ਲਿਬਨਾਨ ’ਚ 24 ਸਾਲਾਂ ਤੋਂ ਫਸਿਆ ਪੰਜਾਬੀ ਘਰ ਪਰਤਿਆ
ਹਤਿੰਦਰ ਮਹਿਤਾ
ਜਲੰਧਰ, 20 ਸਤੰਬਰ
ਵਿਦੇਸ਼ ਵਿੱਚ ਰੋਜ਼ੀ ਰੋਟੀ ਲਈ ਲਿਬਨਾਨ ਗਿਆ ਗੁਰਤੇਜ ਸਿੰਘ ਆਪਣੇ ਪਿੰਡ 24 ਸਾਲਾਂ ਬਾਅਦ ਪਰਤਿਆ। ਲੁਧਿਆਣਾ ਜ਼ਿਲ੍ਹੇ ਦੇ ਪਿੰਡ ਮੱਤੇਵਾੜਾ ਦਾ ਰਹਿਣ ਵਾਲਾ ਗੁਰਤੇਜ ਸਿੰਘ 33 ਸਾਲ ਦਾ ਸੀ, ਜਦੋਂ ਆਪਣੇ ਦੋਵਾਂ ਬੱਚਿਆਂ ਨੂੰ ਛੱਡ ਕੇ 2001 ਵਿੱਚ ਵਿਦੇਸ਼ ਗਿਆ ਸੀ। ਲਿਬਨਾਨ ਵਿੱਚ ਰਹਿੰੰਦਿਆਂ ਉਸ ਦਾ ਸਾਲ 2006 ਵਿੱਚ ਪਾਸਪੋਰਟ ਗੁੰਮ ਹੋ ਗਿਆ, ਜਿਸ ਕਾਰਨ ਉਸ ਦੀ ਘਰ ਵਾਪਸੀ ਰੁਕ ਗਈ। ਪਰਿਵਾਰਕ ਮੈਂਬਰਾਂ ਵੱਲੋਂ ਸੰਤ ਬਲਬੀਰ ਸਿੰਘ ਸੀਚੇਵਾਲ ਤੱਕ ਪਹੁੰਚ ਕੀਤੀ ਗਈ, ਜਿਨ੍ਹਾਂ ਨੇ ਵਿਦੇਸ਼ ਮੰਤਰਾਲੇ ਤੱਕ ਪਹੁੰਚ ਕਰਕੇ ਉਸ ਦੀ ਵਾਪਸੀ ਸੰਭਵ ਕਰਵਾਈ।
ਪਰਿਵਾਰ ਸਮੇਤ ਸੰਤ ਸੀਚੇਵਾਲ ਦਾ ਧੰਨਵਾਦ ਕਰਨ ਸੁਲਤਾਨਪੁਰ ਲੋਧੀ ਆਏ ਗੁਰਤੇਜ ਸਿੰਘ ਨੇ ਦੱਸਿਆ ਕਿ ਇਹ ਉਸ ਦਾ ਦੂਸਰਾ ਜਨਮ ਹੋਇਆ ਹੈ, ਉਹ ਕਰੀਬ 24 ਸਾਲਾਂ ਬਾਅਦ ਆਪਣੇ ਪਰਿਵਾਰ ਨੂੰ ਮਿਲ ਸਕਿਆ ਹੈ। ਉਸ ਨੇ ਦੱਸਿਆ ਕਿ ਟਰੈਵਲ ਏਜੰਟ ਨੇ ਲਿਬਨਾਨ ਭੇਜਣ ਬਦਲੇ ਉਸ ਕੋਲੋਂ ਇੱਕ ਲੱਖ ਰੁਪਏ ਲਏ ਸਨ। ਉਸ ਦਾ ਪਹਿਲਾਂ ਜਾਰਡਨ ਤੇ ਫਿਰ ਨਾਲ ਲੱਗਦੇ ਦੇਸ਼ ਸੀਰੀਆ ਵਿੱਚ ਦਾਖਲਾ ਕਰਵਾ ਦਿੱਤਾ ਗਿਆ। ਉੱਥੋਂ ਡੌਕੀ ਲਗਾਉਂਦਿਆਂ ਉਹ ਲਿਬਨਾਨ ਪੁੱਜਿਆ, ਜਿੱਥੇ ਸਾਰਾ ਦਿਨ ਤੇ ਚੋਰੀ ਛਿਪੇ ਖੇਤਾਂ ਵਿੱਚ ਹੀ ਕੰਮ ਕਰਨਾ ਪੈਂਦਾ ਸੀ। ਗੁਰਤੇਜ ਨੇ ਦੱਸਿਆ ਕਿ ਪਰਵਾਸ ਵਿੱਚ ਰਹਿੰਦਿਆਂ ਉਸ ਦੇ ਪਿੱਛਿਉਂ ਹੀ ਉਸ ਦੀ ਮਾਂ ਤੇ ਭਰਾ ਚਲੇ ਗਏ ਅਤੇ ਉਹ ਉਨ੍ਹਾਂ ਦਾ ਆਖਰੀ ਵਾਰ ਮੂੰਹ ਵੀ ਨਹੀਂ ਦੇਖ ਸਕਿਆ ਸੀ।