ਕੱਚੇ ਕਾਮਿਆਂ ਵੱਲੋਂ ਸੂਬਾ ਸਰਕਾਰ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰਾ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 4 ਅਗਸਤ
ਆਮ ਆਦਮੀ ਪਾਰਟੀ ਵਲੋਂ ਚੋਣਾਂ ਸਮੇਂ ਪੱਕੇ ਕਰਨ ਦਾ ਵਾਅਦਾ ਸਰਕਾਰ ਬਣਨ ਦੇ ਡੇਢ ਸਾਲ ਬਾਅਦ ਵੀ ਪੂਰਾ ਨਾ ਹੋਣ ਤੋਂ ਅੱਕੇ ਕੱਚੇ ਕਾਮੇ ਅੱਜ ਸੜਕਾ ’ਤੇ ਉਤਰ ਆਏ। ਦੋ ਦਿਨ ਤੋਂ ਲਗਾਤਾਰ ਵਿਰੋਧ ਪ੍ਰਦਰਸ਼ਨ ਕਰ ਰਹੇ ਸਫਾਈ ਸੇਵਕਾਂ ਅਤੇ ਸੀਵਰਮੈਨਾਂ ਨੇ ਇਥੇ ਅਰਥੀ ਫੂਕ ਮੁਜ਼ਾਹਰਾ ਕੀਤਾ। ਉਨ੍ਹਾਂ ਕਿਹਾ ਕਿ ਹੁਣ ਸਬਰ ਮੁਕਦਾ ਜਾ ਰਿਹਾ ਹੈ। ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਅਤੇ ਪਿੱਟ ਸਿਆਪਾ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਜੋ ਚੰਗਿਆੜੀ ਦਿਖਾਈ ਦੇ ਰਹੀ ਹੈ, ਇਹੋ 2024 ’ਚ ਭਾਂਬੜ ਬਣੇਗੀ। ਜ਼ਿਲ੍ਹਾ ਪ੍ਰਧਾਨ ਅਰੁਣ ਗਿੱਲ ਤੇ ਹੋਰਨਾਂ ਆਗੂਆਂ ਨੇ ਕਿਹਾ ਕਿ ਪਿਛਲੇ ਦੋ ਦਿਨਾਂ ਤੋਂ ਗੂੰਗੀ ਬੋਲੀ ਸਰਕਾਰ ਨੂੰ ਜਗਾਉਣ ਲਈ ਚੱਲ ਰਹੇ ਸੰਘਰਸ਼ ਦੇ ਅੱਜ ਤੀਸਰੇ ਦਿਨ ਮਜਬੂਰਨ ਸੜਕਾਂ ’ਤੇ ਨਿਕਲਣਾ ਪਿਆ ਹੈ। ਸਰਕਾਰ ਨੂੰ ਦਿਖਾਉਣ ਅਤੇ ਸੁਣਾਉਣ ਲਈ ਹੀ ਪੁਤਲਾ ਫੂਕਿਆ ਅਤੇ ਘੜਾ ਭੰਨ੍ਹ ਕੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ। ਸਮੂਹ ਸਫਾਈ ਸੇਵਕਾਂ ਅਤੇ ਸੀਵਰਮੈਨਾਂ ਦੇ ਇਸ ਪ੍ਰਦਰਸ਼ਨ ’ਚ ਨਗਰ ਕੌਂਸਲ ਦੇ ਦਫ਼ਤਰੀ ਸਟਾਫ਼ ਨੇ ਵੱਧ ਚੜ੍ਹ ਕੇ ਸਰਕਾਰ ਦੀਆਂ ਮਾਰੂ ਨੀਤੀਆਂ ਖ਼ਿਲਾਫ਼ ਹਿੱਸਾ ਲਿਆ। ਆਗੂਆਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਆਪਣਾ ਚੋਣਾਂ ਤੋਂ ਪਹਿਲਾਂ ਦਾ ਵਾਅਦਾ ਪੂਰਾ ਨਾ ਕੀਤਾ ਤਾਂ 2024 ਦੀਆਂ ਲੋਕ ਸਭ ਚੋਣਾਂ ਤੋਂ ਇਲਾਵਾ ਆਉਣ ਵਾਲੀਆਂ ਨਗਰ ਪੰਚਾਇਤਾਂ, ਨਗਰ ਕੌਂਸਲਾਂ ਅਤੇ ਹੋਰ ਚੋਣਾਂ ’ਚ ਸਾਰੇ ਕੱਚੇ ਕਾਮਿਆਂ ਨੂੰ ਲਾਮਬੰਦ ਕਰ ਕੇ ਪੰਜਾਬ ਸਰਕਾਰ ਦਾ ਪੱਕੇ ਤੌਰ ’ਤੇ ਬਾਈਕਾਟ ਕਰ ਕੇ ਸਬਕ ਸਿਖਾਇਆ ਜਾਵੇਗਾ। ਰੋਸ ਪ੍ਰਦਰਸ਼ਨ ’ਚ ਮੀਤ ਪ੍ਰਧਾਨ ਸਨੀ, ਸੀਵਰਮੈਨਾਂ ਦੇ ਪ੍ਰਧਾਨ ਸ਼ਾਮ ਲਾਲ ਚਿੰਡਾਲੀਆ, ਪ੍ਰਧਾਨ ਲਖਵੀਰ ਸਿੰਘ, ਰਾਜ ਕੁਮਾਰ, ਪ੍ਰਧਾਨ ਅਮਰਪਾਲ ਸਿੰਘ, ਪ੍ਰਧਾਨ ਜਸਪ੍ਰੀਤ ਸਿੰਘ, ਗਗਨ ਖੁੱਲਰ, ਵਿਸ਼ਾਲ ਟੰਡਨ, ਜਗਮੋਹਨ ਸਿੰਘ, ਭਗਤ ਸਿੰਘ, ਸੋਨੀ ਢਿੱਲੋਂ, ਬੱਬੂ ਛੀਨਾ, ਪ੍ਰਦੀਪ ਕੁਮਾਰ, ਭੂਸ਼ਨ ਗਿੱਲ, ਸੁਖਵਿੰਦਰ ਖੋਸਲਾ ਆਦਿ ਮੌਜੂਦ ਸਨ।