ਖੂਨ ਨਾਲ ਲਥਪੱਥ ਸੇਵਾਮੁਕਤ ਰੇਲਵੇ ਕਰਮਚਾਰੀ ਦੀ ਲਾਸ਼ ਮਿਲੀ
ਪੱਤਰ ਪ੍ਰੇਰਕ
ਯਮੁਨਾਨਗਰ, 28 ਅਗਸਤ
ਇੱਥੋਂ ਦੀ ਸ਼ਿਵਪੁਰੀ-ਏ ਕਲੋਨੀ ਦੇ ਰਹਿਣ ਵਾਲੇ ਬਲਦੇਵ ਰਾਜ ਗੁਪਤਾ (60) ਦੀ ਲਾਸ਼ ਅੱਜ ਸਵੇਰੇ ਉਸ ਦੇ ਕਮਰੇ ਵਿੱਚ ਖੂਨ ਨਾਲ ਲੱਥਪੱਥ ਮਿਲੀ। ਮ੍ਰਿਤਕ ਰੇਲਵੇ ਤੋਂ ਸੇਵਾਮੁਕਤ ਹੋਇਆ ਸੀ ਅਤੇ ਦਸ ਸਾਲ ਪਹਿਲਾਂ ਅਧਰੰਗ ਦਾ ਸ਼ਿਕਾਰ ਹੋ ਗਿਆ ਸੀ।
ਮ੍ਰਿਤਕ ਦੇ ਪੁੱਤਰ ਨੇ ਜਾਇਦਾਦ ਨੂੰ ਲੈ ਕੇ ਅਣਪਛਾਤੇ ਵਿਅਕਤੀ ’ਤੇ ਉਸ ਦਾ ਕਤਲ ਕਰਨ ਦਾ ਦੋਸ਼ ਲਗਾਇਆ ਹੈ। ਉਸ ਮੁਤਾਬਕ ਮ੍ਰਿਤਕ ਦੀ ਜਾਇਦਾਦ ਦਾ ਕੇਸ ਅਦਾਲਤ ਵਿੱਚ ਵਿਚਾਰ ਅਧੀਨ ਹੈ। ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਅਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕਤਲ ਦੇ ਦੋਸ਼ ਹੇਠ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲੀਸ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਿਵਪੁਰੀ-ਏ ਦੇ ਰਹਿਣ ਵਾਲੇ ਪੰਕਜ ਗੁਪਤਾ ਨੇ ਦੱਸਿਆ ਕਿ ਉਹ ਦੋ ਭਰਾ ਅਤੇ ਇੱਕ ਭੈਣ ਹੈ।
ਉਸ ਦੇ ਪਿਤਾ ਦੀ ਸਵੇਰੇ ਮੰਜੇ ’ਤੇ ਖੂਨ ਨਾਲ ਲੱਥਪੱਥ ਲਾਸ਼ ਮਿਲੀ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਫੌਰੈਂਸਿੰਗ ਟੀਮ ਨੂੰ ਬੁਲਾ ਕੇ ਲੋੜੀਂਦੇ ਸਬੂਤ ਇਕੱਠੇ ਕੀਤੇ। ਪੰਕਜ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਦੀ ਜਾਇਦਾਦ ਨਾਲ ਸਬੰਧਤ ਕਈ ਕੇਸ ਅਦਾਲਤ ਵਿੱਚ ਚੱਲ ਰਹੇ ਹਨ। ਉਸ ਨੇ ਦੋਸ਼ ਲਾਇਆ ਕਿ ਇਸੇ ਰੰਜਿਸ਼ ਕਾਰਨ ਕਿਸੇ ਨੇ ਉਸ ਦੇ ਪਿਤਾ ਦਾ ਕਤਲ ਕਰ ਦਿੱਤਾ। ਗਾਂਧੀ ਨਗਰ ਥਾਣਾ ਇੰਚਾਰਜ ਮਹਿਰੂਫ ਅਲੀ ਨੇ ਦੱਸਿਆ ਕਿ ਮ੍ਰਿਤਕ ਦੇ ਪੁੱਤਰ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕਤਲ ਦੇ ਦੋਸ਼ ਵਿੱਚ ਕੇਸ ਦਰਜ ਕਰ ਲਿਆ ਹੈ, ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।