For the best experience, open
https://m.punjabitribuneonline.com
on your mobile browser.
Advertisement

ਕਿਸੇ ਲਈ ਰਾਹਤ ਤੇ ਕਿਸੇ ਲਈ ਆਫ਼ਤ ਬਣ ਕੇ ਵਰ੍ਹਿਆ ਮੀਂਹ

07:21 AM Mar 31, 2024 IST
ਕਿਸੇ ਲਈ ਰਾਹਤ ਤੇ ਕਿਸੇ ਲਈ ਆਫ਼ਤ ਬਣ ਕੇ ਵਰ੍ਹਿਆ ਮੀਂਹ
ਚੰਡੀਗੜ੍ਹ ਵਿੱਚ ਸ਼ਨਿੱਚਰਵਾਰ ਸਵੇਰੇ ਪਏ ਮੀਂਹ ਦੌਰਾਨ ਸੜਕ ਤੋਂ ਲੰਘਦੇ ਹੋਏ ਰਾਹਗੀਰ। (ਸੱਜੇ) ਰੂਪਨਗਰ ਨੇੜੇ ਖੇਤਾਂ ਵਿੱਚ ਵਿਛੀ ਕਣਕ ਦੀ ਫ਼ਸਲ। -ਫੋਟੋਆਂ: ਰਵੀ ਕੁਮਾਰ/ਜਗਮੋਹਨ
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 30 ਮਾਰਚ
ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਲੰਘੀ ਰਾਤ ਪਏ ਮੀਂਹ ਨੇ ਮੌਸਮ ਖੁਸ਼ਗਵਾਰ ਕਰ ਦਿੱਤਾ ਹੈ। ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਵਾ ਦਿੱਤੀ ਹੈ ਪਰ ਦੂੁਜੇ ਪਾਸੇ ਚੰਡੀਗੜ੍ਹ ਨੇੜਲੇ ਇਲਾਕਿਆਂ ਦੇ ਕਿਸਾਨਾਂ ਦੇ ਸਾਹ ਸੂਤੇ ਗਏ ਹਨ। ਉਨ੍ਹਾਂ ਨੂੰ ਖੇਤਾਂ ਵਿੱਚ ਪੱਕਣ ਕਿਨਾਰੇ ਖੜ੍ਹੀ ਫ਼ਸਲ ਦੇ ਨੁਕਸਾਨ ਦਾ ਖਦਸ਼ਾ ਸਤਾਉਣ ਲੱਗਿਆ ਹੈ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ ਲੰਘੀ ਰਾਤ 12.4 ਐੱਮਐੱਮ ਮੀਂਹ ਪਿਆ ਹੈ। ਇਸ ਦੇ ਨਾਲ ਹੀ ਸ਼ਹਿਰ ਵਿੱਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ ਹਨ। ਅੱਜ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 32.8 ਡਿਗਰੀ ਸੈਲਸੀਅਸ ਦਰਜ ਕੀਤਾ ਹੈ, ਜਦੋਂ ਕਿ ਘੱਟ ਤੋਂ ਘੱਟ ਤਾਪਮਾਨ 17.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲੰਘੀ ਰਾਤ ਤੇਜ਼ ਹਵਾਵਾਂ ਚੱਲਣ ਤੋਂ ਬਾਅਦ ਪਏ ਮੀਂਹ ਨੇ ਸ਼ਹਿਰ ਦੀਆਂ ਸੜਕਾਂ ਨੂੰ ਪਾਣੀ-ਪਾਣੀ ਕਰ ਦਿੱਤਾ ਸੀ। ਦੂਜੇ ਪਾਸੇ ਚੱਲ ਰਹੀਆਂ ਤੇਜ਼ ਹਵਾਵਾਂ ਨੇ ਵਾਤਾਵਰਨ ਸਾਫ ਕਰ ਦਿੱਤਾ ਹੈ। ਅੱਜ ਸ਼ਹਿਰ ਦੇ ਸੈਕਟਰ-53 ਵਿਖੇ ਏਕਿਊਆਈ ਲੇਵਲ 102, ਸੈਕਟਰ-22 ਵਿੱਚ 96 ਅਤੇ ਸੈਕਟਰ-25 ਵਿੱਚ 137 ਦਰਜ ਕੀਤਾ ਹੈ। ਜਦੋਂ ਕਿ ਕੁਝ ਦਿਨ ਪਹਿਲਾਂ ਤੱਕ ਹਵਾ ਪ੍ਰਦੂਸ਼ਣ ਵੀ ਬਹੁਤ ਵੱਧ ਸੀ। ਸੀਸੀਪੀਸੀਆਰ ਤੋਂ ਮਿਲੀ ਜਾਣਕਾਰੀ ਅਨੁਸਾਰ ਸੈਕਟਰ-53 ਦਾ ਏਕਿਊਆਈ ਲੇਵਲ 200, ਸੈਕਟਰ-22 ਵਿੱਚ 150 ਅਤੇ ਸੈਕਟਰ-25 ਵਿੱਚ 200 ਤੋਂ ਵੱਧ ਏਕਿਊਆਈ ਲੇਵਲ ਪਹੁੰਚ ਗਿਆ ਸੀ। ਅੱਜ ਸਾਰਾ ਦਿਨ ਸ਼ਹਿਰ ਵਿੱਚ ਬੱਦਲਵਾਈ ਰਹੀ, ਜਿਸ ਕਰਕੇ ਲੋਕਾਂ ਨੇ ਮੌਸਮ ਦਾ ਆਨੰਦ ਮਾਣਿਆ। ਇਸ ਮੌਕੇ ਸ਼ਹਿਰ ਦੀ ਸੁਖਨਾ ਝੀਲ, ਰੌਕ ਗਾਰਡਨ, ਰੋਜ਼ ਗਾਰਡਨ ਤੇ ਹੋਰਨਾਂ ਘੁੰਮਣ ਵਾਲੀਆਂ ਥਾਵਾਂ ’ਤੇ ਸਾਰਾ ਦਿਨ ਲੋਕਾਂ ਦੀ ਭੀੜ ਲੱਗੀ ਰਹੀ ਹੈ। ਮੌਸਮ ਵਿਗਿਆਨੀਆਂ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਮੌਸਮ ਸਾਫ ਰਹੇਗਾ।
ਚਮਕੌਰ ਸਾਹਿਬ (ਸੰਜੀਵ ਬੱਬੀ): ਇਲਾਕੇ ਵਿੱਚ ਬੀਤੀ ਰਾਤ ਤੋਂ ਚੱਲ ਰਹੇ ਤੇਜ਼ ਝੱਖੜ ਅਤੇ ਮੀਂਹ ਦੇ ਅੱਜ ਤੜਕੇ ਪਏ ਗੜਿਆਂ ਨੇ ਪੱਕਣ ਲਈ ਤਿਆਰ ਖੜ੍ਹੀ ਕਣਕ ਦੀ ਫ਼ਸਲ ਨੂੰ ਖੇਤਾਂ ਵਿੱਚ ਵਿਛਾ ਦਿੱਤਾ। ਕਿਸਾਨਾਂ ਨੇ ਚਾਲੀ ਤੋਂ ਪੰਜਾਹ ਫੀਸਦ ਨੁਕਸਾਨ ਦਾ ਖਦਸ਼ਾ ਜਤਾਇਆ ਹੈ। ਇਲਾਕੇ ਦੇ ਕਿਸਾਨਾਂ ਨੇ ਦੱਸਿਆ ਕਿ ਕਣਕ ਦੀ ਫਸਲ ਦੀ ਬਿਜਾਈ ਸਮੇਂ ਵੀ ਪਏ ਭਾਰੀ ਮੀਂਹ ਕਾਰਨ ਕਣਕ ਦੀ ਬਿਜਾਈ ਪੱਛੜੀ, ਜਿਸ ਕਾਰਨ ਕਈ ਕਿਸਾਨਾਂ ਨੂੰ ਦੁਬਾਰਾ ਕਣਕ ਦੀ ਬਿਜਾਈ ਕਰਨੀ ਪਈ ਅਤੇ ਜੰਮੀਆਂ ਕਣਕਾਂ ਨੂੰ ਯੂਰੀਆ ਖਾਦ ਦੀਆਂ ਵਾਧੂ ਖੁਰਾਕਾ ਦੇਣੀਆਂ ਪਈਆਂ ਪਰ ਹੁਣ ਫੇਰ ਪੱਕਣ ਤੇ ਆਈ ਕਣਕ ਦੀ ਫਸਲ ਨੂੰ ਝੱਖੜ, ਮੀਂਹ ਅਤੇ ਪਏ ਗੜਿਆਂ ਨਾਲ ਪੰਜਾਹ ਫੀਸਦੀ ਨੁਕਸਾਨ ਹੋਣ ਦਾ ਖਦਸ਼ਾ ਹੈ। ਕਿਸਾਨ ਆਗੂ ਬਾਈ ਪਰਮਿੰਦਰ ਸਿੰਘ ਸੇਖੋਂ, ਗੁਰਨਾਮ ਸਿੰਘ ਜੱਸੜਾ ਅਤੇ ਗੁਰਬਚਨ ਸਿੰਘ ਨੇ ਦੱਸਿਆ ਕਿ ਜਿਹੜੇ ਕਿਸਾਨਾਂ ਨੇ ਇੱਕ ਦੋ ਦਿਨਾਂ ਵਿੱਚ ਪਾਣੀ ਲਗਾਇਆ ਹੈ ਜਾਂ ਨੀਵੀਆਂ ਥਾਵਾਂ ਤੇ ਖੇਤ ਹਨ , ਦਾ ਵੱਧ ਨੁਕਸਾਨ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਬੇਟ ਇਲਾਕੇ ਦੇ ਪਿੰਡਾਂ ਵਿੱਚ ਇਸ ਮੀਂਹ ਅਤੇ ਪਏ ਗੜਿਆਂ ਕਾਰਨ ਵੱਧ ਨੁਕਸਾਨ ਹੋਣ ਦਾ ਖਦਸ਼ਾ ਪਾਇਆ ਜਾ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਬੀਤੇ ਸਮੇਂ ਵਿੱਚ ਲਗਾਤਾਰ ਤਿੰਨ ਚਾਰ ਫਸਲਾਂ ਦਾ ਝਾੜ ਘੱਟ ਹੋਣ ਕਾਰਨ, ਮੀਂਹ ਅਤੇ ਹੜ੍ਹਾਂ ਕਾਰਣ ਕਿਸਾਨਾਂ ਨੂੰ ਕਾਫੀ ਨੁਕਸਾਨ ਝੱਲਣਾ ਪਿਆ ਅਤੇ ਸਰਕਾਰ ਨੇ ਮੁਆਵਜ਼ੇ ਦਾ ਵਾਅਦਾ ਕਰਕੇ ਵਾਅਦਾਖਿਲਾਫੀ ਕੀਤੀ ਜਿਸ ਨਾਲ ਕਿਸਾਨਾਂ ਤੇ ਕਰਜ਼ੇ ਦੀ ਪੰਡ ਹੋਰ ਭਾਰੀ ਹੋਈ ਹੈ। ਕਿਸਾਨ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਜਾਵੇ ਅਤੇ ਸ਼ਪੈਸ਼ਲ ਗਿਰਦਾਵਰੀ ਕਰਵਾ ਕੇ ਨੁਕਸਾਨੀ ਕਣਕ ਦਾ ਮੁਆਵਜ਼ਾ ਦਿੱਤਾ ਜਾਵੇ।

Advertisement

ਬਿਜਲੀ ਸਪਲਾਈ ਪ੍ਰਭਾਵਿਤ

ਮੁੱਲਾਂਪੁਰ ਗਰੀਬਦਾਸ (ਚਰਨਜੀਤ ਸਿੰਘ ਚੰਨੀ): ਨਿਊ ਚੰਡੀਗੜ੍ਹ ਇਲਾਕੇ ਦੇ ਪਿੰਡ ਮੁੱਲਾਂਪੁਰ ਗਰੀਬਦਾਸ, ਨਵਾਂ ਗਾਉਂ ਇਲਾਕੇ ਵਿੱਚ ਬੀਤੀ ਅੱਧੀ ਰਾਤ ਤੋਂ ਸ਼ੁਰੂ ਹੋ ਕੇ ਅੱਜ ਸਵੇਰੇ ਤੱਕ ਹਨੇਰੀ ਨਾਲ ਰੁਕ-ਰੁਕ ਕੇ ਪਏ ਮੀਂਹ ਕਾਰਨ ਗਰਮੀ ਤੋਂ ਕੁੱਝ ਰਾਹਤ ਮਿਲੀ ਹੈ। ਹਾਲਾਂਕਿ ਹਨ੍ਹੇਰੀ ਕਾਰਨ ਇਲਾਕੇ ਵਿੱਚ ਬਿਜਲੀ ਸਪਲਾਈ ਠੱਪ ਹੋ ਗਈ। ਕਈ ਥਾਈਂ ਖੇਤਾਂ ’ਚ ਖੜ੍ਹੀ ਕਣਕ ਦੀ ਫ਼ਸਲ ਵੀ ਨੁਕਸਾਨੀ ਗਈ ਹੈ। ਇਸੇ ਤਰ੍ਹਾਂ ਸੜਕਾਂ ’ਤੇ ਦਰੱਖਤ ਡਿੱਗਣ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋਈ। ਨਵਾਂ ਗਾਉਂ ਵਿੱਚ ਪੀਜੀਆਈ ਚੰਡੀਗੜ੍ਹ ਵਾਲੇ ਪਾਸੇ ਤੋਂ ਦਾਖਲ ਹੋਣ ਵਾਲੇ ਰਾਹ ’ਤੇ ਰਾਤ ਸਮੇਂ ਚੱਲੀ ਤੇਜ਼ ਹਨੇਰੀ ਕਾਰਨ ਦਰਖਤ ਟੁੱਟ ਕੇ ਸੜਕ ’ਤੇ ਡਿੱਗ ਗਏ, ਜਿਸ ਕਾਰਨ ਰਾਹਗੀਰਾਂ ਨੂੰ ਕਈ ਘੰਟੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

Advertisement
Author Image

sanam grng

View all posts

Advertisement
Advertisement
×