ਮਾਨਵਵਾਦੀ ਸੁਰ ਵਾਲੀ ਕਵਿਤਾ
ਡਾ. ਅਮਰ ਕੋਮਲ
ਇੱਕ ਪੁਸਤਕ - ਇੱਕ ਨਜ਼ਰ
ਕਾਵਿ ਸੰਗ੍ਰਹਿ ‘ਰੁੱਖ ਸਮਾਧੀ’ (ਕੀਮਤ: 150 ਰੁਪਏ; ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ) ਮਰਹੂਮ ਸ਼ਿਵਨਾਥ ਦੀ ਆਖ਼ਰੀ ਕਾਵਿ ਪੁਸਤਕ ਹੈ ਜਿਸ ਵਿੱਚ ਉਸ ਦੀਆਂ ਲਗਭਗ ਛੇ ਦਰਜਨ ਕਵਿਤਾਵਾਂ ਦਰਜ਼ ਹਨ। ਸ਼ਿਵਨਾਥ ਨੇ ਆਪਣੇ ਜੀਵਨ ਵਿੱਚ ਕਵਿਤਾ, ਕਹਾਣੀ, ਜੀਵਨੀ, ਯਾਦਾਂ ਅਤੇ ਸਵੈ-ਜੀਵਨੀ (ਦੋ ਭਾਗਾਂ ਵਿੱਚ) ਦੀ ਸਾਹਿਤ ਸਿਰਜਣਾ ਕੀਤੀ ਹੈ। ਉਸ ਨੇ ਬਾਲ ਸਾਹਿਤ ਵੀ ਰਚਿਆ।
ਕਵੀ ਸ਼ਿਵਨਾਥ ਨੇ ਆਪਣਾ ਮੂਲ ਦ੍ਰਿਸ਼ਟੀਕੋਣ ਹਥਲੀ ਪੁਸਤਕ ਦੀ ਪਹਿਲੀ ਕਵਿਤਾ ਵਿੱਚ ਹੀ ਪੇਸ਼ ਕੀਤਾ ਹੈ:
ਮੈਂ ਮਾਵਾਂ ਤੇ ਹਰ ਬੱਚੇ ਦੇ
ਸਿਰ ਦੀ ਖ਼ੈਰ ਮਨਾਵਾਂ
ਹਰ ਇੱਕ ਪਾਸਿਉਂ ਆਉਣ ਉਨ੍ਹਾਂ ਨੂੰ
ਠੰਢੀਆਂ-ਨਿੱਘੀਆਂ ਛਾਵਾਂ।
* * *
ਉਲਝ ਗਿਆ ਹੈ ਤਾਣਾ-ਬਾਣਾ
ਔਖਾ ਹੋ ਗਿਐ ਮਨ ਸਮਝਾਣਾ
ਕੋਲ ਕਿਸੇ ਦੇ ਤੀਰ-ਕਮਾਨ
ਕੋਲ ਕਿਸੇ ਦੇ ਬੜਾ ਸਾਮਾਨ।
(ਗੋਰਖ ਧੰਦਾ, ਪੰਨਾ 20)
ਸ਼ਿਵਨਾਥ ਮਾਨਵਵਾਦੀ, ਪ੍ਰਗਤੀਵਾਦੀ ਵਿਚਾਰਾਂ ਦਾ ਪੰਜਾਬੀ ਕਵੀ ਰਿਹਾ ਹੈ। ਉਸ ਦੇ ਕਾਵਿ-ਅੰਦਰ ਨਾ ਅੰਧ-ਵਿਸ਼ਵਾਸ ਹੈ ਤੇ ਨਾ ਹੀ ਕੱਟੜਤਾ ਸਗੋਂ ਉਹ ਮਾਨਵਵਾਦੀ ਦ੍ਰਿਸ਼ਟੀ ਦਾ ਹੀ ਕਵੀ ਰਿਹਾ ਹੈ:
ਵਿਕਦੀ ਹੈ ਹਰ ਇੱਕ ਸ਼ੈਅ ਇੱਥੇ
ਜੋ ਵੀ ਜੇਬ ਹਿਲਾਏ
ਨਹੀਂ ਤਾਂ ਸੁੰਘ ਸੁੰਘ ਕੇ ਦੂਰੋਂ
ਅਪਣੇ ਡੰਗ ਟਪਾਏ।
(ਚੰਡੀਗੜ੍ਹ, ਪੰਨਾ 66)
ਉਸ ਨੇ ਹਮੇਸ਼ਾ ਇਤਿਹਾਸਕ, ਮਿਥਿਹਾਸਕ, ਪ੍ਰਗਤੀਵਾਦੀ ਦ੍ਰਿਸ਼ਟੀ ਤੋਂ ਜੋ ਕਾਵਿ ਲਿਖਿਆ ਹੈ, ਉਹ ਜ਼ਿੰਦਗੀ ’ਚ ਸੇਧ ਤੇ ਸੰਕਲਪ ਸਥਾਪਿਤ ਕਰ ਕੇ ਅੱਗੇ ਵਧਣ ਵਾਲਾ ਸਾਫ਼ ਤੇ ਸਪੱਸ਼ਟ ਕਾਵਿ ਹੈ। ਉਹ ਹੱਕ-ਸੱਚ ਨੂੰ ਪਹਿਚਾਣਦਾ ਹੈ, ਸਪੱਸ਼ਟ ਸੋਚਦਾ ਹੈ ਤੇ ਸੱਚ ਕਹਿੰਦਾ ਹੈ:
