ਥੁੜ੍ਹੇ ਟੁੱਟੇ ਲੋਕਾਂ ਦੇ ਦੁੱਖਾਂ ਤਕਲੀਫ਼ਾਂ ਦੀ ਕਵਿਤਾ
ਸੀ. ਮਾਰਕੰਡਾ
ਪੁਸਤਕ ਚਰਚਾ
ਖੋਜੀ ਕਾਫ਼ਿਰ ਨੇ ਸਾਹਿਤ ਦੀ ਹਰ ਵਿਧਾ ’ਤੇ ਹੱਥ ਅਜ਼ਮਾਇਆ ਹੈ। ‘ਅੱਥਰੇ ਵੇਗ’ (ਕੀਮਤ: 200 ਰੁਪਏ; ਸਿੰਘ ਬ੍ਰਦਰਜ਼, ਅੰਮ੍ਰਿਤਸਰ) ਖੋਜੀ ਕਾਫ਼ਿਰ ਦੀ ਨਵੀਂ ਛਪੀ ਕਾਵਿ-ਕਿਤਾਬ ਹੈ। ਕਾਫ਼ਿਰ ਦੀ ਕਵਿਤਾ ਨੂੰ ਵਾਚਣਾ, ਸਮਝਣਾ ਅਤੇ ਕਵਿਤਾ ਦੀ ਰਚਨਾ ਸਮੇਂ ਕਵੀ ਦੀ ਮਨੋਸਥਿਤੀ ਤੇ ਉਸ ਦੇ ਕਾਵਿਕ ਛਿਣਾਂ ਦੀ ਤਹਿ ਤਕ ਜਾਣਾ ਅਤੇ ਉਨ੍ਹਾਂ ਨੂੰ ਫੜਨਾ ਪੈਂਦਾ ਹੈ ਤਾਂ ਹੀ ਕਵਿਤਾ ਨੂੰ ਮਾਣਿਆ ਤੇ ਜਾਣਿਆ ਜਾ ਸਕਦਾ ਹੈ।
ਕਵਿਤਾ ਨੂੰ ਪ੍ਰਭਾਸ਼ਿਤ ਕਰਦਿਆਂ ਅਕਸਰ ਹੀ ਕਿਹਾ ਜਾਂਦਾ ਹੈ ਕਿ ਕਵਿਤਾ ਪਿਆਰ ’ਚ ਮੋਏ ਬੰਦਿਆਂ ਦੀ ਹੂਕ ਹੰਦੀ ਹੈ। ਕਾਫ਼ਿਰ ਦੀ ਕਵਿਤਾ ਦਾ ਮਨਨ ਕਰ ਕੇ ਜਾਪਿਆ ਕਿ ਜ਼ਿੰਦਗੀ ਸਿਰਫ਼ ਮੁਹੱਬਤ ਹੀ ਨਹੀਂ ਹੁੰਦੀ। ਇਹ ‘ਕੁੱਛ ਔਰ’ ਵੀ ਹੁੰਦੀ ਹੈ। ਕਵੀ ਦੀ ਕਵਿਤਾ ਪੜ੍ਹਦਿਆਂ ਪਾਠਕ ਨੂੰ ਇਸ ਵਿੱਚੋਂ ਰੁਮਾਂਸ ਦੀ ਥਾਂ ‘ਕੁੱਛ ਔਰ’ ਹੀ ਮਿਲੇਗਾ। ਦਰਅਸਲ, ਕਾਫ਼ਿਰ ਕਵੀ ਹੋ ਕੇ ਵੀ ਕਵੀ ਨਾ ਹੋਣ ਦਾ ਤਸੱਵਰ ਪਾਲਦਿਆਂ ਆਪਣੀ ਕਲਮ ਰਾਹੀਂ ਤਲਵਾਰ ਦੀ ਭੂਮਿਕਾ ਹੀ ਨਿਭਾ ਰਿਹਾ ਹੁੰਦਾ ਹੈ। ਕਵੀ ਦੀ ਕਲਮ ਹੀ ਤਲਵਾਰ ਦੀ ਨਿਆਈਂ ਹੁੰਦੀ ਹੈ। ਕਦੇ ਤਾਂ ਕਲਮ ਸੱਚ ਕਹਿੰਦੀ, ਕਦੇ ਤਲਵਾਰ ਸੱਚ ਕਹਿੰਦੀ। ਇਹ ਸੱਚ ਕਵੀ ਦੀਆਂ ਕਵਿਤਾਵਾਂ ’ਚੋਂ ਸਹਿਜੇ ਹੀ ਦ੍ਰਿਸ਼ਟੀਗੋਚਰ ਹੁੰਦਾ ਹੈ ਜੋ ਕਿਰਤੀਆਂ, ਕਾਮਿਆਂ, ਕਿਸਾਨਾਂ ਅਤੇ ਥੁੜੇ ਟੁੱਟੇ ਲੋਕਾਂ ਦੀ ਤਰਫ਼ਦਾਰੀ ਹੀ ਨਹੀਂ ਕਰਦੀ ਸਗੋਂ ਲੁਟੇਰੀਆਂ ਜਮਾਤਾਂ ਅਤੇ ਤਾਜਦਾਰਾਂ ਵਿਰੁੱਧ ਕਾਵਿ ਵਿਧ ਰਾਹੀਂ ਜੂਝਦਿਆਂ ਥੁੜੇ-ਟੁੱਟੇ ਤੇ ਭੁੱਖਿਆਂ ਨੂੰ ਸੰਘਰਸ਼ ਲਈ ਪ੍ਰੇਰਦੀ ਹੈ। ਇਹੀਓ ਤਾਂ ਲੋਕ-ਪੱਖੀ ਲੇਖਕ ਦੀ ਪ੍ਰਤੀਬੱਧਤਾ ਆਖੀ ਜਾ ਸਕਦੀ ਹੈ।
ਖੋਜੀ ਕਾਫ਼ਿਰ ਉਸ ਦਾ ਸਾਹਿਤਕ ਨਾਂ ਹੈ। ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਉਸ ਦਾ ਅਸਲੀ ਨਾਂ ਭੁਪਿੰਦਰ ਢਿੱਲੋਂ ਉਰਫ਼ ਸ਼ੁਗਲੀ ਹੈ। ਉਸ ਦਾ ਇਹ ਕਾਵਿ-ਸੰਗ੍ਰਹਿ ਕਾਰਪੋਰੇਟ ਘਰਾਣਿਆਂ ਲਈ ਕਿਰਸਾਨੀ ਦੀ ਲੁੱਟ ਦਾ ਰਸਤਾ ਖੋਲ੍ਹਣ ਲਈ ਪਾਸ ਕੀਤੇ ਗਏ ਕਿਸਾਨ ਵਿਰੋਧੀ ਕਾਨੂੰਨਾਂ ਖਿਲਾਫ਼ ਚੱਲੇ ਲੰਬੇ ਸੰਯੁਕਤ ਮੋਰਚੇ ਵਿੱਚ ਸ਼ਾਮਿਲ ਹੋਏ ਕਿਰਤੀਆਂ, ਕਿਸਾਨਾਂ, ਲੇਖਕਾਂ, ਪੱਤਰਕਾਰਾਂ, ਡਾਕਟਰਾਂ, ਵਕੀਲਾਂ, ਪਰਵਾਸੀਆਂ ਅਤੇ ਸੂਰਮਿਆਂ, ਭਾਵ ਹਰ ਉਸ ਬੰਦੇ ਨੂੰ ਸਮਰਪਿਤ ਹੈ ਜਿਸ ਨੇ ਕਿਸੇ ਨਾ ਕਿਸੇ ਤਰ੍ਹਾਂ ਇਸ ਵਿੱਚ ਸਹਿਯੋਗ ਪਾਇਆ। ਇਹ ਉਸ ਦੀ ਲੋਕਪੱਖੀ ਅਤੇ ਜੁਝਾਰੂ ਵਿਚਾਰਧਾਰਾ ਦਾ ਲਖਾਇਕ ਹੈ।
