ਚਾਹੜਕੇ ਦੀ ਪੰਚਾਇਤ ਵੱਲੋਂ ਪਾਰਦਰਸ਼ੀ ਢੰਗ ਨਾਲ ਕੰਮ ਕਰਨ ਦਾ ਪ੍ਰਣ
ਬਲਵਿੰਦਰ ਸਿੰਘ ਭੰਗੂ
ਭੋਗਪੁਰ, 23 ਅਕਤੂਬਰ
ਬਲਾਕ ਭੋਗਪੁਰ ਦੇ ਪਿੰਡ ਚਾਹੜਕੇ ਦੀ ਨਵੀਂ ਚੁਣੀ ਪੰਚਾਇਤ ਨੇ ਗੁਰਦੁਆਰਾ ਸਿੰਘ ਸਭਾ ਚਾਹੜਕੇ ਵਿੱਚ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਕੀਰਤਨ ਕਰਵਾ ਕੇ ਬਿਨਾਂ ਕਿਸੇ ਭੇਦ-ਭਾਵ ਅਤੇ ਪਾਰਦਰਸ਼ੀ ਢੰਗ ਨਾਲ ਪਿੰਡ ਦਾ ਸਰਬਪੱਖੀ ਵਿਕਾਸ ਕਰਨ ਦਾ ਪ੍ਰਣ ਲਿਆ। ਸਰਪੰਚ ਮਨਜੀਤ ਕੌਰ ਭੰਗੂ, ਪੰਚ ਬਾਬਾ ਜੋਗਿੰਦਰ ਸਿੰਘ, ਜਗਦੇਵ ਸਿੰਘ ਸੈਣੀ, ਮਹਿੰਦਰ ਪਾਲ ਰਿੰਕੂ, ਹਰਜਿੰਦਰ ਸਿੰਘ ਬੀਰਾ, ਪਰਮਿੰਦਰ ਕੌਰ, ਕੁਲਦੀਪ ਕੌਰ, ਮਨਦੀਪ ਕੌਰ ਨੇ ਕਿਹਾ ਕਿ ਪਿੰਡ ਦੀ ਪੰਚਾਇਤ ਕੋਲ ਪੰਚਾਇਤੀ ਜ਼ਮੀਨ ਨਾ ਹੋਣ ਕਰ ਕੇ ਆਮਦਨ ਦਾ ਕੋਈ ਸਾਧਨ ਨਹੀਂ ਹੈ ਜਿਸ ਕਰ ਕੇ ਪਿੰਡ ਸਰਬਪੱਖੀ ਵਿਕਾਸ ਪੱਖੋਂ ਪੱਛੜ ਗਿਆ। ਉਨ੍ਹਾਂ ਕਿਹਾ ਕਿ ਫਿਰ ਵੀ ਵਿਕਾਸ ਕੰਮਾਂ ਲਈ ਸਰਕਾਰ ਕੋਲੋਂ ਵੱਖ-ਵੱਖ ਕਾਰਜਾਂ ਲਈ ਗ੍ਰਾਂਟਾਂ ਦੀ ਮੰਗ ਕੀਤੀ ਜਾਵੇਗੀ।
ਇਸ ਮੌਕੇ ਪ੍ਰੋ. ਹਰਜਿੰਦਰ ਸਿੰਘ ਅਟਵਾਲ ਨੇ ਐਲਾਨ ਕੀਤਾ ਜੇ ਸਰਕਾਰ ਪਿੰਡ ਵਿੱਚ ਸਿਵਲ ਡਿਸਪੈਂਸਰੀ ਖੋਲ੍ਹੇ ਤਾਂ ਉਹ ਇਮਾਰਤ ਬਣਾਉਣ ਲਈ ਆਪਣੀ ਜ਼ਮੀਨ ਮੁਫ਼ਤ ਦੇਣਗੇ। ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਮੂਹ ਨਵੀਂ ਪੰਚਾਇਤ ਦਾ ਸਨਮਾਨ ਕੀਤਾ।