ਸ਼ਾਇਰ ਦੇਸ ਪੰਜਾਬ ਦਾ, ਅਹਿਮਦ ਉਹਦਾ ਨਾਂ
ਸਵਰਾਜਬੀਰ
ਲਗਭਗ 10-11 ਵਰ੍ਹੇ ਪਹਿਲਾਂ ਇਕ ਸ਼ਾਮ ਮੈਂ ਪੰਜਾਬ ਦੀ ਇਕ ਪ੍ਰਮੁੱਖ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਫੋਨ ਕੀਤਾ ਕਿ ਮੈਂ ਹੁਣ ਉਨ੍ਹਾਂ ਦੀ ਯੂਨੀਵਰਸਿਟੀ ਮੁੜ ਕਦੀ ਨਹੀਂ ਆਵਾਂਗਾ। ਉਨ੍ਹਾਂ ਨੇ ਕਾਰਨ ਪੁੱਛਿਆ ਤਾਂ ਮੈਂ ਕਿਹਾ ਕਿ ਉਨ੍ਹਾਂ ਨੇ ਸਾਡੇ ਪਿਉ ਨੂੰ ਯੂਨੀਵਰਸਿਟੀ ਵਿਚੋਂ ਕੱਢ ਦਿੱਤਾ ਏ। ਉਹ ਕਹਿਣ ਲੱਗੇ, ‘‘ਮੈਂ ਗੱਲ ਸਮਝਿਆ ਨਹੀਂ।’’ ਮੈਂ ਦੱਸਿਆ ਕਿ ਕਿਵੇਂ ਉਨ੍ਹਾਂ ਦੇ ਦਫ਼ਤਰ ਨੇ ਪੰਜਾਬੀ ਸ਼ਾਇਰ ਅਹਿਮਦ ਸਲੀਮ ਲਈ ਬੁੱਕ ਕੀਤਾ ਗਿਆ ਕਮਰਾ ਕੈਂਸਲ ਕਰ ਦਿੱਤਾ ਸੀ ਅਤੇ ਫਿਰ ਯੂਨੀਵਰਸਿਟੀ ਦੇ ਇਕ ਪ੍ਰੋਫੈਸਰ ਨੇ ਉਨ੍ਹਾਂ ਦਾ ਯੂਨੀਵਰਸਿਟੀ ਤੋਂ ਬਾਹਰ ਰਹਿਣ ਦਾ ਇੰਤਜ਼ਾਮ ਕੀਤਾ ਸੀ। ਵਾਈਸ ਚਾਂਸਲਰ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਉਹ ਵਿਅਕਤੀ ਅਹਿਮਦ ਸਲੀਮ ਸੀ ਕਿਉਂਕਿ ਉਨ੍ਹਾਂ ਨੂੰ ਸਲਾਹ ਦਿੱਤੀ ਗਈ ਸੀ ਕਿ ਲਹਿੰਦੇ ਪੰਜਾਬ ਤੋਂ ਆਉਂਦੇ ਪ੍ਰਾਹੁਣਿਆਂ ਨੂੰ ਯੂਨੀਵਰਸਿਟੀ ਵਿਚ ਨਾ ਠਹਿਰਾਇਆ ਜਾਵੇ। ਗੱਲ ਸੁਣ ਕੇ ਇਕ ਪੰਜਾਬੀ ਦਾਨਿਸ਼ਵਰ ਨੇ ਕਿਹਾ ਕਿ ਸਾਡੇ ਲੋਕ ਕਦੋਂ ਸਮਝਣਗੇ ਕਿ ਪੰਜਾਬ ਦੇ ਹਵਾਲੇ ਨਾਲ ਅਹਿਮਦ ਸਲੀਮ ਕਿੰਨਾ ਵੱਡਾ ਬੰਦਾ ਹੈ। ਅਹਿਮਦ ਸਲੀਮ ਐਤਵਾਰ ਇਸ ਦੁਨੀਆ ਤੋਂ ਵਿਦਾ ਹੋ ਗਏ।
