ਸਮਾਜਿਕ ਸਰੋਕਾਰਾਂ ਪ੍ਰਤੀ ਹਲੂਣਾ ਦਿੰਦੀ ਕਵਿਤਾ
ਪਰਮਿੰਦਰ ਰਮਨ ‘ਢੁੱਡੀਕੇ’ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਢੁੱਡੀਕੇ ਦਾ ਜੰਮਪਲ ਹੈ। ਉਸ ਨੂੰ ਬਚਪਨ ਤੋਂ ਹੀ ਪੰਜਾਬੀ ਦੇ ਨਾਮਵਰ ਲੇਖਕ ਜਸਵੰਤ ਸਿੰਘ ਕੰਵਲ ਅਤੇ ਪਿੰਡ ਦੇ ਹੋਰ ਪਤਵੰਤੇ ਸੱਜਣਾਂ ਨਾਲ ਵਿਚਰਨ ਦਾ ਮੌਕਾ ਮਿਲਦਾ ਰਿਹਾ। ਉਸ ਦੇ ਪਿਤਾ ਦੇ ਘਰ ਡਾਕਖਾਨਾ ਸੀ, ਅਖ਼ਬਾਰ ਆਉਂਦੀ ਸੀ ਤੇ ਬਿਜਲੀ ਦਾ ਲਾਟੂ ਵੀ ਸੀ। ਇਹ ਸੱਜਣ ਇਨ੍ਹਾਂ ਦੇ ਦਲਾਨ ਵਿੱਚ ਇਕੱਠੇ ਹੁੰਦੇ ਅਤੇ ਬੀਤੇ ਦੇ ਹਾਲਾਤ ਅਤੇ ਚਲੰਤ ਮਸਲਿਆਂ ’ਤੇ ਸਾਰਥਿਕ ਵਿਚਾਰਾਂ ਕਰਦੇ ਅਣਭੋਲ ਹੀ ਪਰਮਿੰਦਰ ਦੇ ਬਾਲਮਨ ਨੂੰ ਟੁੰਬਦੇ ਗਏ।
ਗੁਆਂਢ ਵਿੱਚ ਰਹਿੰਦੇ ਗ਼ਦਰੀ ਬਾਬੇ ਪਾਖਰ ਸਿੰਘ ਦਾ ਸਾਥ ਦੇਸ਼ ਭਗਤੀ ਅਤੇ ਲੋਕਾਂ ਲਈ ਲੜਨ ਦਾ ਜਜ਼ਬਾ ਭਰਦਾ ਗਿਆ। ਇਸ ਵਾਤਾਵਰਨ ਵਿੱਚ ਜੁਆਨ ਹੁੰਦੇ ਪਰਮਿੰਦਰ ਦੇ ਮਨ ਵਿੱਚ ਜਾਤ-ਪਾਤ, ਊਚ-ਨੀਚ, ਅਮੀਰੀ-ਗ਼ਰੀਬੀ ਤੇ ਧਰਮਾਂ ਦੇ ਅਡੰਬਰਾਂ ਖਿਲਾਫ਼ ਸੋਚ ਪਣਪਣ ਲੱਗੀ। ਆਮ ਲੋਕਾਂ ਨਾਲ ਹੁੰਦੇ ਧੱਕੇ ਅਤੇ ਇਨਸਾਫ਼ ਦੀਆਂ ਅੱਖਾਂ ’ਤੇ ਬੰਨ੍ਹੀ ਪੱਟੀ ਵਰਗੇ ਤਰ੍ਹਾਂ ਤਰ੍ਹਾਂ ਦੇ ਸੁਆਲ ਉਸ ਦੇ ਜ਼ਿਹਨ ਵਿੱਚ ਖੌਰੂ ਪਾਉਂਦੇ। ਫਲਸਰੂਪ ਪਰਮਿੰਦਰ ਦੇ ਹੱਥ ਵਿੱਚ ਫੜੀ ਕਲਮ ਉਹਦੇ ਰੋਹ ਤੇ ਵਿਦਰੋਹ ਨੂੰ ਅੱਖਰਾਂ ਵਿੱਚ ਰੂਪਮਾਨ ਕਰਦੀ ਕਾਗਜ਼ ’ਤੇ ਕਵਿਤਾ ਬਣਨ ਲਈ ਉਸਲਵੱਟੇ ਲੈਣ ਲੱਗੀ।
