ਦੇਹ ਵਪਾਰ ਬਾਰੇ ਸੂਚਨਾ ਮਿਲਣ ’ਤੇ ਹੋਟਲ ਵਿੱਚ ਛਾਪਾ
ਜਗਤਾਰ ਸਮਾਲਸਰ
ਏਲਨਾਬਾਦ, 26 ਅਕਤੂਬਰ
ਸ਼ਹਿਰ ਦੀ ਰੇਲਵੇ ਰੋਡ ਵਾਰਡ ਨੰਬਰ 16 ’ਚ ਸਰਕਾਰੀ ਹਸਪਤਾਲ ਦੇ ਨਜ਼ਦੀਕ ਬਣੇ ਇੱਕ ਹੋਟਲ ਵਿੱਚ ਦੇਹ ਵਪਾਰ ਦਾ ਧੰਦਾ ਚੱਲਣ ਦੀ ਸੂਚਨਾ ਮਿਲਣ ਤੋਂ ਬਾਅਦ ਹੋਟਲ ਦੇ ਬਾਹਰ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਇਕੱਠੇ ਹੋ ਗਏ ਅਤੇ ਪੁਲੀਸ ਨੂੰ ਵੀ ਇਸ ਸਬੰਧੀ ਸੂਚਨਾ ਦਿੱਤੀ ਗਈ। ਪੁਲੀਸ ਨੇ ਜਦੋਂ ਹੋਟਲ ਵਿੱਚ ਛਾਪਾ ਮਾਰਿਆ ਤਾਂ ਦੇਹ ਵਪਾਰ ਦੇ ਧੰਦੇ ਵਿੱਚ ਕਥਿਤ ਤੌਰ ’ਤੇ ਸ਼ਾਮਲ ਲੜਕੇ ਅਤੇ ਲੜਕੀਆਂ ਸੂਚਨਾ ਮਿਲਦਿਆਂ ਹੀ ਦੂਸਰੇ ਰਸਤੇ ਰਾਹੀਂ ਫ਼ਰਾਰ ਹੋ ਗਏ। ਇਸ ਤੋਂ ਬਾਅਦ ਸ਼ਹਿਰ ਵਾਸੀਆਂ ਨੇ ਇੱਕ ਮੰਗ ਪੱਤਰ ਏਲਨਾਬਾਦ ਪੁਲੀਸ ਥਾਣੇ ਵਿੱਚ ਦੇ ਕੇ ਇਸ ਹੋਟਲ ਨੂੰ ਬੰਦ ਕਰਨ ਦੀ ਮੰਗ ਕੀਤੀ। ਮੰਗ ਪੱਤਰ ਵਿੱਚ ਸ਼ਹਿਰ ਵਾਸੀਆਂ ਨੇ ਲਿਖਿਆ ਕਿ ਇੱਕ ਪਿੰਡ ਦੇ ਵਿਅਕਤੀ ਨੇ ਸਰਕਾਰੀ ਹਸਪਤਾਲ ਦੇ ਨਜ਼ਦੀਕ ਸਥਿਤ ਆਪਣੀ ਦੁਕਾਨ ਕਿਰਾਏ ’ਤੇ ਦਿੱਤੀ ਹੋਈ ਹੈ ਜਿੱਥੇ ਇੱਕ ਹੋਟਲ ਬਣਿਆ ਹੋਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਸ ਹੋਟਲ ਵਿੱਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ ਤੇ ਬੀਤੀ 25 ਅਕਤੂਬਰ ਨੂੰ ਦੁਪਹਿਰ ਕਰੀਬ 3 ਵਜੇ ਪੁਲੀਸ ਵੱਲੋਂ ਇੱਥੋਂ ਪੰਜ ਜੋੜੇ, ਇੱਕ ਹੋਟਲ ਸੰਚਾਲਕ ਅਤੇ ਇੱਕ ਹੋਟਲ ਕਰਿੰਦਾ ਫੜਿਆ ਗਿਆ ਸੀ ਪ੍ਰੰਤੂ ਉਸ ਤੋਂ ਬਾਅਦ ਉਨ੍ਹਾਂ ਨੂੰ ਛੱਡ ਦਿੱਤਾ ਗਿਆ। ਲੋਕਾਂ ਨੇ ਦੋਸ਼ ਲਾਇਆ ਕਿ ਅੱਜ ਫਿਰ ਇਸ ਹੋਟਲ ਵਿੱਚ ਦੇਹ ਵਪਾਰ ਦਾ ਧੰਦਾ ਸ਼ੁਰੂ ਹੋ ਗਿਆ ਹੈ।
ਇਸ ਦੌਰਾਨ ਲੋਕਾਂ ਵੱਲੋਂ ਵਿਰੋਧ ਕਰਨ ’ਤੇ ਹੋਟਲ ਸੰਚਾਲਕ ਵੱਲੋਂ ਕਥਿਤ ਤੌਰ ’ਤੇ ਦੇਹ ਵਪਾਰ ਦਾ ਧੰਦਾ ਕਰਨ ਵਾਲੇ ਜੋੜਿਆਂ ਨੂੰ ਪਿਛਲੇ ਰਸਤੇ ਰਾਹ ਭਜਾ ਦਿੱਤਾ ਗਿਆ। ਇਸ ਮੌਕੇ ਹਾਜ਼ਰ ਲੋਕਾਂ ਨੇ ਪੁਲੀਸ ਤੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਇਸ ਹੋਟਲ ਨੂੰ ਬੰਦ ਕਰਵਾਇਆ ਜਾਵੇ। ਲੋਕਾਂ ਦੇ ਵਿਰੋਧ ਨੂੰ ਦੇਖਦਿਆਂ ਪੁਲੀਸ ਵੱਲੋਂ ਇਸ ਹੋਟਲ ਨੂੰ ਜਿੰਦਰਾ ਲਗਾ ਦਿੱਤਾ ਗਿਆ ਅਤੇ ਪੁਲੀਸ ਇਸ ਮਾਮਲੇ ਵਿੱਚ ਅਗਲੇਰੀ ਕਾਰਵਾਈ ਕਰ ਰਹੀ ਹੈ।