ਸਫ਼ਰ-ਏ-ਸ਼ਹਾਦਤ ਨੂੰ ਸਮਰਪਿਤ ਕਵੀ ਦਰਬਾਰ
ਗੁਰਦੀਸ਼ ਕੌਰ ਗਰੇਵਾਲ
ਕੈਲਗਰੀ : ਈ ਦੀਵਾਨ ਸੁਸਾਇਟੀ, ਕੈਲਗਰੀ ਵੱਲੋਂ ਆਪਣੇ ਹਫ਼ਤਾਵਾਰੀ ਪ੍ਰੋਗਰਾਮ ਵਿੱਚ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਆਨਲਾਈਨ ਅੰਤਰਰਾਸ਼ਟਰੀ ਕਵੀ ਦਰਬਾਰ ਕਰਵਾਇਆ ਗਿਆ। ਇਸ ਵਿੱਚ ਵੱਖ ਵੱਖ ਦੇਸ਼ਾਂ ਤੋਂ ਕਵੀਆਂ ਨੇ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ।
ਸਭ ਤੋਂ ਪਹਿਲਾਂ ਸੁਸਾਇਟੀ ਦੇ ਸੰਸਥਾਪਕ ਬਲਰਾਜ ਸਿੰਘ ਨੇ ਸਭ ਨੂੰ ‘ਜੀ ਆਇਆਂ’ ਆਖਦੇ ਹੋਏ ਕਵੀ ਦਰਬਾਰ ਦੇ ਮਕਸਦ ’ਤੇ ਚਾਨਣਾ ਪਾਇਆ। ਪ੍ਰੋਗਰਾਮ ਦਾ ਆਰੰਭ ਟੋਰਾਂਟੋ ਤੋਂ ਅਨੁਰੀਤ ਕੌਰ ਅਤੇ ਜੈਪੁਰ ਤੋਂ ਬ੍ਰਿਜਮਿੰਦਰ ਕੌਰ ਦੇ ਸ਼ਬਦ ਗਾਇਨ ਨਾਲ ਹੋਇਆ। ਫਿਰ ਟੋਰਾਂਟੋ ਤੋਂ ਆਈ ਸਿਮਰਲੀਨ ਕੌਰ ਅਤੇ ਪਰਮਜੀਤ ਸਿੰਘ ਨੇ ‘ਧੰਨ ਮਾਤਾ ਗੁਜਰੀ’ ਸੁਣਾ ਕੇ ਕਾਵਿਮਈ ਮਾਹੌਲ ਦੀ ਸਿਰਜਣਾ ਕੀਤੀ। ਨਵੀਂ ਪੀੜ੍ਹੀ ਦੀ ਤਰਜ਼ਮਾਨੀ ਕਰਦੀ ਰਾਮਪੁਰਾ ਫੂਲ ਬਠਿੰਡਾ ਤੋਂ ਆਈ ਹਰਪ੍ਰੀਤ ਕੌਰ ਰੇਨੂੰ ਨੇ ‘ਵਾਟਾਂ ਲੰਮੀਆਂ ਤੇ ਰਸਤਾ ਪਹਾੜ ਦਾ’ ਸੁਰੀਲੀ ਆਵਾਜ਼ ਵਿੱਚ ਗਾ ਕੇ ਸਭ ਨੂੰ ਭਾਵੁਕ ਕਰ ਦਿੱਤਾ।
ਜੰਡਿਆਲਾ ਗੁਰੂ ਅੰਮ੍ਰਿਤਸਰ ਤੋਂ ਆਏ ਪੰਥਕ ਸ਼ਾਇਰ ਸ਼ੁਕਰਗੁਜ਼ਾਰ ਸਿੰਘ ਨੇ ਮਾਤਾ ਗੁਜਰੀ ਜੀ ’ਤੇ ਲਿਖੀ ਆਪਣੀ ਰਚਨਾ ‘ਸ਼ਬਦਾਂ ’ਚ ਹੁੰਦੀ ਬਿਆਨ ਨਾ ਗੁਜ਼ਰੀ’ ਸਾਂਝੀ ਕੀਤੀ। ਦਲਜੀਤ ਕੌਰ ਲੁਧਿਆਣਾ ਨੇ ਗੁਰਦੀਸ਼ ਕੌਰ ਦਾ ਲਿਖਿਆ ਗੀਤ, ‘ਅਸੀਂ ਕਰਨੀ ਨਾ ਈਨ ਪ੍ਰਵਾਨ ਸੂਬਿਆ’ ਅਤੇ ਇਸੇ ਸ਼ਹਿਰ ਦੇ ਵਸਨੀਕ ਪਰਮਿੰਦਰ ਸਿੰਘ ਅਲਬੇਲਾ ਨੇ ਗੀਤ ‘ਛੋਟੇ ਲਾਲਾਂ ਦੀ ਕਹਾਣੀ- ਔਖੀ ਸੁਣਨੀ ਸੁਣਾਉਣੀ’ ਸੁਣਾ ਕੇ ਛੋਟੇ ਸਾਹਿਬਜ਼ਾਦਿਆਂ ਨੂੰ ਸਿੱਜਦਾ ਕੀਤਾ। ਟੋਰਾਂਟੋ ਤੋਂ ਆਏ ਪਿਆਰਾ ਸਿੰਘ ਕੁਦੋਵਾਲ ਨੇ ‘ਅਸੀਂ ਮੁੜ ਨਹੀਂਉਂ ਆਨੰਦਪੁਰ ਆਉਣਾ, ਨੀਂ ਆਨੰਦਪੁਰੀਏ’ ਰਚਨਾ ਰਾਹੀਂ ਸਾਹਿਬਜ਼ਾਦਾ ਅਜੀਤ ਸਿੰਘ ਦੀ ਮਨੋਦਸ਼ਾ ਨੂੰ ਬਿਆਨ ਕੀਤਾ। ਸਿਆਟਲ ਤੋਂ ਅਵਤਾਰ ਸਿੰਘ ਆਦਮਪੁਰੀ ਨੇ ‘ਇੱਕ ਦੇਣਾ ਔਖਾ ਦਾਤਾ ਵਾਰ ਗਿਓਂ ਜੋੜੀਆਂ’ ਗੀਤ ਗਾ ਕੇ ਮਾਹੌਲ ਨੂੰ ਭਾਵੁਕ ਬਣਾ ਦਿੱਤਾ। ਕੈਲਗਰੀ ਦੇ ਉੱਭਰਦੇ ਸ਼ਾਇਰ ਅਮਨਪ੍ਰੀਤ ਸਿੰਘ ਦੁੱਲਟ ਨੇ ਸਫ਼ਰ ਏ ਸ਼ਹਾਦਤ ਨੂੰ ਬਿਆਨ ਕਰਦੀ ਹੋਈ ਕਵਿਤਾ ਸਾਂਝੀ ਕੀਤੀ। ਪ੍ਰੋ. ਕੁਲਦੀਪ ਸਿੰਘ ਚਾਨੇ ਕੈਲਗਰੀ ਨੇ ਆਪਣੀ ਲਿਖੀ ਹੋਈ ਗ਼ਜ਼ਲ ਰਾਹੀਂ ਮਾਣਮੱਤੇ ਸਿੱਖ ਇਤਿਹਾਸ ਦੀ ਬਾਤ ਪਾਈ। ਸਰੀ ਬੀਸੀ ਤੋਂ ਆਏ ਪਲਵਿੰਦਰ ਸਿੰਘ ਰੰਧਾਵਾ ਨੇ ਆਪਣੇ ਗੀਤ ਰਾਹੀਂ ਸਾਹਿਬਜ਼ਾਦਿਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਮੇਜ਼ਬਾਨ ਗੁਰਦੀਸ਼ ਕੌਰ ਨੇ ਆਪਣੀ ਗ਼ਜ਼ਲ ਦੇ ਚੰਦ ਕੁ ਸ਼ਿਅਰ ਸੁਣਾ ਕੇ ਮਾਤਾ ਗੁਜਰੀ ਜੀ ਦੀ ਕੁਰਬਾਨੀ ਨੂੰ ਯਾਦ ਕੀਤਾ, ਜਦੋਂ ਕਿ ਟੋਰਾਂਟੋ ਤੋਂ ਆਏ ਸ਼ਾਇਰ ਸੁਜਾਨ ਸਿੰਘ ਸੁਜਾਨ ਨੇ ਦੋਵਾਂ ਵਿਸ਼ਿਆਂ ’ਤੇ ਆਪਣੇ ਉਮਦਾ ਸ਼ਿਅਰ ਸੁਣਾ ਕੇ ਲਾਸਾਨੀ ਸ਼ਹਾਦਤਾਂ ਨੂੰ ਪ੍ਰਣਾਮ ਕੀਤਾ। ਹਰਮਿੰਦਰ ਪਾਲ ਸਿੰਘ ਨੇ ਵੀ ਚਰਨ ਸਿੰਘ ਸਫਰੀ ਦਾ ਮਾਤਾ ਗੁਜਰੀ ਜੀ ’ਤੇ ਲਿਖਿਆ ਇੱਕ ਸ਼ਿਅਰ ਗਾ ਕੇ ਸਾਂਝ ਪਾਈ। ਮੰਚ ਸੰਚਾਲਨ ਦੀ ਭੂਮਿਕਾ ਗੁਰਦੀਸ਼ ਕੌਰ ਅਤੇ ਸੁਜਾਨ ਸਿੰਘ ਸੁਜਾਨ ਨੇ ਰਲ਼ ਕੇ ਬਾਖੂਬੀ ਨਿਭਾਈ। ਅੰਤ ਵਿੱਚ ਡਾਕਟਰ ਸੁਰਜੀਤ ਸਿੰਘ ਭੱਟੀ ਨੇ ਕਵੀਆਂ ਦਾ ਧੰਨਵਾਦ ਕਰਦੇ ਹੋਏ, ਸੁਸਾਇਟੀ ਦੇ ਮੈਗਜ਼ੀਨ ‘ਸਾਂਝੀ ਵਿਰਾਸਤ’ ਲਈ ਅਤੇ ਵਿਨੀਪੈਗ ਤੋਂ ਆਈ ਨਵਨੀਤ ਕੌਰ ਨੇ ਰਚਨਾਵਾਂ ਭੇਜਣ ਦੀ ਸਮੂਹ ਕਵੀ ਸਾਹਿਬਾਨ ਨੂੰ ਬੇਨਤੀ ਕੀਤੀ।
ਸੰਪਰਕ : 1 403 404 1450