ਇੰਜਣ ਸਾਫ਼ ਕਰਨ ਵੇਲੇ ਕਰੰਟ ਲੱਗਣ ਕਾਰਨ ਰੇਲਵੇ ਮੁਲਾਜ਼ਮ ਸੜਿਆ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 7 ਨਵੰਬਰ
ਇੰਜਣ ਸ਼ੈੱਡ ਵਿੱਚ ਕੰਮ ਕਰਨ ਦੌਰਾਨ ਇੱਕ ਰੇਲਵੇ ਮੁਲਾਜ਼ਮ ਨੂੰ ਬਿਜਲੀ ਦਾ ਕਰੰਟ ਲੱਗ ਗਿਆ ਜਿਸ ਕਾਰਨ ਉਹ ਕਾਫ਼ੀ ਜ਼ਖ਼ਮੀ ਹੋ ਗਿਆ ਹੈ। ਇਸ ਘਟਨਾ ਤੋਂ ਬਾਅਦ ਗੁੱਸੇ ਵਿੱਚ ਆਏ ਮੁਲਾਜ਼ਮਾਂ ਨੇ ਐੱਨਆਰਐੱਮਯੂ ਤੇ ਯੂਆਰਐੱਮਯੂ ਦੇ ਅਧਿਕਾਰੀਆਂ ਦੇ ਦਫ਼ਤਰਾਂ ਅੱਗੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਇਸ ਮਗਰੋਂ ਫ਼ਿਰੋਜ਼ਪੁਰ ਡਿਵੀਜ਼ਨ ਤੋਂ ਏਡੀਆਰਐੱਮ ਸਤੀਸ਼ ਕਾਲੜਾ ਮੁਲਾਜ਼ਮਾਂ ਨੂੰ ਮਿਲਣ ਲਈ ਪੁੱਜੇ। ਦੋਵਾਂ ਯੂਨੀਅਨਾਂ ਦੇ ਮੈਂਬਰਾਂ ਨੇ ਸੀਨੀਅਰ ਡੀਈ ਦੇ ਦਫ਼ਤਰ ਬਾਹਰ ਮੋਰਚਾ ਲਾ ਲਿਆ ਹੈ। ਰੇਲਵੇ ਮੁਲਾਜ਼ਮਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਪ੍ਰਾਈਵੇਟ ਠੇਕੇਦਾਰ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ ਤੇ ਜ਼ਖ਼ਮੀ ਮੁਲਾਜ਼ਮ ਨੂੰ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਮੰਗਾਂ ਪੂਰੀਆਂ ਹੋਣ ਤੱਕ ਕਿਸੇ ਵੀ ਅਧਿਕਾਰੀ ਨੂੰ ਦਫ਼ਤਰ ਤੋਂ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਲੁਧਿਆਣਾ ਦੇ ਰੇਲਵੇ ਸਟੇਸ਼ਨ ’ਤੇ ਇੰਜਣ ਦੀ ਮੁਰੰਮਤ ਕਰ ਰਹੇ ਇੱਕ ਮੁਲਾਜ਼ਮ ਨੂੰ ਕਰੰਟ ਲੱਗ ਗਿਆ। ਰੇਲਵੇ ਕਰਮਚਾਰੀ ਮੰਗਲਦਾਸ (38) ਇੰਜਣ ਦੇ ਉਪਰੋਂ ਲੰਘਦੀਆਂ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿੱਚ ਆ ਗਿਆ, ਜਿਸ ਕਾਰਨ ਉਸ ਨੂੰ ਕਰੰਟ ਦਾ ਜ਼ੋਰਦਾਰ ਝਟਕਾ ਲੱਗਿਆ। ਯੂਨੀਅਨ ਦੇ ਪ੍ਰਧਾਨ ਅਜੈ ਕੁਮਾਰ ਨੇ ਦੱਸਿਆ ਕਿ ਜਦੋਂ ਵੀ ਕੋਈ ਇੰਜਣ ਮੁਰੰਮਤ ਲਈ ਆਉਂਦਾ ਹੈ ਤਾਂ ਰੇਲਵੇ ਕਰਮਚਾਰੀ ਮੁਰੰਮਤ ਦਾ ਕੰਮ ਕਰਦੇ ਹੋਏ ਇੰਜਣ ਦੇ ਉੱਪਰ ਚੜ੍ਹ ਜਾਂਦੇ ਹਨ। ਇਸ ਦੌਰਾਨ ਓਵਰਹੈੱਡ ਪਾਵਰ ਲਾਈਨ ਬੰਦ ਕਰ ਕੇ ਚਾਬੀ ਰੇਲਵੇ ਮੁਲਾਜ਼ਮ ਆਪਣੀ ਜੇਬ ’ਚ ਰੱਖਦਾ ਹੈ। ਬੀਤੀ ਸ਼ਾਮ ਜਦੋਂ ਮੰਗਲਦਾਸ ਇੰਜਣ ਉੱਪਰ ਚੜ੍ਹ ਕੇ ਮੁਰੰਮਤ ਕਰ ਰਿਹਾ ਸੀ ਤਾਂ ਇੱਕ ਪ੍ਰਾਈਵੇਟ ਮੁਲਾਜ਼ਮ ਨੇ ਲਾਈਨ ਦਾ ਸਵਿਚ ਆਨ ਕਰ ਦਿੱਤਾ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਝਟਕਾ ਲੱਗਣ ਮਗਰੋਂ ਮੰਗਲਦਾਸ ਇੰਜਣ ਤੋਂ ਹੇਠਾਂ ਡਿੱਗ ਗਿਆ, ਜਿਸ ਕਰਕੇ ਉਸ ਦੀ ਹੱਡੀ ਟੁੱਟ ਗਈ ਹੈ।