ਰੁਜ਼ਗਾਰ ਦੀ ਭਾਲ ਉਸ ਨੂੰ 1986 ਵਿੱਚ ਕੈਨੇਡਾ ਲੈ ਆਈ। ਇੱਥੇ ਪੈਰਾਂ ਸਿਰ ਹੁੰਦਿਆਂ ਤੱਕ ਕਲਮ ਨੂੰ ਸਿਆਹੀ ਨਸੀਬ ਨਾ ਹੋਈ। ਪਰਮਿੰਦਰ ਦਾ ਕਹਿਣਾ ਹੈ ਕਿ ਜਦੋਂ 2001 ਵਿੱਚ 9/11 ਵਾਲੀ ਦੁਰਘਟਨਾ ਵਿੱਚ ਅਮਰੀਕਾ ਦੇ ਟਵਿੰਨ ਟਾਵਰ ਢਹਿ ਢੇਰੀ ਹੁੰਦੇ ਅਤੇ ਚੁਫ਼ੇਰੇ ਧੂੰਏਂ ਦੇ ਗ਼ੁਬਾਰ ਫੈਲਦੇ ਟੀਵੀ ’ਤੇ ਅੱਖੀਂ ਵੇਖੇ ਤਾਂ ਕਵੀ ਪਰਮਿੰਦਰ ਦਾ ਲੋਕਾਂ ਨਾਲ ਹੁੰਦੇ ਧੱਕੇ, ਅਸਮਾਨਤਾ, ਧਾਰਮਿਕ ਅਡੰਬਰਾਂ ਅਤੇ ਰਾਜਸੀ ਕੂਟਨੀਤੀਆਂ ਦਾ ਅੰਦਰਲਾ ਗ਼ੁਬਾਰ ਕਵਿਤਾ ਬਣ ਵਹਿ ਤੁਰਿਆ। ਇਹ ਵਹਿਣ ਫਿਰ ਰੁਕਿਆ ਨਹੀਂ ਅਤੇ 2018 ਵਿੱਚ ‘ਆ...ਸਮੇਂ ਦੇ ਹਾਣ ਦਾ ਬਣੀਏ’ ਪਹਿਲਾ ਕਾਵਿ-ਸੰਗ੍ਰਹਿ, ਇੱਕ ਲਲਕਾਰ ਅਤੇ ਸੁਨੇਹਾ ਬਣ ਪਾਠਕਾਂ ਤੱਕ ਅੱਪੜਿਆ
ਲਲਕਾਰ ਹੋਈਏ
ਹਥਿਆਰ ਹੋਈਏ
ਕਦੇ ਨਾ ਇਹ ਮਿਲਣ ਮੰਗਿਆਂ
ਆ ਰਲ਼ ਕੇ ਹੱਕਾਂ ਨੂੰ ਖੋਈਏ
ਆ ਸਮੇਂ ਦੇ ਹਾਣ ਦੇ ਹੋਈਏ
ਸੂਰਜਾਂ ਦੇ ਚਿਹਿਰਿਆਂ ਤੋਂ
ਕਾਲਖ਼ਾਂ ਧੋਈਏ।
ਪੰਜ ਸਾਲ ਦੇ ਅਰਸੇ ਬਾਅਦ ਇਸ ਸਾਲ 2023 ਵਿੱਚ ਉਸ ਦਾ ਦੂਸਰਾ ਕਾਵਿ-ਸੰਗ੍ਰਿਹ ‘ਕਵੀ ਕਾਮਰੇਡ ਤੇ ਕਾਮੇ’ ਛਪਿਆ ਹੈ। ਇਸ ਕਾਵਿ-ਸੰਗ੍ਰਹਿ ਦੀਆਂ ਕਵਿਤਾਵਾਂ ਵੀ ਪਾਠਕ ਨੂੰ ਹਲੂਣਦੀਆਂ ਹਨ, ਜਗਾਉਂਦੀਆਂ ਹਨ, ਰੱਬ ਤੋਂ ਤੂੰ ਤੱਕ ਦਾ ਸਫ਼ਰ ਸਮਝਾਉਂਦੀਆਂ ਅਤੇ ਸਮਾਜਿਕ ਅਫ਼ਰਾ ਤਫ਼ਰੀ ਨੂੰ ਉਲੀਕਦੀਆਂ ਹਨ। ਕਵੀ ਕਿਸੇ ਭੁਲੇਖੇ ਵਿੱਚ ਜਾਂ ਵਹਿਮ ਵਿੱਚ ਨਹੀਂ ਜੀ ਰਿਹਾ ਬਲਕਿ ਤਲਖ਼ ਦੁਨਿਆਵੀ ਸਚਾਈਆਂ ਤੋਂ ਵਾਕਿਫ਼ ਹੈ। ਉਹ ਆਤਮ ਵਿਸ਼ਵਾਸ ਨਾਲ ਭਰਪੂਰ ਹੋਣ ਦੀ ਗੱਲ ਕਰਦਾ ਹੈ:
ਤੂੰ ਦਿਨ ਹੈਂ ਤੂੰ ਰਾਤ ਵੀ
ਆਸਰਾ ਬਣ
ਆਸਰਾ ਭਾਲ ਨਹੀਂ
ਜ਼ਿੰਦਗੀ ਮਾਣ
ਜ਼ਿੰਦਗੀ ਕੱਟ ਨਹੀਂ
ਤੂੰ ਕਿਸੇ ਤੋਂ ਘੱਟ ਨਹੀਂ।
