੇਡ ਅਧਿਕਾਰੀ ਮਨੋਜ ਕੁਮਾਰ ਦੇਰ ਸ਼ਾਮ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਸਪੋਰਟਸ ਕੰਪਲੈਕਸ ਵਿਚ ਅਖਾੜੇ ਦੀਆਂ ਚਲ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਪਹੁੰਚੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਕੌਮਾਂਤਰੀ ਗੀਤਾ ਮਹਾ ਉਤਸਵ ਵਿੱਚ ਦੰਗਲ ਦੇ ਮੰਚ ਉਤੇ ਸੂਬੇ ਦੇ ਉੱਘੇ ਪਹਿਲਵਾਨ ਆਪਣਾ ਜ਼ੋਰ ਦਿਖਾਉਣਗੇ। ਇਹ ਦੰਗਲ 12 ਦਸੰਬਰ ਨੂੰ ਯੂਨੀਵਰਸਿਟੀ ਦੇ ਮੈਦਾਨ ਵਿੱਚ ਹੋਵੇਗਾ। ਇਸ ਅਖਾੜੇ ਵਿੱਚ 32 ਪਹਿਲਵਾਨ ਕੁਸ਼ਤੀ ਲੜਨਗੇ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਜੇਤੂ ਪਹਿਲਵਾਨਾਂ ਨੂੰ ਸਨਮਾਨਿਤ ਕਰਨਗੇ। ਡੀਐੱਸਓ ਮਨੋਜ ਕੁਮਾਰ ਨੇ ਦੱਸਿਆ ਕਿ ਖੇਡ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਤੇ ਕੁਰੂਕਸ਼ੇਤਰ ਵਿਕਾਸ ਬੋਰਡ ਦੇ ਸਹਿਯੋਗ ਨਾਲ 12 ਦਸੰਬਰ ਨੂੰ ਸਵੇਰੇ 10 ਵਜੇ ਅਖਾੜੇ ਦਾ ਆਯੋਜਨ ਹੋਵੇਗਾ। ਇਸ ਦੰਗਲ ਵਿਚ ਅੰਬਾਲਾ ਜ਼ੋਨ, ਹਿਸਾਰ, ਗੁਰੂਗ੍ਰਾਮ ਤੇ ਰੋਹਤਕ ਜ਼ੋਨ ਤੋਂ ਦੋ-ਦੋ ਜੇਤੂ ਪਹਿਲਵਾਨ ਇਸ ਕੌਮਾਂਤਰੀ ਗੀਤਾ ਮਹਾਉਤਸਵ ਦੇ ਦੰਗਲ ਵਿੱਚ ਪਹੁੰਚਣਗੇ।
ਇਸ ਲਈ ਚਾਰ ਟੀਮਾਂ ਦਾ ਗਠਨ ਕੀਤਾ ਗਿਆ ਹੈ ਤੇ ਕਰੀਬ 32 ਪਹਿਲਵਾਨ ਦੰਗਲ ਵਿਚ ਆਪਣੀ ਪ੍ਰਤਿਭਾ ਦੇ ਜੌਹਰ ਦਿਖਾਉਣਗੇ ਤੇ ਮੁੱਖ ਮੰਤਰੀ ਨਾਇਬ ਸਿੰਘ ਬਾਅਦ ਦੁਪਿਹਰ 3 ਵਜੇ ਜੇਤੂ ਪਹਿਲਵਾਨਾਂ ਨੂੰ ਨਕਦ ਰਾਸ਼ੀ ਦੇ ਰੂਪ ਵਿਚ ਇਨਾਮ ਦੇ ਕੇ ਸਨਮਾਨਿਤ ਕਰਨਗੇ। ਇਸ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਇਸ ਸਬੰਧੀ ਅਧਿਕਾਰੀਆਂ ਨੂੰ ਹਦਾਇਤਾਂ ਵੀ ਜਾਰੀ ਕੀਤੀਆਂ।