ਆਤਿਸ਼ੀ ਵੱਲੋਂ ਛੱਠ ਪੂਜਾ ਲਈ ਤਿਆਰੀਆਂ ਦਾ ਜਾਇਜ਼ਾ
ਨਵੀਂ ਦਿੱਲੀ, 17 ਨਵੰਬਰ
ਦਿੱਲੀ ਦੀ ਮਾਲ ਮੰਤਰੀ ਆਤਿਸ਼ੀ ਨੇ ਅੱਜ ਆਈਟੀਓ ਅਤੇ ਪੱਛਮੀ ਵਿਨੋਦ ਨਗਰ ਵਿੱਚ ਛੱਠ ਘਾਟ ਦਾ ਦੌਰਾ ਕੀਤਾ ਅਤੇ ਤਿਉਹਾਰ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਆਪਣੀਆਂ ਤਿਆਰੀਆਂ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗੀ। ਉਨ੍ਹਾਂ ਕਿਹਾ ਕਿ ‘ਪੂਰਵਾਂਚਲ’ ਦੇ ਵੱਡੀ ਗਿਣਤੀ ਲੋਕ ਦਿੱਲੀ ਵਿੱਚ ਰਹਿੰਦੇ ਹਨ ਜੋ ਦਿੱਲੀ ਦੇ ਵਿਕਾਸ ਵਿੱਚ ਸਮਾਜਿਕ, ਆਰਥਿਕ ਅਤੇ ਸੱਭਿਆਚਾਰਕ ਤੌਰ ’ਤੇ ਅਹਿਮ ਯੋਗਦਾਨ ਪਾਉਂਦੇ ਹਨ। ਆਤਿਸ਼ੀ ਨੇ ਕਿਹਾ, “ਛੱਠ ਉਨ੍ਹਾਂ ਸਾਰਿਆਂ ਲਈ ਇੱਕ ਮਹੱਤਵਪੂਰਨ ਤਿਉਹਾਰ ਹੈ। ਇਸ ਸਬੰਧੀ ਪਿਛਲੇ ਅੱਠ ਸਾਲਾਂ ਤੋਂ ਅਰਵਿੰਦ ਕੇਜਰੀਵਾਲ ਸਰਕਾਰ ਵੱਲੋਂ ਦਿੱਲੀ ਭਰ ਵਿੱਚ ਛੱਠ ਮਹਾਂਪਰਵ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।’’ ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਛੱਠ ਦੀਆਂ ਤਿਆਰੀਆਂ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੇਜਰੀਵਾਲ ਦੇ ਨਿਰਦੇਸ਼ਾਂ ’ਤੇ ਸਾਰੇ ਵਿਧਾਇਕ ਅਤੇ ਵਿਭਾਗ ਦੇ ਲੋਕ ‘ਗ੍ਰਾਊਂਡ ਜ਼ੀਰੋ’ ’ਤੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸ਼ਰਧਾਲੂਆਂ ਲਈ 1000 ਤੋਂ ਵੱਧ ਘਾਟ ਬਣਾਏ ਹਨ ਤਾਂ ਜੋ ਲੋਕ ਆਪਣੇ ਘਰਾਂ ਦੇ ਨੇੜੇ ਇਸ ਤਿਉਹਾਰ ਨੂੰ ਮਨਾ ਸਕਣ।
ਮੰਤਰੀ ਨੇ ਕਿਹਾ, ‘‘ਦਿੱਲੀ ਸਰਕਾਰ ਇਨ੍ਹਾਂ ਘਾਟਾਂ ’ਤੇ ਤਾਲਾਬ ਬਣਾਉਣ ਤੋਂ ਲੈ ਕੇ ਟੈਂਟ, ਲਾਈਟਾਂ, ਸਫਾਈ, ਸੁਰੱਖਿਆ ਆਦਿ ਦੇ ਸਾਰੇ ਪ੍ਰਬੰਧ ਕਰ ਰਹੀ ਹੈ। ਇਸ ਤੋਂ ਇਲਾਵਾ ਮੈਥਿਲੀ-ਭੋਜਪੁਰੀ ਅਕੈਡਮੀ ਵੱਲੋਂ ਕਈ ਘਾਟਾਂ ’ਤੇ ਸੱਭਿਆਚਾਰਕ ਪ੍ਰੋਗਰਾਮ ਕੀਤੇ ਜਾਣਗੇ।’’ -ਪੀਟੀਆਈ
ਭਲਕੇ ਸ਼ਰਾਬ ਦੇ ਠੇਕੇ ਰਹਿਣਗੇ ਬੰਦ
ਨਵੀਂ ਦਿੱਲੀ: ਦਿੱਲੀ ਸਰਕਾਰ ਨੇ ਛੱੱਠ ਦੇ ਮੱਦੇਨਜ਼ਰ ਐਤਵਾਰ ਨੂੰ ‘ਡਰਾਈ ਡੇਅ’ ਐਲਾਨਿਆਂ ਹੈ। ਇਸ ਤਹਿਤ ਸਰਕਾਰ ਨੇ ਸ਼ਹਿਰ ਵਿੱਚ ਸ਼ਰਾਬ ਦੀਆਂ ਦੁਕਾਨਾਂ ਬੰਦ ਰੱਖਣ ਦੇ ਹੁਕਮ ਦਿੱਤੇ ਹਨ। ਆਬਕਾਰੀ ਵਿਭਾਗ ਵੱਲੋਂ ਜਾਰੀ ਹੁਕਮਾਂ ’ਚ ਕਿਹਾ ਗਿਆ ਹੈ ਕਿ ਛੱਠ ਪੂਜਾ ਮੌਕੇ ਐਤਵਾਰ ਨੂੰ ਡਰਾਈ ਡੇਅ ਐਲਾਨਿਆ ਗਿਆ ਹੈ। ਅਜਿਹੇ ’ਚ ਸ਼ਰਾਬ ਦੇ ਸਾਰੇ ਠੇਕੇ ਬੰਦ ਰਹਿਣਗੇ। ਛੱਠ ਦਿੱਲੀ ਵਿੱਚ ਵਸੇ ਪੂਰਬੀ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਮੂਲ ਨਿਵਾਸੀਆਂ ਵੱਲੋਂ ਸੂਰਜ ਦੀ ਪੂਜਾ ਲਈ ਮਨਾਇਆ ਜਾਣ ਵਾਲਾ ਪ੍ਰਮੁੱਖ ਤਿਉਹਾਰ ਹੈ। -ਪੀਟੀਆਈ