‘ਸਵੱਛਤਾ ਹੀ ਸੇਵਾ’ ਵਿਸ਼ੇ ’ਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 19 ਸਤੰਬਰ
ਦੇਸ਼ ਦੀ ਇਕ ਨਵਰਤਨ ਕੰਪਨੀ ਐਨਐਚਪੀਸੀ ਲਿਮਟਿਡ ਦੇ ਖੇਤਰੀ ਦਫਤਰ, ਚੰਡੀਗੜ੍ਹ ਦੁਆਰਾ ਕਾਰਜਕਾਰੀ ਨਿਰਦੇਸ਼ਕ, ਨਿਰਮਲ ਸਿੰਘ ਦੀ ਅਗਵਾਈ ਵਿਚ ‘ਸਵੱਛਤਾ ਹੀ ਸੇਵਾ-2024’ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ, ਜਿਹੜਾ 1 ਅਕਤੂਬਰ ਤੱਕ ਚੱਲੇਗਾ। ਇਸ ਪ੍ਰੋਗਰਾਮ ਤਹਿਤ ਮਹਾਰਿਸ਼ੀ ਦਯਾਨੰਦ ਪਬਲਿਕ ਸਕੂਲ, ਐਮਡੀਏਵੀ ਭਵਨ, ਦੜੂਆ, ਚੰਡੀਗੜ੍ਹ ਵਿਖੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ, ਜਿਸ ਦੌਰਾਨ 100 ਵਿਦਿਆਰਥੀਆਂ ਨੇ ਸਫ਼ਾਈ ਸਬੰਧੀ ਸਾਰਥਕ ਪੋਸਟਰ ਬਣਾਏ।
ਮੁਕਾਬਲਿਆਂ ਰਾਹੀਂ ਵਿਦਿਆਰਥੀਆਂ ਨੇ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਕਿ ਸਾਨੂੰ ਆਪਣੇ ਘਰਾਂ, ਸਕੂਲਾਂ, ਪਾਰਕਾਂ, ਸੜਕਾਂ, ਬੱਸ ਸਟੈਂਡਾਂ, ਰੇਲਵੇ ਸਟੇਸ਼ਨਾਂ ਅਤੇ ਹੋਰ ਜਨਤਕ ਥਾਵਾਂ ਦੇ ਅੰਦਰ ਅਤੇ ਆਲੇ-ਦੁਆਲੇ ਦੀ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਉਸ ਦਿਖਾਇਆ ਕਿ ਸਾਨੂੰ ਡਸਟਬਿਨ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਸੁੱਕੇ ਤੇ ਗਿੱਲੇ ਕੂੜੇ ਲਈ ਵੱਖਰੇ ਡਸਟਬਿਨ ਵਰਤਣੇ ਚਾਹੀਦੇ ਹਨ।
ਇਸ ਮੁਕਾਬਲੇ ਵਿੱਚ ਰਾਗਿਨੀ ਨੇ ਪਹਿਲਾ ਸਥਾਨ, ਕਾਜਲ ਨੇ ਦੂਸਰਾ, ਸੁਮਿਤ ਨੇ ਤੀਸਰਾ ਸਥਾਨ ਹਾਸਲ ਕੀਤਾ ਜਦੋਂਕਿ ਸਾਕਸ਼ੀ ਤੇ ਨੈਨਸੀ ਨੂੰ ਹੌਸਲਾ ਅਫ਼ਜ਼ਾਈ ਇਨਾਮ ਦਿੱਤੇ ਗਏ। ਐਨਐਚਪੀਸੀ ਦੁਆਰਾ ਪੋਸਟਰ ਬਣਾਉਣ ਲਈ ਸਮੱਗਰੀ ਪ੍ਰਦਾਨ ਕੀਤੀ ਗਈ ਸੀ ਅਤੇ ਸਾਰੇ ਭਾਗੀਦਾਰਾਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ ਸੀ। ਸਕੂਲ ਦੇ ਪ੍ਰਿੰਸੀਪਲ ਡਾ. ਵਿਨੋਦ ਕੁਮਾਰ ਨੇ ਸਵੱਛਤਾ ਹੀ ਸੇਵਾ ’ਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਉਣ ਲਈ ਐਨਐਚਪੀਸੀ ਲਿਮਟਿਡ ਦਾ ਧੰਨਵਾਦ ਕੀਤਾ।