ਉਸ ਦੀ ਬਹੁਤੀ ਕਵਿਤਾ ਰੋਹ ਭਰੀ, ਜੁਝਾਰਵਾਦੀ, ਪ੍ਰਗਤੀਵਾਦੀ ਅਤੇ ਵੇਗ ਭਰਪੂਰ ਹੈ, ਪਰ ਕਈ ਥਾਈਂ ਵਿਅੰਗ ਦੇ ਨਾਲ ਨਾਲ ਸਹਿਜੇ ਹੀ ਹਾਸਰਸ ਵੀ ਪੈਦਾ ਹੋ ਜਾਂਦਾ ਹੈ। ਕਵੀ ਦੇਸ਼ ਦੀ ਗਰਕਦੀ ਹਾਲਤ, ਵਿਗੜ ਰਹੇ ਸਮਾਜਿਕ ਤਾਣੇ-ਬਾਣੇ, ਭ੍ਰਿਸ਼ਟ ਪ੍ਰਬੰਧ, ਨਿੱਘਰੇ ਧਰਮ ਬਾਰੇ ਫ਼ਿਕਰਮੰਦ ਹੀ ਨਹੀਂ ਸਗੋਂ ਇਹ ਸੋਚ ਉਸ ਦੀ ਚੇਤਨਾ ਨੂੰ ਝੰਜੋੜਦਿਆਂ ਉਸ ਵਿੱਚ ਰੋਹ ਵੀ ਭਰਦੀ ਹੈ। ਇਹੀ ਰੋਹ ਉਸ ਨੂੰ ਕਈ ਵਾਰ ਨਾਬਰੀ ਦੀ ਹੱਦ ਤੱਕ ਵੀ ਲੈ ਜਾਂਦਾ ਹੈ। ਮਤਲਬ ਦੇ ਸਮਾਜੀ ਰਿਸ਼ਤਿਆਂ, ਕਚਹਿਰੀਆਂ ਥਾਣਿਆਂ ਆਦਿ ਵਿੱਚ ਵਰਤਦੇ ਭ੍ਰਿਸ਼ਟਾਚਾਰ, ਧਰਮ ਤੇ ਸਿੱਖਿਆ ਦੇ ਨਾਂ ’ਤੇ ਹੋ ਰਹੀ ਲੁੱਟ, ਰਾਜਨੀਤਿਕ ਮੌਕਾਪ੍ਰਸਤੀ, ਅਖੌਤੀ ਬਾਬਿਆਂ ਵੱਲੋਂ ਜਨਤਾ ਨੂੰ ਗੁੰਮਰਾਹ ਕਰ ਕੇ ਧੀਆਂ, ਭੈਣਾਂ ਦਾ ਜਿਣਸੀ ਸ਼ੋਸ਼ਣ ਕਰਨਾ ਉਸ ਨੂੰ ਚਿੰਤਤ ਕਰਦਾ ਹੈ।
ਵਾਹਗੇ ਦੇ ਆਰ ਪਾਰ ਨਾਂ ਦੀ ਕਵਿਤਾ ਵਿੱਚ ਉਹ ਦੋਹਾਂ ਪੰਜਾਬਾਂ ਦੀ ਮੰਦਹਾਲੀ ਵਿਚਲੀਆਂ ਸਮਾਨਤਾਵਾਂ ਨੂੰ ਪ੍ਰਗਟਾਉਂਦਾ ਹੈ। ਦਗਾ ਨਾਂ ਦੀ ਕਵਿਤਾ ਵਿੱਚ ਉਹ ਪੰਜਾਬ ਦੀ ਕਿਰਸਾਨੀ ਲੁੱਟ ਕਰਨ ਲਈ ਘੜੇ ਕਾਨੂੰਨਾਂ ਉੱਤੇ ਕਿੰਤੂ ਕਰਦਿਆਂ ਕਿਸਾਨ ਅੰਦੋਲਨ ਨੂੰ ਵਧੀਆ ਕਾਵਿ ਚਿੱਤਰ ਵਿੱਚ ਢਾਲਦਾ ਹੈ। ਕਵੀ ਬੇਰੁਜ਼ਗਾਰੀ ਅਤੇ ਪੰਜਾਬ ਦੀ ਜਵਾਨੀ ਨੂੰ ਲੈ ਕੇ ਵੀ ਕਾਫ਼ੀ ਫ਼ਿਕਰਮੰਦ ਹੈ। ਨਿੱਜੀ ਵਿਦਿਅਕ ਅਦਾਰਿਆਂ ਵੱਲੋਂ ਪੜ੍ਹਾਈਆਂ ਦੇ ਨਾਂ ’ਤੇ ਕੀਤੀ ਜਾਂਦੀ ਲੁੱਟ ਕਾਰਨ ਕਰਜ਼ਾਈ ਹੋਏ ਮਾਪਿਆਂ ਦੀ ਦੁਰਦਸ਼ਾ ਉਸ ਨੂੰ ਦੁਖੀ ਕਰਦੀ ਹੈ। ਬੇਰੁਜ਼ਗਾਰੀ ਦੀ ਜਿੱਲ੍ਹਣ ਵਿੱਚ ਫਸੇ ਨੌਜਵਾਨਾਂ ਨੂੰ ਰੁਜ਼ਗਾਰ ਦੀ ਕੋਈ ਕਿਰਨ ਦਿਖਾਈ ਨਹੀਂ ਦਿੰਦੀ ਤਾਂ ਰਾਜਨੀਤੀ ਉਨ੍ਹਾਂ ਨੂੰ ਨਸ਼ਿਆਂ ਦਾ ਸ਼ਿਕਾਰ ਬਣਾ ਕੇ ਜੁਰਮ ਦੇ ਰਸਤੇ ਪਾ ਕੇ ਆਪਣਾ ਉੱਲੂ ਸਿੱਧਾ ਕਰਦੀ ਹੈ। ਇਹ ਸਭ ਫ਼ਿਕਰ ਵੀ ਉਸ ਦੀ ਕਵਿਤਾ ਵਿੱਚ ਦਿਸਦੇ ਹਨ।
ਕਵੀ ਆਪਣੀਆਂ ਕਵਿਤਾਵਾਂ ਵਿੱਚ ਅਰਥਾਂ ਨੂੰ ਬਿੰਬਾਂ-ਪ੍ਰਤੀਕਾਂ ਓਹਲੇ ਲੁਕਾਉਂਦਾ ਨਹੀ ਸਗੋਂ ਉਨ੍ਹਾਂ ਨੂੰ ਸਪਸ਼ਟਤਾ ਨਾਲ ਉਜਾਗਰ ਕਰਦਾ ਹੈ। ਇਸ ਦੀ ਅਭਿਵਿਅਕਤੀ ਲਈ ਉਸ ਨੂੰ ਲੋਕ ਬੋਲੀ, ਲੋਕ ਸ਼ੈਲੀ, ਲੋਕ ਮੁਹਾਵਰੇ ਅਤੇ ਲੋਕ ਅਖਾਣ ਦੇ ਨਾਲ ਨਾਲ ਲੋਕ ਛੰਦਾਂ ਦੀ ਵਰਤੋਂ ਦੀ ਸੁਚੱਜੀ ਜਾਚ ਹੈ।
ਸੰਪਰਕ: 94172-72161