ਮੁਕਤਸਰ ਨੇੜੇ ਨਿੱਜੀ ਸਕੂਲ ਦੀ ਵੈਨ ਗੰਦੇ ਨਾਲੇ ’ਚ ਪਲਟੀ
ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 28 ਅਗਸਤ
ਮੁਕਤਸਰ-ਬਠਿੰਡਾ ਰੋਡ ’ਤੇ ਪਿੰਡ ਭੁੱਲਰ ਨੇੜੇ ਇੱਕ ਨਿੱਜੀ ਸਕੂਲ ਦੀ ਵੈਨ ਬੱਚਿਆਂ ਸਣੇ ਗੰਦੇ ਨਾਲੇ ਵਿੱਚ ਡਿੱਗ ਗਈ। ਗੰਦੇ ਨਾਲੇ ’ਚ ਪਾਣੀ ਥੋੜ੍ਹਾ ਸੀ ਅਤੇ ਮੌਕੇ ’ਤੇ ਮੌਜੂਦ ਲੋਕਾਂ ਨੇ ਹਿੰਮਤ ਕਰਕੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਜਿਸ ਕਰਕੇ ਨੁਕਸਾਨ ਤੋਂ ਬਚਾਅ ਹੋ ਗਿਆ। ਇਹ ਵੈਨ ਪਿੰਡਾਂ ਅਤੇ ਢਾਣੀਆਂ ਦੇ ਬੱਚੇ ਲੈ ਕੇ ਸਕੂਲ ਜਾ ਰਹੀ ਹੈ। ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਵੈਨ ਦੀ ਸਪੀਡ ਜ਼ਿਆਦਾ ਸੀ ਤੇ ਸੜਕ ਭੀੜੀ ਸੀ ਜਿਸ ਕਰਕੇ ਇਹ ਹਾਦਸਾ ਵਾਪਰਿਆ। ਹਾਦਸੇ ਕਾਰਨ ਬੱਚਿਆਂ ਦੇ ਮਾਪਿਆਂ ’ਚ ਹਫੜਾ-ਦਫੜੀ ਪੈ ਗਈ। ਬੱਚੇ ਬਚਾਅ ਲਏ ਜਾਣ ਤੋਂ ਬਾਅਦ ਹੀ ਸਹਿਮੇ ਹੋਏ ਹਨ। ਲੋਕਾਂ ਦੀ ਮੰਗ ਹੈ ਕਿ ਸਕੂਲ ਵੈਨਾਂ ਦੀ ਹਾਲਤ ਅਤੇ ਡਰਾਇਵਰਾਂ ਦੀ ਪੜਤਾਲ ਕੀਤੀ ਜਾਵੇ ਤਾਂ ਜੋ ਇਸ ਤਰ੍ਹਾਂ ਦਾ ਹਾਦਸਾ ਮੁੜ ਨਾ ਵਾਪਰੇ।
ਬੱਚਿਆਂ ਦੇ ਮਾਪਿਆਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਉਹ ਸਕੂਲਾਂ ਵਾਲਿਆਂ ਨੂੰ ਮੂੰਹ ਮੰਗੀਆਂ ਫੀਸਾਂ ਦਿੰਦੇ ਹਨ ਪਰ ਫਿਰ ਵੀ ਉਹ ਬੱਚਿਆਂ ਪ੍ਰਤੀ ਅਜਿਹੇ ਅਣਗਹਿਲੀ ਵਰਤਦੇ ਹਨ। ਉਨ੍ਹਾਂ ਦੱਸਿਆ ਕਿ ਇਹ ਵੈਨ ਵੀ ਸਬੰਧਤ ਸਕੂਲ ਵੱਲੋਂ ਲਾਈ ਗਈ ਸੀ ਤੇ ਇਸ ਵੈਨ ਦਾ ਖਰਚਾ ਉਹ ਆਪਣੇ ਜੇਬ ਵਿੱਚੋਂ ਦਿੰਦੇ ਹਨ। ਉਨ੍ਹਾਂ ਮੰਗ ਕੀਤੀ ਕਿ ਸਕੂਲਾਂ ਦੀਆਂ ਵੈਨਾਂ ਦੀ ਨਿਯਮਾਂ ਅਨੁਸਾਰ ਜਾਂਚ ਪੜਤਾਲ ਕੀਤੀ ਜਾਵੇ ਅਤੇ ਇਸ ਦੇ ਨਾਲ ਹੀ ਸਕੂਲ ਵੈਨਾਂ ਦੇ ਡਰਾਈਵਰਾਂ ਦੀ ਵੀ ਨਿਰਖ ਪਰਖ ਕੀਤੀ ਜਾਵੇ ਅਤੇ ਇਨ੍ਹਾਂ ਹਾਦਸਿਆਂ ਦੀ ਜ਼ਿੰਮੇਵਾਰੀ ਸਬੰਧਤ ਸਕੂਲ ਦੇ ਪ੍ਰਬੰਧਕਾਂ ‘ਤੇ ਪਾਈ ਜਾਵੇ। ਵਧੀਕ ਰਿਜਨਲ ਟਰਾਂਸਪੋਰਟ ਅਫ਼ਸਰ ਸਲਿੰਦਰ ਕੁਮਾਰ ਨੇ ਦੱਸਿਆ ਕਿ ਉਹ ਅਕਸਰ ਸਕੂਲ ਪ੍ਰਬੰਧਕਾਂ ਨੂੰ ਸਕੂਲ ਵੈਨਾਂ ਸਬੰਧੀ ਨਿਰਧਾਰਤ ਨਿਯਮਾਂ ਤੋਂ ਜਾਣੂ ਕਰਵਉਂਦੇ ਹਨ। ਉਨ੍ਹਾਂ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਂਦੀ ਹੈ। ਪਿਛਲੇ ਦਿਨੀ ਕਈ ਗੈਰ ਕਾਨੂੰਨੀ ਤੌਰ ’ਤੇ ਚਲਦੀਆਂ ਸਕੂਲ ਵੈਨਾਂ ਦੇ ਚਲਾਨ ਕੀਤੇ ਗਏ ਹਨ। ਉਨ੍ਹਾਂ ਆਖਿਆ ਕਿ ਸਕੂਲਾਂ ਬੱਸਾਂ ਖ਼ਿਲਾਫ਼ ਮੁੜ ਚੈਕਿੰਗ ਮੁਹਿਮ ਚਲਾਈ ਜਾਵੇਗੀ ਅਤੇ ਜਿਹੜੀਆਂ ਵੈਨਾਂ ਚਾਲਕ ਨਿਯਮਾਂ ਦੀ ਉਲੰਘਣਾ ਕਰਦੇ ਪਾਏ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।