ਤੀਆਂ ਸਬੰਧੀ ਵਧੀਆ ਸਮਾਗਮ ਕਰਾਉਣ ਵਾਲੇ ਪਿੰਡ ਨੂੰ ਮਿਲੇਗਾ ਇੱਕ ਲੱਖ ਦਾ ਇਨਾਮ: ਡੀਸੀ
ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 25 ਜੁਲਾਈ
ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਨੇ ਇਥੇ ਤੀਆਂ ਤੀਜ਼ ਦੀਆਂ ਮਨਾਉਣ ਸਬੰਧੀ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਸਭ ਤੋਂ ਵਧੀਆ ਤੀਆਂ ਦਾ ਪ੍ਰੋਗਰਾਮ ਕਰਾਉਣ ਵਾਲੇ ਪਿੰਡ ਨੂੰ ਪੰਜਾਬ ਸਰਕਾਰ ਵੱਲੋਂ ਇੱਕ ਲੱਖ ਰੁਪਏ ਦਾ ਵਿਸ਼ੇਸ਼ ਸਨਮਾਨ ਦਿੱਤਾ ਜਾਵੇਗਾ। ਇਹ ਮੁਕਾਬਲੇ 18 ਤੋਂ 20 ਅਗਸਤ ਤੱਕ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਪਹਿਲੇ ਗੇੜ ਵਿੱਚ ਬਲਾਕ ਪੱਧਰੀ ਸਮਾਗਮ ਕਰਵਾਏ ਜਾਣਗੇ, ਜਨਿ੍ਹਾਂ ਵਿਚ ਵੱਖ-ਵੱਖ ਉਮਰ ਵਰਗ ਦੀਆਂ ਔਰਤਾਂ ਦੇ ਮੁਕਾਬਲੇ ਹੋਣਗੇ ਜਿਸ ਉਪਰੰਤ ਜ਼ਿਲ੍ਹਾ ਪੱਧਰ ’ਤੇ ਤੀਆਂ ਦਾ ਤਿਉਹਾਰ ਮਨਾਇਆ ਜਾਵੇਗਾ, ਜਿਸ ਵਿੱਚ ਬਲਾਕ ਪੱਧਰ ’ਤੇ ਜੇਤੂ ਔਰਤਾਂ ਅਤੇ ਲੜਕੀਆਂ ਵੱਖ-ਵੱਖ ਵੰਨਗੀਆਂ ਦੇ ਮੁਕਾਬਲਿਆ ਵਿਚ ਭਾਗ ਲੈਣਗੀਆਂ ਅਤੇ ਜੇਤੂਆਂ ਦਾ ਸਨਮਾਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਸਬੰਧਤ ਐੱਸਡੀਐੱਮ ਦਫਤਰ ਵਿੱਚ ਆਪਣੀ ਰਜਿਸਟ੍ਰੇਸ਼ਨ 10 ਅਗਸਤ ਤੱਕ ਕਰਾਉਣ। ਉਨ੍ਹਾਂ ਸਮੂਹ ਬੀਡੀਪੀਓਜ਼, ਪੰਚਾਇਤ ਸੈਕਟਰੀ, ਆਗਣਵਾੜ੍ਹੀ ਵਰਕਰਾਂ ਅਤੇ ਫੀਲਡ ਵਿੱਚ ਕੰਮ ਕਰਨ ਵਾਲੇ ਹੋਰ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਹਦਾਇਤ ਕੀਤੀ ਕਿ ਪਿੰਡਾਂ ਦੇ ਲੋਕਾਂ ਨੂੰ ਸਮਾਗਮਾਂ ਸਬੰਧੀ ਜਾਗਰੂਕ ਕਰਨ।