ਹਕੂਮਤ ਤੋੜਦੀ ਆਈ ਏ ਸਾਹਸ, ਆਮ ਲੋਕਾਂ ਦੇ
ਜੋ ਇਕ ਦੂਜੇ ਦੀ ਹਾਂ ਵਿੱਚ ਪਹੁੰਚ ਕੇ ਵੀ
ਹਾਂ ਮਿਲਾਂਦੇ ਨੇ ਤੇ, ਚਾਹੁੰਦੇ ਨੇ ਭਲਾ ਆਪਣਾ।
(ਦੇਸ ਤੇ ਸਰਕਾਰਾਂ, ਪੰਨਾ 54)
ਕਵੀ ਸ਼ਿਵਨਾਥ ਕਾਵਿ ਦੇ ਕੁਝ ਹੋਰ ਨਮੂਨੇ:
ਬੌਂਦਲਿਆ ਫਿਰਦਾ ਹੈ ਪਾਣੀ,
ਕਿਸ ਨੂੰ ਆਪਣੀ ਗੱਲ ਸੁਣਾਵੇ
ਕਹਿੰਦਾ: ਅੱਲ੍ਹਾ ਅਸਮਾਨ ਨਾ,
ਨਾ ਮੰਦਰ ਵਿਚ ਹੈ ਭਗਵਾਨ
‘ਰੁੱਖ ਸਮਾਧੀ’ ਦਾ ਕਵੀ ਕਵਿਤਾ ਦੀ ਸਮਝ, ਸਮਰੱਥਾ, ਹਸਤੀ ਤੇ ਸ਼ਕਤੀ ਸਬੰਧੀ ਇੰਜ ਲਿਖਦਾ ਹੈ:
ਇਹ ਕਵਿਤਾ ਕਰ ਨਹੀਂ ਸਕਦੀ,
ਕਿਸੇ ਅੱਖਰ ਦਾ ਪਛਤਾਵਾ
ਨਾ ਦੇ ਸਕਦੀ ਲਿਖ ਕੇ ਆਪਣੇ, ਮੁਰਸ਼ਦ ਨੂੰ ਬੇਦਾਵਾ
ਇਹ ਮਰਦੀ ਹੈ ਹਮੇਸ਼ਾ ਜੂਝ ਕੇ, ਵੀਰਾਂਗਣਾ ਵਾਂਗੂੰ।
(ਕਵਿਤਾ ਦੇ ਅੱਖਰ, ਪੰਨਾ 29)
* * *
ਹੋ ਗਈ ਲੱਗਦੀ ਹੈ ਬਿਮਾਰੀ, ਹੁਣ ਤਾਂ ਲਾਇਲਾਜ
ਕਿਸ ਤਰ੍ਹਾਂ ਦਾ ਆ ਗਿਆ ਹੈ, ਅੱਜ ਦਾ ਇਹ ਰਾਮ ਰਾਜ!
(ਰਾਮ ਰਾਜ, ਪੰਨਾ 43)
ਇਸ ਸੰਗ੍ਰਹਿ ਦੀਆਂ ਹਿੰਦੋਸਤਾਨ, ਰੁੱਖ ਤੇ ਮਨੁੱਖ, ਅੱਧੀ ਮੌਤ, ਜੰਗਬਾਜ਼ਾਂ ਦੇ ਨਾਂ, ਰੁੱਖ ਸਮਾਧੀ, ਸਾਡੇ ਪਿੰਡ ਦੇ ਲੋਕ, ਗਿਆਨ ਚਕਸ਼ੂ, ਦੁਰਸੀਸ, ਬਹੇੜੇ, ਰੁੱਖ ਤੇ ਮਿੱਟੀ, ਜ਼ਿੰਦਾ ਦਿਲ ਇਨਸਾਨ, ਜੰਨਤ, ਕਿੱਲਤ, ਸ਼ੀਸ਼ ਮਹੱਲ, ਹੌਸਲਾ, ਫ਼ਰਿਸ਼ਤਾ, ਰਿਸ਼ਤੇ ਪੜ੍ਹਨਯੋਗ ਕਵਿਤਾਵਾਂ ਹਨ। ਲੋਕ ਹਿਤੈਸ਼ੀ ਕਵੀ ਸ਼ਿਵਨਾਥ ਭਾਵੇਂ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ ਹੈ, ਪਰ ਉਸ ਦਾ ਰਚਿਆ ਸਾਹਿਤ ਸਾਡੇ ਨਾਲ ਹੈ।
ਸੰਪਰਕ: 84378-73565, 88376-84173