ਪਿੰਡ ਦਿਓਣ ਨੇੜੇ ਹਾਦਸੇ ਵਿੱਚ ਪੁਲੀਸ ਮੁਲਾਜ਼ਮ ਦੀ ਮੌਤ
ਮਨੋਜ ਸ਼ਰਮਾ
ਬਠਿੰਡਾ, 4 ਅਗਸਤ
ਬਠਿੰਡਾ-ਸ੍ਰੀ ਮੁਕਤਸਰ ਸਾਹਿਬ ਰੋਡ ’ਤੇ ਪੈਂਦੇ ਪਿੰਡ ਦਿਓਣ ਨੇੜੇ ਬੀਤੀ ਅੱਧੀ ਰਾਤ ਇੱਕ ਤੇਜ਼ ਰਫਤਾਰ ਬੌਲੈਰੋ ਗੱਡੀ ਦਰੱਖਤ ਨਾਲ ਟਕਰਾ ਗਈ ਜਿਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਸਨਾਖ਼ਤ ਪੁਲੀਸ ਮੁਲਾਜ਼ਮ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਨਵਜੋਤ ਸਿੰਘ ਸ੍ਰੀ ਮੁਕਤਸਰ ਸਾਹਿਬ ਵਿੱਚ ਬਤੌਰ ਹੈੱਡ ਕਾਂਸਟੇਬਲ ਐਮਟੀ ਸੈੱਲ ਵਿੱਚ ਤਾਇਨਾਤ ਸੀ ਜੋ ਬੀਤੀ ਅੱਧੀ ਰਾਤ ਬਠਿੰਡਾ ਤੋਂ ਸ੍ਰੀ ਮੁਕਤਸਰ ਸਾਹਿਬ ਵੱਲ ਆ ਰਿਹਾ ਸੀ, ਜਿਵੇਂ ਹੀ ਉਹ ਦਿਉਣ ਦੇ ਬੱਸ ਅੱਡੇ ਨੇੜੇ ਪੁੱਜਾ ਤਾਂ ਉਸ ਦੀ ਗੱਡੀ ਬੇਕਾਬੂ ਹੋ ਕੇ ਸੜਕ ਕਿਨਾਰੇ ਨਿੰਮ ਦੇ ਦਰੱਖਤ ਨਾਲ ਟਕਰਾ ਗਈ, ਜਿਸ ਕਰਕੇ ਗੱਡੀ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਰਾਤ ਵੇਲੇ ਹੋਏ ਖੜਾਕ ਸੁਣ ਕੇ ਆਸ-ਪਾਸ ਘਰਾਂ ਦੇ ਲੋਕ ਘਟਨਾ ਸਥਾਨ ਤੇ ਇਕੱਠੇ ਹੋਏ ਤਾਂ ਉਨ੍ਹਾਂ ਜ਼ਖ਼ਮੀ ਨੂੰ ਕਾਰ ਵਿਚ ਕੱਢ ਕੇ ਐਂਬੂਲੈਂਸ ਰਾਹੀਂ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਪਹੁੰਚਾਇਆ ਗਿਆ ਜਿੱਥੇ ਕਿ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸਿਪਾਹੀ ਨਵਜੋਤ ਸਿੰਘ ਦੀ ਮ੍ਰਿਤਕ ਦੇਹ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਰੂਮ ਵਿੱਚ ਰੱਖਿਆ ਗਿਆ ਜਿਥੇ ਮੁਢਲੀ ਕਾਰਵਾਈ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕੀਤੀ ਜਾਵੇਗੀ। ਨਵਜੋਤ ਸਿੰਘ ਦੇ ਪਰਿਵਾਰ ਵਿਚ ਦੋ ਛੋਟੇ ਬੱਚੇ ਵੀ ਹਨ।
ਮੋਟਰਸਾਈਕਲ ਖੰਭੇ ਨਾਲ ਟਕਰਾਇਆ; 2 ਜ਼ਖ਼ਮੀ
ਸ਼ਹਿਣਾ (ਪੱਤਰ ਪ੍ਰੇਰਕ): ਕਸਬੇ ਸ਼ਹਿਣਾ ਦੇ ਦੋਹੇ ਬੱਸ ਅੱਡਿਆਂ ਦੇ ਵਿਚਕਾਰ ਵਾਪਰੇ ਸੜਕ ਹਾਦਸੇ ਵਿਚ ਦੋ ਜਣੇ। ਜਾਣਕਾਰ ਅਨੁਸਾਰ ਮੋਟਰਸਾਈਕਲ ’ਤੇ ਸਵਾਰ ਦੋ ਨੌਜਵਾਨ ਜਾ ਰਹੇ ਸਨ। ਇਸ ਦੌਰਾਨ ਉਨ੍ਹਾਂ ਦਾ ਮੋਟਰਸਾਈਕਲ ਬਿਜਲੀ ਦੇ ਖੰਭੇ ਨਾਲ ਟਕਰਾ ਗਿਆ ਜਿਸ ਕਾਰਨ ਉਹ ਦੋਵੇਂ ਜਣੇ ਜ਼ਖ਼ਮੀ ਹੋੲ। ਉਕਤ ਦੋਵੇਂ ਪਿੰਡ ਦਿਆਲਪੁਰਾ ਦੇ ਵਸਨੀਕ ਹਨ। ਇੱਕ ਨੌਜਵਾਨ ਸੁਰਜੀਤ ਸਿੰਘ ਦੇ ਸਿਰ ਅਤੇ ਮੂੰਹ ’ਤੇ ਕਾਫੀ ਸੱਟਾਂ ਲੱਗੀਆਂ। ਪ੍ਰਤੱਖਦਰਸ਼ੀਆਂ ਨੇ ਜ਼ਖ਼ਮੀਆਂ ਨੂੰ ਪੰਜਾਬ ਸਰਕਾਰ ਦੀ ਐਂਬੂਲੈਂਸ ਰਾਹੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿਥੇ ਉਹ ਜ਼ੇਰੇ ਇਲਾਜ ਹਨ।