ਕਵੀ ਤਕਦੀਰ ਦੇ ਖ਼ੌਫ਼ ਨੂੰ ਝਟਕ ਹੌਸਲੇ ਨਾਲ ਉਮੀਦਾਂ ਦੇ ਬੀਜ ਬੀਜਣ ਦੀ ਸਲਾਹ ਦਿੰਦਾ ਹੈ। ਇੰਜ ਕੀਤਿਆਂ ਤਕਦੀਰ ਆਪੇ ਹੀ ਪਰਛਾਵਾਂ ਬਣ ਨਾਲ ਤੁਰ ਪੈਂਦੀ ਹੈ ਅਤੇ ਉਮੀਦਾਂ ਨਾਲ ਬੀਜੇ ਸੁਪਨੇ ਫਿਰ ਕਦੇ ਟੁੱਟਦੇ ਨਹੀਂ ਹਨ:
ਮੈਂ ਤਕਦੀਰ ਨੂੰ ਕਿਹਾ
ਮੈਂ ਤੇਰਾ ਇੰਤਜ਼ਾਰ ਨਹੀਂ ਕਰ ਸਕਦਾ
ਜਾ ਰਿਹਾ ਹਾਂ ਹੌਸਲੇ ਨਾਲ
ਜ਼ਿੰਦਗੇ ਦੇ ਵਾਹਣੀ ਉਮੀਦਾਂ ਬੀਜਣ
ਤਕਦੀਰ ਮੱਥੇ ਤੋਂ ਉਤਰ
ਮੇਰਾ ਪਰਛਾਵਾਂ ਬਣ ਤੁਰੀ
ਫਿਰ ਨਾ ਮੇਰੇ ਸੁਪਨੇ ਟੁੱਟੇ
ਨਾ ਮੇਰੇ ਮਹਿਲਾਂ ਦੀ ਇੱਟ ਭੁਰੀ।
ਇੰਜ ਕਵੀ ਆਪਣੀਆਂ ਰਚਨਾਵਾਂ ਰਾਹੀਂ ਖ਼ਲਕਤ ਨੂੰ ਆਪ ਆਪਣੇ ਹੱਥਾਂ ਨਾਲ ਆਪਣੀ ਕਿਸਮਤ ਘੜਨ ਦਾ ਹੋਕਾ ਦਿੰਦਾ ਹੈ। ਇਹ ਕਿਸਮਤ ਘਾੜੇ ‘ਕਾਮੇ’ ਹਨ। ਇਹ ਕਿਸਮਤ ਘਾੜੇ ਕਾਮਰੇਡ ਹਨ। ਇਹ ਤਿੰਨ ਸ਼ਬਦ ‘ਕਵੀ ਕਾਮਰੇਡ ਤੇ ਕਾਮੇ’ ਰਲ਼ ਕੇ ਕਵੀ ਦੇ ਇਸ ਕਾਵਿ-ਸੰਗ੍ਰਹਿ ਦੇ ਨਾਂ ਵਿੱਚ ਰੂਪਮਾਨ ਹੁੰਦੇ ਹਨ। ਉਸ ਅਨੁਸਾਰ:
ਕਵੀ ਜਾਗਦਾ ਹੈ ਹਲੂਣਦਾ ਹੈ
ਉਸ ਨੂੰ ਵੀ ਫ਼ਿਕਰ ਆਟੇ ਲੂਣ ਦਾ ਹੈ
ਫਿਰ ਵੀ ਕੋਸ਼ਿਸ਼ ਕਰ ਰਿਹਾ
ਤੁਸੀਂ ਡਰਦੇ ਹੋ
ਸੂਰਮੇ ਹੋਣ ਦਾ ਢੌਂਗ ਕਰਦੇ ਹੋ।
ਅਤੇ ਕਾਮਰੇਡ ਕੌਣ ਹੈ?
ਕਾਮਰੇਡ ਦਾ ਅਰਥ
ਸਾਥੀ ਹੈ ਭਾਈ ਹੈ,
ਸਭ ਦਿਸਦਾ ਹੈ
ਤੁਸੀਂ ਨਾਨਕ ਦੀ
ਕਿੰਨੀ ਕੁ ਕਦਰ ਪਾਈ ਹੈ
ਕਾਮਰੇਡ ਵੀ ‘ਖਾਲਸ’
ਦੀ ਗੱਲ ਕਰਦਾ ਹੈ
ਪਾਸ਼ ਤੇ ਉਦਾਸੀ ਵਾਂਗਰਾਂ
ਲੋਕਾਈ ਲਈ ਮਰਦਾ ਹੈ।
ਇਸੇ ਕਵਿਤਾ ਦੀਆਂ ਆਖਰੀ ਸਤਰਾਂ:
ਜੋ ਜਿਉਣ ਲਈ ਜ਼ਰੂਰੀ ਹੈ
ਮਿਹਨਤ ਹੈ ਮਜ਼ਦੂਰੀ ਹੈ।
ਜਿਸ ਦੇ ਹਿੱਸੇ ਮਿਹਨਤ ਅਤੇ ਮਜ਼ਦੂਰੀ ਆਈ ਹੈ, ਉਹ ਸਮਾਜ ਦਾ ਇੱਕ ਖ਼ਾਸ ਵਰਗ ਹੈ; ਮਿਹਨਤਕਸ਼ ਕਿਰਤੀਆਂ ਦਾ ਵਰਗ, ਭਾਈ ਲਾਲੋਆਂ ਦਾ ਵਰਗ। ਇਨ੍ਹਾਂ ਨੂੰ ਕਵੀ ਨੇ ‘ਕਾਮੇ’ ਆਖ ਉਨ੍ਹਾਂ ਅੰਦਰ ਉਨ੍ਹਾਂ ਨਾਲ ਸਦੀਆਂ ਤੋਂ ਹੋ ਰਹੇ ਸੋਸ਼ਣ ਵਿਰੁੱਧ ਸੰਘਰਸ਼ਮਈ ਹੋਣ ਦੀ ਉਮੀਦ ਜਗਾਈ ਹੈ:
