ਨਾਕੇ ਦੌਰਾਨ ਵੱਖ-ਵੱਖ ਵਾਹਨਾਂ ਤੋਂ ਪੌਣੇ ਅੱਠ ਲੱਖ ਰੁਪਏ ਬਰਾਮਦ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 25 ਸਤੰਬਰ
ਜ਼ਿਲ੍ਹਾ ਪੁਲੀਸ ਕਪਤਾਨ ਵਰੁਣ ਸਿੰਗਲਾ ਦੇ ਹੁਕਮਾਂ ਮੁਤਾਬਕ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੋਣ ਜ਼ਾਬਤੇ ਦੀ ਪਾਲਣਾ ਕਰਨ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਸੇ ਤਹਿਤ ਪੁਲੀਸ ਵੱਲੋਂ ਹਰ ਥਾਂ ਨਾਕੇ ਲਾਏ ਗਏ। ਪੁਲੀਸ ਦੀਆਂ ਟੀਮਾਂ ਨੇ ਚਾਰ ਵੱਖ-ਵੱਖ ਮਾਮਲਿਆਂ ਵਿੱਚ ਚਾਰ ਵੱਖ-ਵੱਖ ਵਾਹਨਾਂ ਵਿੱਚੋਂ 7 ਲੱਖ 73 ਹਜ਼ਾਰ 220 ਰੁਪਏ ਬਰਾਮਦ ਕੀਤੇ। ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਡਿਊਟੀ ਮੈਜਿਸਟਰੇਟ ਐੱਸਪੀ ਸਿੰਘ, ਮੈਨੇਜਰ ਉਮਰੀ ਬੀਜ ਭੰਡਾਰ ਪੁਲੀਸ ਟੀਮ ਨਾਲ ਬਾਂਸਲ ਹਸਪਤਾਲ ਲਾਡਵਾ ਕੋਲ ਨਾਕੇ ਦੌਰਾਨ ਤਾਇਨਾਤ ਸਨ। ਇਸ ਦੌਰਾਨ ਤਿੰਨ ਵੱਖ-ਵੱਖ ਗੱਡੀਆਂ ਤੋਂ 1.60 ਲੱਖ, 2.30 ਲੱਖ ਤੇ 3 ਲੱਖ 20 ਹਜ਼ਾਰ ਰੁਪਏ ਬਰਾਮਦ ਹੋਏ ਇਕ ਹੋਰ ਕਾਰ ਤੋਂ 63 ਹਜ਼ਾਰ 220 ਰੁਪਏ ਮਿਲੇ। ਵਾਹਨ ਸਵਾਰ ਪੁੱਛ-ਗਿੱਛ ਦੌਰਾਨ ਪੈਸਿਆਂ ਬਾਰੇ ਕੋਈ ਪੁਖਤਾ ਸਬੂਤ ਨਹੀਂ ਦੇ ਸਕੇ। ਇਸ ਕਾਰਨ ਪੁਲੀਸ ਨੇ ਇਹ ਨਕਦੀ ਜ਼ਬਤ ਕਰ ਲਈ।
ਪੁਲੀਸ ਕਪਤਾਨ ਨੇ ਦੱਸਿਆ ਕਿ ਚੋਣਾਂ ਦੇ ਮੱਦੇਨਜ਼ਰ ਪੁਲੀਸ ਟੀਮਾਂ ਲਗਾਤਾਰ ਨਿਗਰਾਨੀ ਰੱਖ ਰਹੀਆਂ ਹਨ। ਸ਼ੱਕੀ ਵਾਹਨਾਂ ਤੇ ਸ਼ੱਕੀ ਵਿਅਕਤੀਆਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਚੋਣਾਂ ਪ੍ਰਭਾਵਿਤ ਨਾ ਹੋ ਸਕਣ। ਇਸ ਦੌਰਾਨ ਉਨ੍ਹਾਂ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ।