ਦੋਰਾਹਾ ’ਚ ਕੱਪੜਿਆਂ ਦੇ ਸ਼ੋਅਰੂਮ ’ਤੇ ਪੁਲੀਸ ਵੱਲੋਂ ਛਾਪਾ
ਜੋਗਿੰਦਰ ਸਿੰਘ ਓਬਰਾਏ
ਦੋਰਾਹਾ, 28 ਨਵੰਬਰ
ਇਥੋਂ ਦੇ ਮਸ਼ਹੂਰ ਕੱਪੜਿਆਂ ਦੇ ਸ਼ੋਅਰੂਮ ’ਤੇ ਅੱਜ ਪੁਲੀਸ ਨੇ ਛਾਪਾ ਮਾਰਿਆ। ਇਸ ਛਾਪੇ ਦੌਰਾਨ ਐਡੀਡਾਸ ਏਜੀ ਤੇ ਮੈਸਰਜ਼ ਲੀਵਾਈਸ ਕੰਪਨੀਆਂ ਦੇ ਫੀਲਡ ਅਫਸਰ ਵੀ ਪੁਲੀਸ ਦੇ ਨਾਲ ਸ਼ਾਮਲ ਸਨ। ਛਾਪਾਮਾਰੀ ਵਿੱਚ ਸ਼ੋਅਰੂਮ ਦੇ ਅੰਦਰੋਂ ਐਡੀਡਾਸ ਏਜੀ ਤੇ ਮੈਸਰਜ਼ ਲੀਵਾਈਸ ਕੰਪਨੀਆਂ ਦੇ ਲੇਬਲ ਲੱਗੇ ਹੋਏ ਨਕਲੀ ਕੱਪੜੇ ਬਰਾਮਦ ਕੀਤੇ ਗਏ। ਸ਼ੋਅਰੂਮ ਦੇ ਮਾਲਕ ਵੱਲੋਂ ਇਹ ਨਕਲੀ ਸਾਮਾਨ ਮਹਿੰਗੇ ਭਾਅ ਵਿੱਚ ਵੇਚ ਕੇ ਗਾਹਕਾਂ ਨਾਲ ਧੋਖਾ ਕੀਤਾ ਜਾ ਰਿਹਾ ਸੀ। ਇਸ ਦੌਰਾਨ ਪੁਲੀਸ ਨੇ ਇੱਕ ਮੁਲਜ਼ਮ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ ਜਿਸ ਦੀ ਪਛਾਣ ਜਸਪ੍ਰੀਤ ਸਿੰਘ ਵਜੋਂ ਦੱਸੀ ਗਈ ਹੈ। ਇਸ ਸਬੰਧ ਵਿੱਚ ਪੁਲੀਸ ਵੱਲੋਂ ਦਰਜ ਕੀਤੀ ਗਈ ਐੱਫਆਈਆਰ ਵਿੱਚ ਸ਼ੋਅਰੂਮ ਦੇ ਮਾਲਕ ਦਾ ਨਾਂ ਵੀ ਸ਼ਾਮਲ ਕੀਤਾ ਗਿਆ ਹੈ। ਦੋੋਰਾਹਾ ਥਾਣੇ ਦੇ ਐੱਸਐੱਚਓ ਰਾਓ ਵਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਨਵੀਂ ਦਿੱਲੀ ਵਾਸੀ ਰਾਧੇ ਸ਼ਿਆਮ ਯਾਦਵ ਨੇ ਸ਼ਿਕਾਇਤ ਕੀਤੀ ਸੀ ਜੋ ਐਡੀਡਸ ਏਜੀ ਅਤੇ ਮੈਸਰਜ਼ ਲਿਵਾਈਸ ਟਰੈਵਲਜ਼ ਐਂਡ ਕੰਪਨੀ ਦਾ ਫੀਲਡ ਅਫ਼ਸਰ ਹੈ। ਸ਼ਿਕਾਇਤ ਵਿੱਚ ਦੱਸਿਆ ਗਿਆ ਸੀ ਕਿ ਕੰਪਨੀ ਵੱਲੋਂ ਦੋਰਾਹਾ ਸ਼ਹਿਰ ਦਾ ਸਰਵੇਖਣ ਕੀਤਾ ਗਿਆ ਤੇ ਪਾਇਆ ਗਿਆ ਕਿ ਉਕਤ ਸ਼ੋਅਰੂਮ ਦਾ ਮਾਲਕ ਆਪਣੀ ਦੁਕਾਨ ’ਤੇ ਸਸਤੇ ਕੱਪੜਿਆਂ ’ਤੇ ਐਡੀਡਸ ਏਜੀ ਅਤੇ ਲੀਵਾਈਸ ਕੰਪਨੀ ਦੇ ਟੈਗ ਲਗਾ ਕੇ ਪੈਂਟ, ਕਮੀਜ਼, ਜੈਕਟ, ਲੋਅਰ ਆਦਿ ਵੇਚ ਰਿਹਾ ਹੈ ਜਦਕਿ ਇਹ ਸਾਰੇ ਕੱਪੜੇ ਅਸਲ ਕੰਪਨੀਆਂ ਵੱਲੋਂ ਤਿਆਰ ਨਹੀਂ ਕੀਤੇ ਗਏ ਹਨ। ਇਸ ਸ਼ਿਕਾਇਤ ਦੇ ਆਧਾਰ ’ਤੇ ਪੁਲੀਸ ਨੇ ਅੱਜ ਦੀ ਕਾਰਵਾਈ ਅਮਲ ਵਿੱਚ ਲਿਆਉਂਦਿਆਂ ਵੱਡੀ ਗਿਣਤੀ ਵਿੱਚ ਨਕਲੀ ਬਰੈਡਿਡ ਕੱਪੜੇ ਬਰਾਮਦ ਕੀਤੇ ਹਨ। ਐੱਸਐੱਚਓ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ ਦੁਕਾਨ ਦੇ ਮੈਨੇਜਰ ਜਸਪ੍ਰੀਤ ਸਿੰਘ ਨੂੰ ਮੌਕੇ ’ਤੇ ਕਾਬੂ ਕਰਕੇ ਸ਼ੋਅਰੂਮ ਦੇ ਮਾਲਕ ਨੂੰ ਨਾਮਜ਼ਦ ਕੀਤਾ ਗਿਆ ਹੈ।