ਅਹਿਮਦ ਸਲੀਮ ਪੰਜਾਬ ਦੇ ਹਵਾਲੇ ਨਾਲ ਹੀ ਨਹੀਂ ਸਗੋਂ ਇਨਸਾਨੀਅਤ ਦੇ ਹਵਾਲੇ ਨਾਲ ਵੀ ਬਹੁਤ ਵੱਡਾ ਇਨਸਾਨ ਤੇ ਸ਼ਾਇਰ ਸੀ; ਉਹ ਆਧੁਨਿਕ ਪੰਜਾਬੀ ਸ਼ਾਇਰੀ ਦੇ ਵਡੇਰਿਆਂ ਵਿਚੋਂ ਸਿਰਕੱਢ ਹੈ, ਉਹ ਸ਼ਾਇਰ, ਜਿਸ ਨੇ 1970-71 ਵਿਚ ਪਾਕਿਸਤਾਨੀ ਫ਼ੌਜ ਦੇ ਪੂਰਬੀ ਪਾਕਿਸਤਾਨ (ਹੁਣ ਬੰਗਲਾਦੇਸ਼) ਵਿਚ ਢਾਹੇ ਜਾ ਰਹੇ ਜ਼ੁਲਮ ਵਿਰੁੱਧ ਆਵਾਜ਼ ਬੁਲੰਦ ਕੀਤੀ। ਉਸ ਸਮੇਂ ਪਾਕਿਸਤਾਨ ਵਿਚ ਯਾਹੀਆ ਖਾਂ ਦੀ ਫ਼ੌਜੀ ਹਕੂਮਤ ਸੀ ਅਤੇ ਪਾਕਿਸਤਾਨੀ ਫ਼ੌਜ ਢਾਕਾ ਯੂਨੀਵਰਸਿਟੀ ਤੋਂ ਲੈ ਕੇ ਬੰਗਲਾਦੇਸ਼ ਦੇ ਪਿੰਡਾਂ ਤੱਕ ਕਹਿਰ ਢਾਹ ਰਹੀ ਸੀ। ਫ਼ੌਜ ਨੇ 5 ਲੱਖ ਤੋਂ ਵੱਧ ਬੰਗਾਲੀਆਂ ਨੂੰ ਮਾਰਿਆ ਤੇ ਇਸ ਤੋਂ ਕਿਤੇ ਵੱਧ ਭੁੱਖ ਨਾਲ ਮਰੇ, 10 ਲੱਖ ਲੋਕ ਭਾਰਤ ਵਿਚ ਸ਼ਰਨਾਰਥੀ ਬਣੇ ਅਤੇ 2 ਲੱਖ ਤੋਂ ਵੱਧ ਔਰਤਾਂ ਜਬਰ-ਜਨਾਹ ਦਾ ਸ਼ਿਕਾਰ ਹੋਈਆਂ। ਇਨ੍ਹਾਂ ਫ਼ੌਜੀਆਂ ਨੂੰ ਪੱਛਮੀ ਪਾਕਿਸਤਾਨ ਤੇ ਲਹਿੰਦੇ ਪੰਜਾਬ ਵਿਚ ਪਾਕਿਸਤਾਨ ਦੀ ਏਕਤਾ ਕਾਇਮ ਰੱਖਣ ਵਾਲੇ ਨਾਇਕਾਂ ਵਜੋਂ ਦੇਖਿਆ ਜਾ ਰਿਹਾ ਸੀ। ਫ਼ੌਜੀਆਂ ਦੀ ਵੱਡੀ ਗਿਣਤੀ ਪੰਜਾਬੀ, ਪਠਾਣ ਤੇ ਬਲੋਚ ਸਨ। ਆਪਣੀ ਭੋਇੰ ਦੇ ਸੈਨਿਕਾਂ ਦਾ ਵਿਰੋਧ ਕਰਨਾ ਸੌਖਾ ਨਹੀਂ ਹੁੰਦਾ ਪਰ ਅਹਿਮਦ ਸਲੀਮ ਨੇ ਪੂਰਬੀ ਪਾਕਿਸਤਾਨ (ਹੁਣ ਬੰਗਲਾਦੇਸ਼) ਦੀ ਧਰਤੀ ਮਾਂ ਨੂੰ ਸੰਬੋਧਨ ਕਰਦਿਆਂ ਲਿਖਿਆ:
ਦੋ ਰਾਤਾਂ ਅਸਾਂ ਹੰਢਾਈਆਂ ਅੰਬੜੀਏ ਭੋਲੀਏ ਨੀਂ!
