ਸ਼ੂਗਰ ਮਿੱਲ ਵਿੱਚ ਇਨਾਮ ਵੰਡ ਸਮਾਗਮ ਕਰਵਾਇਆ
ਦਵਿੰਦਰ ਸਿੰਘ
ਯਮੁਨਾਨਗਰ, 26 ਸਤੰਬਰ
ਸਰਸਵਤੀ ਸ਼ੂਗਰ ਮਿੱਲ ਦੇ ਵਿਹੜੇ ਵਿੱਚ ਗੋਸ਼ਟੀ ਅਤੇ ਇਨਾਮ ਵੰਡ ਸਮਾਗਮ ਕਰਵਾਇਆ ਗਿਆ ਜਿਸ ਵਿੱਚ 400 ਦੇ ਕਰੀਬ ਕਿਸਾਨਾਂ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਵਿੱਚ ਵਿਗਿਆਨੀ ਪਦਮਸ੍ਰੀ ਡਾ. ਬਖਸ਼ੀ ਰਾਮ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੌਰਾਨ ਪਿਛਲੇ ਸੀਜ਼ਨ ਦੌਰਾਨ ਮਿੱਲ ਨੂੰ ਨਿਯਮਾਂ ਅਨੁਸਾਰ 85 ਫੀਸਦੀ ਜਾਂ ਇਸ ਤੋਂ ਵੱਧ ਗੰਨੇ ਦੀ ਸਪਲਾਈ ਕਰਨ ਵਾਲੇ ਸਾਰੇ ਕਿਸਾਨਾਂ ਨੂੰ ਮੈਨੇਜਿੰਗ ਡਾਇਰੈਕਟਰ ਅਦਿੱਤਿਆ ਪੁਰੀ, ਨਯਨਾ ਪੁਰੀ ਅਤੇ ਐੱਸਕੇ ਸਚਦੇਵਾ ਵੱਲੋਂ ਵਾਸ਼ਿੰਗ ਮਸ਼ੀਨਾਂ, ਫਰਿੱਜ, ਟੀਵੀ, ਖੇਤੀ ਔਜ਼ਾਰ ਅਤੇ ਬੰਪਰ ਇਨਾਮ ਹੌਂਡਾ ਐਕਟਿਵਾ ਦੇ ਕੇ ਸਨਮਾਨਤ ਕੀਤਾ ਗਿਆ। ਸ਼ੂਗਰ ਮਿੱਲ ਦੇ ਸੀਨੀਅਰ ਮੀਤ ਪ੍ਰਧਾਨ ਡੀਪੀ ਸਿੰਘ ਨੇ ਦੱਸਿਆ ਇਹ ਯੋਜਨਾ ਮਿੱਲ ਦਾ ਸ਼ਲਾਘਾਯੋਗ ਉਪਰਾਲਾ ਹੈ। ਖੰਡ ਮਿੱਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਐਸਕੇ ਸਚਦੇਵਾ ਨੇ ਕਿਹਾ ਕਿ ਸਰਸਵਤੀ ਸ਼ੂਗਰ ਮਿੱਲ ਭਾਰਤ ਦੀ ਸਭ ਤੋਂ ਪੁਰਾਣੀ ਖੰਡ ਮਿੱਲ ਹੈ ਜੋ ਆਪਣੇ ਖੇਤਰ ਵਿੱਚ ਕੁਸ਼ਲ ਵਿਹਾਰ ਅਤੇ ਨੈਤਿਕ ਕਦਰਾਂ-ਕੀਮਤਾਂ ’ਤੇ ਕੰਮ ਕਰਨ ਲਈ ਜਾਣੀ ਜਾਂਦੀ ਹੈ ਅਤੇ ਇਸ ਨੇ ਹਮੇਸ਼ਾ ਆਪਣੇ ਖੇਤਰ ਦੇ ਕਿਸਾਨਾਂ ਦੇ ਹਿੱਤ ਵਿੱਚ ਕੰਮ ਕੀਤਾ ਹੈ। ਗੰਨਾ ਵਿਗਿਆਨੀ ਡਾ. ਬਖਸ਼ੀ ਰਾਮ ਨੇ ਗੰਨੇ ਦਾ ਝਾੜ ਵਧਾਉਣ, ਨਦੀਨਾਂ ਦੀ ਰੋਕਥਾਣ ਅਤੇ ਗੰਨੇ ਦੀ ਕਾਸ਼ਤ ਵਿਚ ਲਾਗਤ ਘਟਾ ਕੇ ਵੱਧ ਮੁਨਾਫ਼ਾ ਕਮਾਉਣ ਬਾਰੇ ਚਰਚਾ ਕੀਤੀ। ਜ਼ਿਕਰਯੋਗ ਹੈ ਕਿ ਸ਼ੂਗਰ ਮਿਲ ਵੱਲੋਂ ਕਿਸਾਨਾਂ ਨੂੰ ਗੰਨੇ ਦੀ ਬਿਜਾਈ ਲਈ 5 ਹਜ਼ਾਰ ਰੁਪੇ ਪ੍ਰਤੀ ਏਕੜ ਗ੍ਰਾਂਟ ਤੋਂ ਇਲਾਵਾ ਦਵਾਈਆਂ ਲਈ 20 ਫੀਸਦੀ ਦੀ ਵੀ ਗ੍ਰਾਂਟ ਦਿੱਤੀ ਜਾਂਦੀ ਹੈ।