ਕਾਮਾ ਜਾਗੇਗਾ, ਦੇਰ ਸਵੇਰ ਹੋ ਸਕਦੀ ਹੈ
ਹਿਸਾਬ ਹੋਵੇਗਾ ਕਾਮਾ ਜਾਗੇਗਾ।
ਇੰਜ ‘ਕਵੀ ਕਾਮਰੇਡ ਤੇ ਕਾਮੇ’ ਨੂੰ ਪ੍ਰਭਾਸ਼ਿਤ ਕਰਦੇ ਕਵੀ ਰਮਨਦੀਪ ‘ਰਮਨ’ ਅਨੁਸਾਰ ‘ਕਵੀ ਇੱਕ ਜਾਗਦੀ ਰੂਹ ਹੈ, ਨਿੱਡਰ ਹੈ, ਉਹ ਡਰਦਾ ਨਹੀਂ।’ ਉਹ ਸੱਚ ਦੀ ਗੱਲ ਹੀ ਨਹੀਂ ਕਰਦਾ, ਸੱਚ ਬੋਲਦਾ ਵੀ ਹੈ। ਕਵੀ ਫ਼ਕੀਰ ਹੈ ਜੋ ਆਪਣੀ ਬਗਲੀ ਵਿੱਚ ਸ਼ਬਦ ਲਕੋਈ ਫਿਰਦਾ ਹੈ। ਉਹ ਸ਼ਬਦਾਂ ਦਾ ਵਣਜਾਰਾ ਹੈ:
ਮੈਂ ਭਰਮ ਨਹੀਂ ਪਾਲਦਾ
ਨਾ ਜਾਲ ਬੁਣਦਾ ਹਾਂ
ਨਾ ਮੈਂ ਬੁੱਤਘਾੜਾ ਹਾਂ
ਨਾ ਕੋਈ ਚਿੱਤਰਕਾਰ ਹਾਂ
ਮੈਂ ਬਗਲੀ ਵਾਲਾ ਫ਼ਕੀਰ
ਫਿਰਦਾ ਸ਼ਬਦ ਹਾਂ ਲਕੋਈ।
ਰਮਨ ਆਪਣੀ ਬਗਲੀ ਵਿਚਲੇ ਸ਼ਬਦਾਂ ਨਾਲ ਕਵਿਤਾ ਲਿਖਦਾ ਹੈ, ਕਾਮੇ ਨੂੰ ਜਾਗ੍ਰਿਤ ਕਰਦਾ ਹੈ, ਲੋਟੂ ਲਾਣੇ ਦੇ ਵਿਰੁੱਧ ਆਵਾਜ਼ ਉਠਾਉਂਦਾ ਫ਼ਕੀਰ ਹੋ ਨਿੱਬੜਦਾ ਹੈ। ਕਾਮਰੇਡ ਹੋਣ ਬਾਰੇ ਧਾਰਨਾ ਹੈ ਕਿ ਉਹ ਰੱਬ ਨੂੰ ਨਹੀਂ ਮੰਨਦੇ, ਉਹ ਨਾਸਤਿਕ ਹਨ, ਪਰ ਕਵੀ ਇਸ ਨੂੰ ਇੰਜ ਪ੍ਰਭਾਸ਼ਿਤ ਕਰਦਾ ਹੈ:
ਹਾਂ! ਉਹ ਤੁਹਾਡੇ
ਰੱਬ ਨੂੰ ਨਹੀਂ ਮੰਨਦੇ
ਕਿਉਂਕਿ ਤੁਹਾਡਾ ਰੱਬ
ਯੱਭਲੀਆਂ ਮਾਰਦਾ ਹੈ
ਦੂਜਿਆਂ ਦੇ ਰਹਿਮੋ ਕਰਮ ’ਤੇ
ਦਿਨ ਗੁਜ਼ਾਰਦਾ ਹੈ।
ਇੰਜ ਕਵੀ ਰੱਬ ਦੇ ਨਾਂ ’ਤੇ ਪਾਏ ਭਰਮ ਭੁਲੇਖਿਆਂ ਤੇ ਅਡੰਬਰ ਨੂੰ ਚੁਣੌਤੀ ਦਿੰਦਾ ਹੈ। ਉਹ ਧਰਮ ਕਰਮ ਤੇ ਕਿਸਮਤ ਨੂੰ ਵਿਰਾਸਤ ਵਿੱਚ ਮਿਲੇ ਵਹਿਮਾਂ ਭਰਮਾਂ ਦਾ ਵਸਤਰ ਆਖਦਾ ਹੈ ਅਤੇ ਜਦੋਂ ਕੋਈ ਇਸ ਬੋਝ ਤੋਂ ਸੁਰਖੁਰੂ ਹੋਣਾ ਚਾਹੁੰਦਾ ਹੈ ਜਾਂ ਹੋ ਜਾਂਦਾ ਹੈ ਤਾਂ ਉਸ ਨੂੰ ਨਾਸਤਿਕ ਆਖ ਧਰਮ ਦੀ ਸੂਲੀ ’ਤੇ ਚਾੜ੍ਹਨ ਤੱਕ ਦੀ ਨੌਬਤ ਆ ਜਾਂਦੀ ਹੈ। ਇਸ ਲਈ ਉਹ ਆਪਾ ਪੜਚੋਲਣ ਦਾ ਮਸ਼ਵਰਾ ਦਿੰਦਾ ਹੈ ਤਾਂ ਜੋ ਬੰਦਾ ਧਰਮ ਕਰਮ ਤੇ ਕਿਸਮਤ ਵਰਗੇ ਫਰੇਬੀ ਮੱਕੜ-ਜਾਲ ਤੋਂ ਮੁਕਤ ਹੋ ਸਕੇ। ਅੰਨ੍ਹੀ ਧਾਰਮਿਕ ਸ਼ਰਧਾ ਵੱਸ ਕਰਮਾਂ ਦੇ ਲੇਖੀਂ-ਭਾਣੇ ਅੱਗੇ ਗੋੋਡੇ ਨਾ ਟੇਕੇ ਸਗੋਂ ਆਪਣੇ ਹੱਕਾਂ ਖਾਤਰ ਕਾਨਫਰੰਸਾਂ ਤੇ ਮੁਜ਼ਾਹਰਿਆਂ ਦਾ ਹਿੱਸਾ ਬਣ ਹੱਕਾਂ ਦੀ ਮੰਗ ਤੇ ਰਾਖੀ ਕਰੇ।
ਉਹ ਕਵਿਤਾ ਦਾ ਮੁਲਾਂਕਣ ਕਰਦਾ ਕਵਿਤਾ ਨੂੰ ਪ੍ਰਭਾਸ਼ਿਤ ਕਰਦਾ ਹੈ। ਉਸ ਅਨੁਸਾਰ ‘ਜੇ ਕਵਿਤਾ ਵਿਵਾਦ ਨਹੀਂ ਛੇੜਦੀ, ਸੱਚ ਕਹਿਣ ਤੋਂ ਡਰਦੀ ਹੈ, ਸਤਿਕਾਰਾਂ ਲਈ ਵਿਕਦੀ ਹੈ, ਹੱਕਾਂ ਲਈ ਲੜਨਾ ਨਹੀਂ ਲੋਚਦੀ, ਹੱਕਾਂ ਦੀ ਪਹਿਰੇਦਾਰ ਨਹੀਂ ਬਣਦੀ, ਫੱਟਾਂ ’ਤੇ ਮੱਲ੍ਹਮ ਨਹੀਂ ਬਣਦੀ, ਮਾਂ ਵਾਂਗ ਲਾਡ ਨਹੀਂ ਕਰਦੀ ਤੇ ਬਾਪ ਵਾਂਗ ਕੰਨੋਂ ਨਹੀਂ ਫੜਦੀ ਤਾਂ ਉਹ ਕਵਿਤਾ ਨਹੀਂ ਹੈ। ਕਵੀ ਅਨੁਸਾਰ ਕਵਿਤਾ ਬਦਲਾਅ ਚਾਹੁੰਦੀ ਹੈ, ਗ਼ਰੀਬ ਦੇ ਚੁੱਲ੍ਹੇ ਅੱਗ ਤੇ ਢਿੱਡ ਦਾ ਰੱਜ ਲੋਚਦੀ ਹੈ। ਕਵਿਤਾ ਕੇਵਲ ਪੰਡਾਲਾਂ ’ਚ ਗੂੰਜ ਬਾਤਾਂ ਹੀ ਨਹੀਂ ਕਰਦੀ ਬਲਕਿ ਸੁਆਲ ਉਠਾਉਂਦੀ ਹੈ ਅਤੇ ਤਰਕ ਦੀ ਗੱਲ ਕਰਦੀ ਹੈ। ਕਵਿਤਾ ਨੇ ਆਪਣਾ ਫ਼ਰਜ਼ ਨਿਭਾਉਣਾ ਹੁੰਦਾ ਹੈ। ਤਰਕਾਂ ਦੀ ਓਟ ਲੈ ਹੱਕ ਲੈਣੇ ਸਮਝਾਉਣਾ ਹੁੰਦਾ ਹੈ। ਰੂਹਾਨੀ ਕਵਿਤਾ ਰੂਹਾਂ ਨੂੰ ਲਿਸ਼ਕਾਉਂਦੀ ਹੈ। ਕਵਿਤਾ ਸੂਹੀ ਦੁਪਹਿਰ ਬਣ ਪਰਲੋ ਵੀ ਲਿਆਉਂਦੀ ਹੈ:
ਸਮੇਂ ਦੀ ਲੋੜ ਹੈ, ਕਵਿਤਾ
ਜ਼ਿੰਦਗੀ ਦਾ ਨਿਚੋੜ ਹੈ
ਕਵਿਤਾ ਹੈ ਬਾਣੀ, ਹੋ ਤੁਰਦੀ
ਦਿਲਾਂ ਦੇ ਵਿੱਚ ਸਮਾਉਂਦੀ ਹੈ