ਪੰਜਾਂ ਨੈਣਾਂ ਆਲੀ ਗੋਰੀ ਦੇ ਦੇਸ਼ ’ਚੋਂ
ਭੈੜੀਆਂ ਵਰਦੀਆਂ ਪਾਈ ਕੁਝ ਗੱਭਰੂ ਆਏ
ਤੇ ਪਹਿਲੀ ਰਾਤ ਬੂਟਾਂ ਦੀ ਖੜ ਖੜ ਨਾਲ ਤੇਰੀ ਛਾਤੀ ਕੰਬੀ
ਦੂਜੀ ਰਾਤੇ ਗੋਲੀਆਂ ਦੀ ਵਾਛੜ ਨਾਲ
ਤੇਰੀ ਹਿੱਕ ਪਾਟ ਗਈ।
ਤੇ ਸਾਡੇ ਗੀਤਾਂ ਦੇ ਸੁਰ ਤੇਜ਼ ਹੋ ਗਏ, ਹੋਰ ਤੇਜ਼ ਹੋ ਗਏ
ਦੋ ਰਾਤਾਂ ਸਾਡੇ ਤੇ ਆਈਆਂ, ਅੰਬੜੀਏ ਭੋਲੀਏ ਨੀਂ
ਪਹਿਲੀ ਰਾਤ, ਚੰਨ ਦੇ ਮੂੰਹ ਤੇ ਧੂੜ ਪਈ
ਦੂਜੀ ਰਾਤੇ, ਤੂੰ ਲਹੂ ਦੇ ਨੀਰ ’ਚ ਡੁੱਬਣ ਲੱਗੀ
ਪੰਜਾਂ ਨੈਣਾਂ ਆਲੀ ਗੋਰੀ
ਨੀਵੀਂ ਪਾਈ, ਪਈ ਬੁਕ ਬੁਕ ਹੰਝੂ ਕੇਰਦੀ
ਉਹਦੇ ਗੱਭਰੂ ਪਹਿਲੇ ਉਹਦੀ ਚਾਨਣੀ ਚੁਰਾਈ
ਫਿਰ ਤੇਰੇ ਜੂੜੇ ਦਾ ਚੰਨ ਲੁੱਟਣ ਲੱਗਿਆਂ
ਓਪਰੀ ਜਿਹੀ ਬੋਲੀ ਬੋਲਦਾ
ਏਹੋ ਬੋਲੀ ਅੱਧੀ ਰਾਤੀਂ ਬਲਦੇ ਸੂਰਜ ਬੋਲੀ।
ਇਹ ਕੀ ਗੱਲ ਏ?
ਸੂਰਜ ਦਿਨੇ ਖਿੜੇ ਤਾਂ ਧਰਤੀ ਸੁਹਣੀ ਨੂੰ ਰੂਪ ਚੜ੍ਹੇ
ਸੂਰਜ ਰਾਤੀਂ ਬਲੇ ਤਾਂ ਤੇਰਾ ਜੂੜਾ ਬਲੇ।
ਇਹ ਸੀ ਅਹਿਮਦ ਸਲੀਮ, ਜਿਸ ਨੂੰ ਜ਼ੁਲਮ ਸਹਿ ਰਹੇ ਬੰਗਾਲੀਆਂ ਦੀ ਹਮਾਇਤ ਵਿਚ ਲਿਖਣ ਲਈ ਪਾਕਿਸਤਾਨ ਹਕੂਮਤ ਨੇ ਗ੍ਰਿਫ਼ਤਾਰ ਕੀਤਾ, ਜੁਰਮਾਨਾ ਕੀਤਾ ਤੇ ਕੋੜੇ ਮਾਰਨ ਦੀ ਸਜ਼ਾ ਸੁਣਾਈ; ਲਹਿੰਦੇ ਪੰਜਾਬ ਵਿਚ ਰਹਿੰਦਿਆਂ ਇਹ ਕਵਿਤਾਵਾਂ ਲਿਖ ਕੇ ਉਹ ਇਨਸਾਨੀਅਤ, ਪੰਜਾਬੀਅਤ ਤੇ ਪੰਜਾਬੀ ਭਾਸ਼ਾ ਦਾ ਲੱਜਪਾਲ ਬਣਿਆ, ਇਕ ਨਾਇਕ ਕਵੀ। ਉਸ ਸਮੇਂ ਚੜ੍ਹਦੇ ਪੰਜਾਬ ਦੇ ਸ਼ਾਇਰ ਪਾਸ਼ ਨੇ ਉਸ ਨੂੰ ਹਾਕ ਮਾਰਦਿਆਂ ਕਿਹਾ ਸੀ, ‘‘ਐ ਕਲਮ ਦੇ ਕਿਰਤੀਆ ਵੇ, ਐ ਮੇਰੇ ਅਹਿਮਦ ਸਲੀਮ/ਚੁੰਮ ਕੇ ਸੀਖਾਂ, ਮੇਰੇ ਸੱਜਰੇ ਬਣੇ ਰਿਸ਼ਤੇ ਦੇ ਵੀਰ/ਮੈਂ ਵੀ ਹਾਂ ਜੇਲ੍ਹਾਂ ਦਾ ਸ਼ਾਇਰ, ਮੇਰਾ ਵੀ ਇਸ਼ਕ ਲੋਕ/ਤੈਨੂੰ ਪੱਛਦੇ ਨੇ ਪਿੰਡੀ ਦੇ, ਤੇ ਮੈਨੂੰ ਦਿੱਲੀ ਦੇ ਤੀਰ।’’
ਬੇਇਨਸਾਫ਼ੀ ਵਿਰੁੱਧ ਝੰਡਾ ਬੁਲੰਦ ਕਰਨ ਵਾਲੇ ਇਸ ਅਜ਼ੀਮ ਸ਼ਾਇਰ ਦਾ ਜਨਮ 26 ਜਨਵਰੀ 1945 ਨੂੰ ਪੰਜਾਬ ਦੇ ਗੁਜਰਾਤ ਜ਼ਿਲ੍ਹੇ ਦੇ ਪਿੰਡ ਮਿਆਣਾ ਗੋਂਦਲ ’ਚ ਹੋਇਆ। ਉਸ ਦਾ ਪਹਿਲਾ ਕਾਵਿ-ਸੰਗ੍ਰਹਿ ‘ਕਾਵਿ-ਮੁਨਾਰੇ’ ਸੀ, ਉਸ ਦੀਆਂ ਕੁਝ ਮਸ਼ਹੂਰ ਕਿਤਾਬਾਂ ਦੇ ਨਾਂ ਹਨ ‘ਕੂੰਜਾਂ ਮੋਈਆਂ’, ‘ਘੜੀ ਦੀ ਟਿੱਕ ਟਿੱਕ’, ‘ਮੇਰੀਆਂ ਨਜ਼ਮਾਂ ਮੋੜ ਦੇ’, ‘ਇਕ ਉੱਧੜੀ ਕਿਤਾਬ ਦੇ ਬੇਤਰਤੀਬੇ ਵਰਕੇ’ ਅਤੇ ਕਈ ਹੋਰ। ਹਰਭਜਨ ਹੁੰਦਲ ਅਨੁਸਾਰ ਉਸ ਦੀ ਚੋਣਵੀ ਕਵਿਤਾ 1974 ਵਿਚ ਪੰਜਾਬੀ ਲੇਖਕਾਂ ਜੋਗਿੰਦਰ ਸ਼ਮਸ਼ੇਰ ਤੇ ਸੰਤੋਖ ਸਿੰਘ ਸੰਤੋਖ ਦੇ ਉੱਦਮ ਸਦਕਾ ਆਰਸੀ ਪਬਲਿਸ਼ਰਜ਼ ਦਿੱਲੀ ਨੇ ‘ਤਨ ਤੰਬੂਰ’ ਦੇ ਨਾਂ ਹੇਠ ਛਾਪੀ।
ਪੰਜਾਬ ਦਾ ਸ਼ਾਇਰ ਹੋਵੇ ਤੇ ਉਸ ਨੂੰ ਪੰਜਾਬ ਦੇ ਵੰਡੇ ਜਾਣ ਦਾ ਦੁੱਖ ਨਾ ਹੋਵੇ; ਇਹ ਹੋ ਹੀ ਨਹੀਂ ਸਕਦਾ। ਇਸ ਸਬੰਧ ਵਿਚ ਅਹਿਮਦ ਸਲੀਮ ਨੇ ਕਈ ਕਵਿਤਾਵਾਂ ਲਿਖੀਆਂ। ਇਕ ਕਵਿਤਾ ਵਿਚ ਉਹ ਲਿਖਦਾ ਹੈ :
ਚਿੱਠੜੀ ਵੇ ਦਰਦ ਫ਼ਿਰਾਕ ਦੀ ਸੱਜਣ!
