ਇਕ ਸਿਆਸੀ ਆਗੂ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਮੈਨੂੰ ਸਮਰਥਨ ਦੇਣ ਦੀ ਪੇਸ਼ਕਸ਼ ਕੀਤੀ ਸੀ ਪਰ ਮੈਂ ਠੁਕਰਾ ਦਿੱਤੀ: ਗਡਕਰੀ
ਨਾਗਪੁਰ, 15 ਸਤੰਬਰ
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਇਕ ਵਾਰ ਇਕ ਸਿਆਸੀ ਆਗੂ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਨ੍ਹਾਂ ਨੂੰ ਸਮਰਥਨ ਦੇਣ ਦੀ ਪੇਸ਼ਕਸ਼ ਕੀਤੀ ਸੀ ਪਰ ਉਨ੍ਹਾਂ ਨੇ ਇਹ ਕਹਿੰਦੇ ਹੋਏ ਇਹ ਪ੍ਰਸਤਾਵ ਠੁਕਰਾ ਦਿੱਤਾ ਸੀ ਕਿ ਉਨ੍ਹਾਂ ਦੀ ਅਜਿਹੀ ਕੋਈ ਇੱਛਾ ਨਹੀਂ ਹੈ। ਉਹ ਇੱਥੇ ਸ਼ਨਿਚਰਵਾਰ ਨੂੰ ਇਕ ਪੱਤਰਕਾਰੀ ਪੁਰਸਕਾਰ ਸਮਾਰੋਹ ਦੌਰਾਨ ਬੋਲ ਰਹੇ ਸਨ।
ਗਡਕਰੀ ਨੇ ਕਿਹਾ, ‘‘ਮੈਨੂੰ ਇਕ ਘਟਨਾ ਯਾਦ ਹੈ- ਮੈਂ ਕਿਸੇ ਦਾ ਨਾਮ ਨਹੀਂ ਲਵਾਂਗਾ...ਉਸ ਵਿਅਕਤੀ ਨੇ ਕਿਹਾ ਸੀ ਕਿ ਜੇਕਰ ਤੁਸੀਂ ਪ੍ਰਧਾਨ ਮੰਤਰੀ ਬਣਨ ਜਾ ਰਹੇ ਹੋ ਤਾਂ ਅਸੀਂ ਤੁਹਾਨੂੰ ਸਮਰਥਨ ਦੇਵਾਂਗੇ।’’ ਹਾਲਾਂਕਿ, ਉਨ੍ਹਾਂ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਕਿ ਇਹ ਗੱਲ ਕਦੋਂ ਦੀ ਹੈ। ਭਾਜਪਾ ਦੇ ਸੀਨੀਅਰ ਆਗੂ ਨੇ ਕਿਹਾ, ‘‘ਪਰ, ਮੈਂ ਪੁੱਛਿਆ ਕਿ ਤੁਸੀਂ ਮੇਰਾ ਸਮਰਥਨ ਕਿਉਂ ਕਰੋਗੇ ਅਤੇ ਮੈਂ ਤੁਹਾਡਾ ਸਮਰਥਨ ਕਿਉਂ ਲਵਾਂਗਾ? ਪ੍ਰਧਾਨ ਮੰਤਰੀ ਬਣਨਾ ਮੇਰੀ ਜ਼ਿੰਦਗੀ ਦਾ ਮਕਸਦ ਨਹੀਂ ਹੈ। ਮੈਂ ਆਪਣੇ ਸੰਗਠਨ ਪ੍ਰਤੀ ਵਫ਼ਾਦਾਰ ਹਾਂ ਅਤੇ ਮੈਂ ਕਿਸੇ ਵੀ ਅਹੁਦੇ ਲਈ ਸਮਝੌਤਾ ਨਹੀਂ ਕਰਾਂਗਾ ਕਿਉਂਕਿ ਮੇਰਾ ਦ੍ਰਿੜ੍ਹ ਨਿਸ਼ਚੈ ਮੇਰੇ ਲਈ ਸਭ ਤੋਂ ਅਹਿਮ ਹੈ।’’
ਆਪਣੇ ਭਾਸ਼ਨ ਦੌਰਾਨ ਗਡਕਰੀ ਨੇ ਪੱਤਰਕਾਰੀ ਅਤੇ ਸਿਆਸਤ ਦੋਹਾਂ ਵਿੱਚ ਨੈਤਿਕਤਾ ਦੀ ਅਹਿਮੀਅਤ ’ਤੇ ਜ਼ੋਰ ਦਿੱਤਾ। ਗਡਕਰੀ ਨੇ ਸਮਾਰੋਹ ਵਿੱਚ ਚਾਰ ਸੀਨੀਅਰ ਪੱਤਰਕਾਰਾਂ ਨੂੰ ਪੱਤਰਕਾਰੀ ਵਿੱਚ ਵਧੀਆ ਸੇਵਾਵਾਂ ਲਈ 2023-24 ਦੇ ਅਨਿਲਕੁਮਾਰ ਪੁਰਸਕਾਰ ਨਾਲ ਸਨਮਾਨਿਤ ਕੀਤਾ। -ਪੀਟੀਆਈ