ਕਦੇ ਨਾ ਸਿਰ ਝੁਕਾਉਂਦੀ
ਮੇਰੀ ਕਵਿਤਾ ਬਦਲਾਓ ਚਾਹੁੰਦੀ ਹੈ।
ਕਵੀ ਸਰਕਾਰੀ ਸਨਮਾਨ ਨੂੰ ਠੋਕਰ ਮਾਰਦਾ ਹੈ। ਸਰਕਾਰੀ ਸਨਮਾਨ ਕਲਮਾਂ ਦੀ ਨੋਕ ’ਤੇ ਸਰਕਾਰੀ ਸ਼ਬਦ ਧਰਦੀਆਂ ਹਨ। ਕਵੀ ਪਾਠਕ ਲੋੜਦਾ ਹੈ। ਉਹ ਪਾਠਕਾਂ ਦਾ ਚਹੇਤਾ ਬਣਨਾ ਚਾਹੁੰਦਾ ਹੈ, ਸਰਕਾਰਾਂ ਦਾ ਨਹੀਂ:
ਸਰਕਾਰਾਂ ਜਦ ਸਨਮਾਨ ਕਰਦੀਆਂ
ਕਲਮਾਂ ਦੇ ਨੋਕੀਂ ਸ਼ਬਦ ਧਰਦੀਆਂ
ਮਨਜ਼ੂਰ ਨਹੀਂ ਮੈਂ ਠੇਕਾ ਬਣਨਾ
ਮੈਂ ਪਾਠਕ ਦਾ ਚਹੇਤਾ ਬਣਨਾ।
ਕਵੀ ਧਰਤੀ ਦੀ ਅੱਧੀ ਅਬਾਦੀ ਔਰਤ ਦੀ ਗੱਲ ਕਰਦਾ ਉਸ ਨਾਲ ਹੁੰਦੇ ਸਮਾਜਿਕ ਅਨਿਆਂ ਨੂੰ ਬਿਆਨਦਾ ਹੈ। ‘ਔਰਤ ਨਿੱਤ ਹਾਦਸਿਆਂ ਦਾ ਸ਼ਿਕਾਰ ਹੁੰਦੀ ਹੈ। ਉਹ ਪਾਟੇ ਲੀੜਿਆਂ ਵਾਲੀ ਅੱਧਨੰਗੀ ਵਿਚਾਰੀ ਬੇਵੱਸ ਨਾਰੀ ਹੈ। ਉਹ ਕੁੱਖ ਵਿੱਚ ਮਰਨ, ਰਸੋਈਆਂ ਵਿੱਚ ਸੜਨ ਤੇ ਦਿਨ-ਦਿਹਾੜੇ ਹੁੰਦੇ ਚੀਰ ਹਰਨਾਂ ਦੇ ਹਾਦਸਿਆਂ ਦਾ ਸ਼ਿਕਾਰ ਹੁੰਦੀ ਹੈ। ਉਹ ਦਾਜ ਦੀ ਅਤੇ ਝੂਠੇ ਦੰਭੀ ਰੀਤੀ-ਰਿਵਾਜਾਂ ਦੀਆਂ ਕੁਰੀਤੀਆਂ ਦੀ ਬਲੀ ਚਾੜ੍ਹੀ ਜਾਣ ਵਾਲੀ ਜ਼ਰਖਰੀਦ ਹੈ।’
ਲੜਕੀ ਅੰਦਰ ਫੁੱਟਦੀ ਪਿਆਰ ਕਰੂੰਬਲ ਜਦੋਂ ਤਿੱਤਲੀਆਂ ਫੜਨ ਨੂੰ ਤੇ ਭੌਰਿਆਂ ’ਤੇ ਮਰਨ ਨੂੰ ਮਚਲਦੀ ਹੈ ਤਾਂ ਗਾਲ੍ਹਾਂ ਦੀ ਗੜ੍ਹੇਮਾਰ ਤੇ ਮਾਪਿਆਂ ਦੇ ਭੈਅ ਦੀ ਬੇਵਸੀ ਦੇ ਝੋਰੇ ਨਾਲ ਉਹ ਕਰੂੰਬਲ ਮੁਰਝਾ ਜਾਂਦੀ ਹੈ। ਔਰਤ ਦੀ ਕੁੱਖੋਂ ਜੰਮੀ ਧੀ ਲਈ ਵਧਾਈ ਦੀ ਥਾਂ ਨਿਕਲਿਆ ਹਉਕਾ ਉਹਨੂੰ ਜੰਮਦਿਆਂ ਹੀ ਉਹਦੀ ਔਕਾਤ ਵਿਖਾ ਦਿੰਦਾ ਹੈ:
ਕੁੱਲ ਦੇ ਵਾਰਿਸ ਦੀ ਭਾਲ ਲਈ
ਤੇਰੇ ਹਾਸੇ ਵਿਚਲੀ ਕਮੀਨਗੀ
ਮੈਂ ਦੇਖ ਨਾ ਸਕੀ।
ਮੈਂ ਵਾਰਿਸ ਜੰਮ ਦਿੱਤੀ
ਤੇਰਾ ਹਉਕਾ “ਚੱਲ ਹੋਊ!”