ਵਿਚੋਂ ਸਧਰਾਂ ਦੀ ਮਹਿਕ ਪਈ ਆਵੇ।
ਕਾਗ਼ਜ਼ ਦੀ ਭੌਇਂ ਬੜੀ ਸੂਹੀ ਤੇ ਸਾਵੀ
ਕੋਈ ਮੁਹੱਬਤਾਂ ਦਾ ਪਾਣੀ ਲਾਵੇ।
ਸੂਹੀ ਤੇ ਸਾਵੀ ਚੰਨਾਂ ਧਰਤ ਵੇ ਮੇਰੀ
ਉਤੋਂ ਚੋਰਾਂ ਦੇ ਸੌ ਸੌ ਦਾਅਵੇ
ਚੋਰਾਂ ਤੇ ਵੰਡ ਲਈ ਧਰਤ ਵੀ ਸਾਰੀ
ਕੌਣ ਅੱਖਰਾਂ ਨੂੰ ਕਲੇਜੜੇ ਲਾਵੇ
ਚਿੱਠੀ ਵੇ ਦਰਦ ਫ਼ਿਰਾਕ ਦੀ ਸੱਜਣ!
ਮੇਰਾ ਬੜਾ ਮਲੂਕ ਸਰਨਾਵਾਂ
ਕੋਠਿਉਂ ਤੇ ਲਥੜੀ ਵੇ, ਗਲੀਉਂ ਤੇ ਨਿਕਲੀ ਵੀ
ਕਿੰਜ ਪੈਂਡੇ ਕਟਦੀ ਜਾਵਾਂ
ਰਾਵੀ ਤੇ ਟੱਪਿਆਂ ਵੇ ਹੱਸਦਿਆਂ ਹੱਸਦਿਆਂ
ਸੋਹਣੇ ਪੁਲਾਂ ਨੂੰ ਦੇਂਦੀ ਦੁਆਵਾਂ
ਅੱਗੇ ਤਾਂ ਕੰਧਾਂ ਨੇ ਉੱਚੀਆਂ ਤੇ ਲੰਮੀਆਂ
ਦਸ ਕੀਕਣ ਤੈਂ ਵਲ ਆਵਾਂ।
ਅਹਿਮਦ ਸਲੀਮ ਨੇ ਬਹੁਤ ਯਾਦ ਆਉਣਾ ਏ। 10-11 ਵਰ੍ਹੇ ਪਹਿਲਾਂ ਮੈਂ ਦਿੱਲੀ ਵਿਚ ਉਨ੍ਹਾਂ ਨਾਲ ਇਕ ਲੰਮੀ ਮੁਲਾਕਾਤ ਰਿਕਾਰਡ ਕੀਤੀ (ਇਹ ਛਪੀ ਨਹੀਂ, ਇਹ ਮੇਰੀ ਉਨ੍ਹਾਂ ਨਾਲ ਪਹਿਲੀ ਤੇ ਆਖ਼ਰੀ ਮੁਲਾਕਾਤ ਸੀ)। ਮੈਂ ਉਨ੍ਹਾਂ ਨੂੰ ਪਹਿਲਾ ਸਵਾਲ ਪੁੱਛਿਆ ਕਿ, ‘‘ਤੁਹਾਡੀ ਜ਼ਿੰਦਗੀ ਅਤੇ ਕਵਿਤਾ ’ਤੇ ਫ਼ੈਜ਼ ਅਹਿਮਦ ਫ਼ੈਜ਼ ਤੇ ਜ਼ਹੀਰ ਕਸ਼ਮੀਰੀ ਦਾ ਕੀ ਪ੍ਰਭਾਵ ਪਿਆ?’’ ਅਹਿਮਦ ਸਲੀਮ ਨੇ ਕਿਹਾ, ‘‘ਤੁਹਾਨੂੰ ਕਿਵੇਂ ਪਤਾ ਏ ਕਿ ਮੈਂ ਇਨ੍ਹਾਂ ਲੋਕਾਂ ਦਾ ਮੁਰੀਦ ਰਿਹਾ ਹਾਂ।’’ ਮੈਂ ਕਿਹਾ ਕਿ ਮੈਂ ਤਾਂ ਅੰਦਾਜ਼ਾ ਲਗਾਇਆ ਏ ਤੇ ਦੂਸਰੀ ਗੱਲ, ਇਹ ਸਵਾਲ ਇਸ ਲਈ ਪੁੱਛਿਆ ਹੈ ਕਿਉਂਕਿ ਫ਼ੈਜ਼ ਤੇ ਜ਼ਹੀਰ ਦੋਵੇਂ ਅੰਮ੍ਰਿਤਸਰ ਰਹਿੰਦੇ ਸਨ, ਸ਼ਾਇਰ ਤੇ ਕਮਿਊਨਿਸਟ ਪਾਰਟੀ ਦੇ ਮੈਂਬਰ ਸਨ, ਦਿਨੇ ਕੰਮ-ਕਾਜ ਕਰਦੇ ਤੇ ਸ਼ਾਮ ਨੂੰ ਮਜ਼ਦੂਰਾਂ ਤੇ ਮਜ਼ਦੂਰਾਂ ਦੇ ਬੱਚਿਆਂ ਨੂੰ ਪੜ੍ਹਾਉਂਦੇ ਸਨ।… ਤੇ ਫਿਰ ਅਹਿਮਦ ਸਲੀਮ ਨੇ ਜੋ ਕਿੱਸਾ ਮੈਨੂੰ ਸੁਣਾਇਆ, ਉਸ ਦਾ ਸਾਰ ਇਹ ਹੈ : ‘‘ਅਹਿਮਦ ਸਲੀਮ ਹੋਰੀਂ ਇਕ ਸਰਕਾਰੀ ਕਾਲਜ ਵਿਚ ਪੜ੍ਹਦੇ ਸਨ ਤੇ ਉਨ੍ਹਾਂ ਨੂੰ ਵਜ਼ੀਫ਼ਾ ਮਿਲਦਾ ਸੀ। ਹੱਥ ਤੰਗ ਸੀ। ਇਕ ਅਖ਼ਬਾਰ ਨੇ ਫ਼ੈਜ਼ ਅਹਿਮਦ ਫ਼ੈਜ਼ ’ਤੇ ਮਜ਼ਮੂਨ ਲਿਖਣ ਦਾ ਮੁਕਾਬਲਾ ਕਰਾਇਆ। ਅਹਿਮਦ ਸਲੀਮ ਦਾ ਭੇਜਿਆ ਮਜ਼ਮੂਨ ਪਹਿਲੇ ਨੰਬਰ ’ਤੇ ਰਿਹਾ। ਸਲੀਮ ਹੋਰੀਂ ਅਖ਼ਬਾਰ ਦੇ ਦਫ਼ਤਰ ਗਏ ਤੇ ਪੁੱਛਿਆ, ‘‘ਕੀ ਇਨਾਮ ਰੱਖਿਆ ਜੇ?’’ ਅਖ਼ਬਾਰ ਵਾਲਿਆਂ ਦੱਸਿਆ ਕਿ ਫ਼ੈਜ਼ ਹੋਰੀਂ ਆਪਣੀਆਂ ਸਾਰੀਆਂ ਕਿਤਾਬਾਂ ਦਾ ਆਪਣੇ ਦਸਤਖ਼ਤਾਂ ਵਾਲਾ ਸੈੱਟ ਉਸ ਨੂੰ ਦੇਣਗੇ। ਸਲੀਮ ਹੋਰਾਂ ਕਿਹਾ ਕਿ ਉਹ ਸਾਰੀਆਂ ਕਿਤਾਬਾਂ ਤਾਂ ਉਨ੍ਹਾਂ ਕੋਲ ਹੈਣ ਈ, ਤਾਂ ਹੀ ਤਾਂ ਉਨ੍ਹਾਂ ਨੇ ਫ਼ੈਜ਼ ’ਤੇ ਮਜ਼ਮੂਨ ਲਿਖਿਆ ਏ ਤੇ ਅਖ਼ਬਾਰ ਵਾਲੇ ਚੰਗਾ ਕਰਨ ਤਾਂ ਇਨਾਮ ਵਿਚ ਕੁਝ ਪੈਸੇ ਦੇਣ। ਖ਼ੈਰ, ਇਨਾਮ ਵਿਚ ਕਿਤਾਬਾਂ ਦਾ ਸੈੱਟ ਮਿਲਿਆ ਜੋ ਸਲੀਮ ਹੋਰਾਂ ਨੇ ਇਕ ਕਿਤਾਬਾਂ ਵਾਲੇ ਨੂੰ ਵੇਚ ਦਿੱਤਾ। ਉੱਥੋਂ ਕਿਸੇ ਗਿਆਨਵਾਨ ਜੌਹਰੀ ਨੇ ਫ਼ੈਜ਼ ਦੇ ਦਸਤਖ਼ਤਾਂ ਵਾਲਾ ਸੈੱਟ ਖਰੀਦਿਆ ਤੇ ਫਿਰ ਗੱਲ ਅਖ਼ਬਾਰ ਵਾਲਿਆਂ ਤਕ ਪਹੁੰਚੀ ਕਿ ਇਨਾਮ ਯਾਫ਼ਤਾ ਮੁੰਡੇ ਨੇ ਫ਼ੈਜ਼ ਦੇ ਦਸਤਖਤਾਂ ਵਾਲਾ ਸੈੱਟ ਵੇਚ ਦਿੱਤਾ ਏ। ਅਹਿਮਦ ਸਲੀਮ ਨੂੰ ਸੁਨੇਹਾ ਮਿਲਿਆ ਕਿ ਫ਼ੈਜ਼ ਹੋਰੀਂ ਬਹੁਤ ਗੁੱਸੇ ਹੋਏ ਹਨ ਤੇ ਉਨ੍ਹਾਂ ਨੇ ਉਸ ਨੂੰ ਬੁਲਾਇਆ ਏ। ਫ਼ੈਜ਼ ਉਸ ਸਮੇਂ ਇਕ ਪ੍ਰਾਈਵੇਟ ਕਾਲਜ ਦੇ ਪ੍ਰਿੰਸੀਪਲ ਸਨ। ਅਹਿਮਦ ਸਲੀਮ ਮਿਲਣ ਪਹੁੰਚੇ ਤਾਂ ਫ਼ੈਜ਼ ਨੇ ਬਹਿਣ ਨੂੰ ਕਿਹਾ। ਓਨੇ ਚਿਰ ਵਿਚ ਦੁਪਹਿਰ ਦੀ ਰੋਟੀ ਦਾ ਵੇਲਾ ਹੋ ਗਿਆ ਤੇ ਦੋਵਾਂ ਨੇ ਰੋਟੀ ਖਾਧੀ ਤੇ ਪੂਰੀ ਗੱਲ ਹੋਈ। ਗੱਲ ਸੁਣ ਕੇ ਫ਼ੈਜ਼ ਨੇ ਕਾਲਜ ਦੇ ਵਾਈਸ ਪ੍ਰਿੰਸੀਪਲ ਨੂੰ ਬੁਲਾਇਆ ਤੇ ਕਿਹਾ ਕਿ ਉਹ ਅਹਿਮਦ ਸਲੀਮ ਨੂੰ ਆਪਣੇ ਕਾਲਜ ਵਿਚ ਦਾਖਲ ਕਰ ਲੈਣ ਤੇ ਉਸ ਨੂੰ ਕਮਿਊਨਿਸਟ ਪਾਰਟੀ ਦੇ ਮੈਂਬਰ ਵੀ ਬਣਾ ਲੈਣ (ਵਾਈਸ ਪ੍ਰਿੰਸੀਪਲ ਕਾਲਜ ਦੀ ਕਮਿਊਨਿਸਟ ਪਾਰਟੀ ਦਾ ਸੈਕਟਰੀ ਵੀ ਸੀ)। ਅਹਿਮਦ ਸਲੀਮ ਨੇ ਬਹੁਤ ਕਿਹਾ ਕਿ ਉਹ ਸਰਕਾਰੀ ਕਾਲਜ ਵਿਚ ਪੜ੍ਹਦੇ ਨੇ ਤੇ ਵਜ਼ੀਫ਼ਾ ਮਿਲਦਾ ਹੈ ਪਰ ਫ਼ੈਜ਼ ਹੋਰੀਂ ਨਹੀਂ ਮੰਨੇ ਅਤੇ ਉਨ੍ਹਾਂ ਕਿਹਾ ਕਿ ਸਭ ਪ੍ਰਬੰਧ ਹੋ ਜਾਏਗਾ।’’ ਅਹਿਮਦ ਸਲੀਮ ਨੇ ਇਹ ਕਿੱਸਾ ਸੁਣਾ ਕੇ ਕਿਹਾ, ‘‘’ਤੇ ਲਓ ਜੀ, ਏਦਾਂ ਅਸੀਂ ਕਮਿਊਨਿਸਟ ਵੀ ਬਣ ਗਏ ਤੇ ਸ਼ਾਇਰ ਵੀ।’’
ਅਹਿਮਦ ਸਲੀਮ ਨੇ ‘ਮਿਆਣਾ ਗੋਂਦਲ ਦਾ ਢੋਲਾ’ ਜਿਹੀ ਯਾਦਗਾਰੀ ਨਜ਼ਮ ਲਿਖੀ ਜਿਸ ਵਿਚ ਮਾਸੀ ਜਨਤੇ ਲੁਕ ਲੁਕ ਕੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੀ ਕਰਦੀ ਬੁੱਢੀ ਹੋ ਜਾਂਦੀ ਹੈ ਤੇ ਉਸ ਨੇ ਦੇਸ਼ ਪੰਜਾਬ ਦੀ ‘ਵਾਰ’ ਲਿਖੀ ਜਿਹਦੇ ‘ਵੀਰ’ ਬੰਗਲਾਦੇਸ਼ ਨੂੰ ਮਧੋਲਣ ਲਈ ਚੜ੍ਹਦੇ ਨੇ।… ਤੇ ਅੰਮ੍ਰਿਤਾ ਪ੍ਰੀਤਮ ਲਈ ਲਿਖੀ ਨਜ਼ਮ ਵਿਚ ਲਿਖਿਆ,‘‘ਕਦੋਂ ਵਿੱਥਾਂ ਨੂੰ ਇਸ਼ਕ ਦੀ ਸਾਰ ਹੁੰਦੀ/ਕਿਸੇ ਕੰਧ ਨੂੰ ਹੁਸਨ ਦੀ ਪੀੜ ਕਿੱਥੇ/ਪਾਟੀ ਚੁੰਨੀ ਦੇ ਵਾਂਗੂ ਹੈ ਦੁੱਖ ਸਾਡਾ/ਇਕ ਲੀਰ ਇੱਥੇ, ਦੂਜੀ ਲੀਰ ਕਿੱਥੇ?’’ ਅਹਿਮਦ ਸਲੀਮ ਨੇ ਨਿਜ਼ਾਮ ਤੇ ਸਮਾਜ ’ਚੋਂ ਉਪਜੀ ਬੇਗ਼ਾਨਗੀ ਹੰਢਾਈ ਤੇ ਲਿਖਿਆ ‘‘ਨਜ਼ਮ ਦੇ ਅੰਗ ਮੁਰਝਾਂਦੇ ਪਏ/ਦੋਸਤੀ ਦਾ ਕਾਅਬਾ ਮੇਰੀ ਪਨਾਹ ਨਹੀਂ ਬਣਿਆ/ਹੰਝੂਆਂ ਨੇ ਕਿਹੋ ਜਿਹਾ ਮੇਲ ਕਰਾਇਆ ਸੀ/ਮੈਨੂੰ ਆਪਣੇ ਘਰ ਦਾ ਰਾਹ ਭੁੱਲ ਗਿਆ ਏ।’’
ਅਹਿਮਦ ਸਲੀਮ ਬਾਰੇ ਗੱਲਾਂ ਮੁੱਕਣੀਆਂ ਨਹੀਂ। ਉਹ ਸ਼ਾਇਰ ਵੀ ਸੀ, ਨਾਵਲਕਾਰ ਵੀ, ਖੋਜੀ ਵੀ; ਸ਼ਾਇਰਾਂ, ਨੌਜਵਾਨਾਂ, ਸਵਾਣੀਆਂ, ਸਭ ਨੂੰ ਪ੍ਰੇਰਿਤ ਕਰਨ ਵਾਲਾ ਸ਼ਖ਼ਸ। ਉਹਦੀ ਕਵਿਤਾ ਸਮਾਜਿਕ ਬਰਾਬਰੀ, ਨਿਆਂ ਪ੍ਰਾਪਤੀ, ਸੰਘਰਸ਼ ਤੇ ਪੰਜਾਬੀਅਤ ਦਾ ਐਲਾਨਨਾਮਾ ਹੈ, ਜਿਵੇਂ ਉਹਨੇ ਲਿਖਿਆ ਏ, ‘‘ਸ਼ਾਇਰ ਦੇਸ ਪੰਜਾਬ ਦਾ, ਅਹਿਮਦ ਉਹਦਾ ਨਾਂ/ਹੱਸ ਹੱਸ ਕੇ ਆਖਦਾ, ਹੋਸੀ ਅੱਜ ਨਿਆਂ।’’ ਨਿਆਂ ਲਈ ਲੜਨ ਵਾਲੇ ਇਸ ਸ਼ਾਇਰ-ਚਿੰਤਕ ਨੂੰ ਅਲਵਿਦਾ ਕਹਿੰਦਿਆਂ ਦਿਲ ਭਰਿਆ ਹੋਇਆ ਹੈ।