ਬਣ ਕੇ ਨਿਕਲਿਆ
ਤੇਰਾ ਕੁਨੀਨ ਖਾਧਾ ਮੂੰਹ
ਦੇਖ ਮੈਂ ਕੰਬ ਗਈ।
ਬੂਹਾ ਭੇੜ ਦਿੱਤਾ ਮੈਂ
ਨਾ-ਮਰਦੀ ਦੇ ਖੂਹ ਵਿੱਚੋਂ
ਬਾਹਰ ਨਿਕਲੇਂ
ਤੇਰੀ ਔਕਾਤ ਨਹੀਂ
ਔਰਤ ਦੀ ਹੋਂਦ ਦੇ ਹੱਕ ਵਿੱਚ, ਮਨੁੱਖ ਜਾਤ ਦੀ ਸਿਰਜਕ ਪਰ ਸਮਾਜ ਵੱਲੋਂ ਨਕਾਰੀ ਔਰਤ ਦੇ ਪੱਖ ਵਿੱਚ ਖਲੋਤਾ ਕਵੀ ਕਹਿੰਦਾ ਹੈ:
ਧਰਤੀ ਮਾਂ, ਪਿਤਾ ਹੈ ਪਾਣੀ
ਔਰਤ ਨੂੰ ਮਾਂ, ਧੀ ਭੈਣ ਜਾਣੀ।
ਪ੍ਰਦੇਸ ਵਸਦਾ ਕਵੀ ਆਪਣੇ ਦੇਸ਼ ਪੰਜਾਬ ਦੇ ਵਿਯੋਗ ਨੂੰ ਧੁਰ ਅੰੰਦਰ ਮਹਿਸੂਸਦਾ ਹੈ। ਬੀਤੇ ਦੇ ਖੂਬਸੂਰਤ ਪਲ, ਬਚਪਨ ਵਿੱਚ ਮਾਣੀਆਂ ਰੁੱਖਾਂ ਦੀਆਂ ਠੰਢੀਆਂ ਛਾਵਾਂ, ਬਾਲਪਨ ਦੀਆਂ ਖੇਡਾਂ, ਘਰ ਦੇ ਜੀਆਂ ਦੇ ਨਿੱਘ-ਪਿਆਰ ਦੀ ਮਿੱਠੀ ਯਾਦ ਉਹਦੇ ਕਲੇਜੇ ਨੂੰ ਧੂਹ ਪਾਉਂਦੀ ਹੈ। ਉਹ ਅਜੋਕੇ ਦੇਸ਼ ਪੰਜਾਬ ਦੀ ਨਸ਼ਿਆਂ ਅਤੇ ਹਵਾ ਪਾਣੀ ਦੇ ਪ੍ਰਦੂਸ਼ਣ ਦੀ ਸਥਿਤੀ ’ਤੇ ਚਿੰਤਾਵਾਨ ਹੈ। ਉਹ ਆਪਣੇ ਪਿਆਰੇ ਪੰਜਾਬ ਦੇ ਹਵਾ ਤੇ ਪਾਣੀ ਨੂੰ ਬਚਾਉਣ ਦਾ ਤਰਲਾ ਕਰਦਾ ਹੈ:
ਰੁੱਖ ਲਾਓ, ਹਵਾ ਕਰੋ ਵੱਲ
ਪਾਣੀ ਨੂੰ ਰਲ਼ ਪਾਓ ਠੱਲ੍ਹ
ਹੋਰ ਜਾਣ ਦਿਓ ਨਾ ਹੇਠ
ਜੇ ਬਚਾਉਣਾ ਚਾਹੁੰਦੇ ਦੇਸ਼
ਹਾਇ ਮੇਰੇ ਬਚਪਨ ਦਾ ਦੇਸ਼।
‘ਬਾਬਾ ਨਾਨਕ’ ਕਵੀ ਦਾ ਇਸ਼ਟ ਹੈ। ਉਹਦੀਆਂ ਕਵਿਤਾਵਾਂ ਵਿੱਚ ‘ਸੱਚਾ ਸੌਦਾ’ ‘ਉਦਾਸੀਆਂ’ ‘ਸਰਬ ਸਾਂਝੀਵਾਲਤਾ’ ‘ਬਾਣੀ’ ‘ਝੂਠ ਦੀ ਜੰਞ’ ‘ਮਰਦਾਨਿਆਂ ਰੱਖ ਰਬਾਬ ਦੇ’ ‘ਤੇਰਾ ਤੇਰਾ ਤੋਲੇ ਹਰ ਕੋਈ’ ਆਦਿ ਸ਼ਬਦਾਂ ਦੀ ਹੋਂਦ ਅਚੇਤ ਨਹੀਂ ਆਈ ਜਾਂ ਲਿਖੀ ਗਈ ਲੱਗਦੀ ਬਲਕਿ ਕਵੀ ਸੁਚੇਤ ਰੂਪ ਵਿੱਚ ਇਨ੍ਹਾਂ ਦੀ ਵਰਤੋਂ ਕਰਦਾ ਆਪਣੇ ਆਪ ਨੂੰ ਆਪਣੇ ਇਸ਼ਟ ਦੇ ਪਦ-ਚਿੰਨ੍ਹਾਂ ’ਤੇ ਚੱਲਣ ਲਈ ਵਚਨਬੱਧ ਕਰਦਾ ਪ੍ਰਤੀਤ ਹੁੰਦਾ ਹੈ ਅਤੇ ਸੱਚ ਦਾ ਹੋਕਾ ਦਿੰਦਾ ਲੋਕਾਈ ਨੂੰ ਲਲਕਾਰਦਾ ਹੈ। ਉਸ ਅਨੁਸਾਰ:
ਨਾਨਕ ਕੋਈ ਬਾਤ ਨਹੀਂ
ਜੋ ਮੈਂ ਪਾਵਾਂ ਤੂੰ ਬੁੱਝੇਂ
ਨਾ ਨਾਨਕ ਕਹਾਣੀ ਹੈ
ਤੂੰ ਸੁਣਾਵੇਂ ਮੈਂ ਹੁੰਗਾਰਾ ਭਰਾਂ।
ਨਾਨਕ ਤਾਂ ਲਿਵ ਹੈ
ਉਦਾਸੀਆਂ ਤੇ ਤੁਰਨ ਦੀ ਜ਼ਿੱੱਦ ਹੈ।
ਨਾਨਕ ਤਾਂ ਵਾਸ ਹੈ
ਕੁਦਰਤ ਦੇ ਆਲ੍ਹਣੇ ਦਾ
ਨਾਨਕ ਤਾਂ ਵਸੀਲਾ ਹੈ
ਆਪੇ ਨੂੰ ਭਾਲ਼ਣੇ ਦਾ।
ਆਪੇ ਨੂੰ ਭਾਲਣ ਦੇ ਨਿਸ਼ਠੇ ਨਾਲ ਕਵੀ ਪਰਮਿੰਦਰ ਰਮਨ ‘ਢੁੱਡੀਕੇ’ ਵੀ ਲੰਮੇਰੇ ਸਫ਼ਰ ਦਾ ਪਾਂਧੀ ਬਣ ਮੰਜ਼ਿਲ ਦੀ ਭਾਲ ਵਿੱਚ ਨਿਕਲ ਤੁਰਿਆ ਹੈ। ਉਸ ਔਖੇ ਪੈਂਡਿਆਂ ਦੀ ਪਰਵਾਹ ਕਰਨੀ ਛੱਡ ਆਪਣੀ ਮੰਜ਼ਿਲ ਤੱਕ ਪਹੁੰਚਣ ਦੀ ਠਾਣ ਲਈ ਹੈ:
ਬੰਦਾ, ਬੰਦਾ ਹੈ ਨਾ ਕੋਈ ਜਾਤ ਹੈ
ਆ ਨਕਾਰੀਏ ਜੋ ਬਕਵਾਸ ਹੈ
ਲੜੀਏ ਜਦ ਤੱਕ ਨੇ ਸਾਹ ਮਿੱਤਰਾ
ਆ ਤੁਰੀਏ ਲੱਭੀਏ ਰਾਹ ਮਿੱਤਰਾ।
ਇਹ ਲੋਟੂ-ਟੋਲੇ ਜੋ ਫਿਰਦੇ ਨੇ
ਇਹ ਦੁਸ਼ਮਣ ਤੇਰੇ ਚਿਰ ਦੇ ਨੇ
ਨਹੀਂ ਇਨ੍ਹਾਂ ਦਾ ਵਿਸਾਹ ਮਿੱਤਰਾ
ਆ ਤੁਰੀਏ ਲੱਭੀਏ ਰਾਹ ਮਿੱਤਰਾ।
ਸਮਾਜ ਨੂੰ ਘੁਣ ਵਾਂਗ ਖੋਖਲਾ ਕਰ ਰਹੇ ਲੋਟੂ ਟੋਲਿਆਂ ਤੋਂ ਆਮ ਲੋਕਾਈ ਨੂੰ ਸੁਚੇਤ ਕਰਦੇ ਕਵੀ ਲਈ ਬੰਦਾ ਸਿਰਫ਼ ਬੰਦਾ ਹੈ। ਜਾਤ ਪਾਤ ਦੇ ਵਖਰੇਵਿਆਂ ਤੋਂ ਮੁਕਤ ਹੋਣਾ ਲੋਚਦਾ ਕਵੀ ਇਸ ਗੱਲ ਦਾ ਮਲਾਲ ਜ਼ਰੂਰ ਕਰਦਾ ਹੈ, ਜਦੋਂ ਉਹਦੀ ਆਪਣੀ ਜਾਤ ਕਾਰਨ ਉਸ ਨੂੰ ਗੁਰੂ ਧਰੋਹੀ ‘ਗੰਗੂ’ ਆਖ ਸੰਬੋਧਿਤ ਕੀਤਾ ਜਾਂਦਾ ਹੈ।
ਪਰਮਿੰਦਰ ਰਮਨ ਦੀ ‘ਕਵੀ ਕਾਮੇ ਤੇ ਕਾਮਰੇਡ’ ਸਮਾਜਿਕ ਸਰੋਕਾਰਾਂ ਨੂੰ ਪ੍ਰਗਟਾਉਂਦੀ, ਸਰੋਕਾਰਾਂ ਦੀ ਪ੍ਰਾਪਤੀ ਲਈ ਪਾਠਕਾਂ ਨੂੰ ਹਲੂਣਦੀ, ਬਹੁਤ ਹੀ ਕਾਰਗਾਰ ਕਵਿਤਾਵਾਂ ਦਾ ਕਾਵਿ-ਸੰਗ੍ਰਹਿ ਹੈ। ਪੰਜਾਬੀ ਸਾਹਿਤ ਵਿੱਚ ਇਸ ਦਾ ਸੁਆਗਤ ਹੈ।
ਸੰਪਰਕ: 403-402-9635