For the best experience, open
https://m.punjabitribuneonline.com
on your mobile browser.
Advertisement

ਭਾਸ਼ਾ ਦੀ ਚਿੰਤਾ ਤੇ ਚਿੰਤਨ ਸੰਵਾਦ ਅੱਗੇ ਵਧਾਉਣ ਦਾ ਅਹਿਦ

10:14 AM Apr 29, 2024 IST
ਭਾਸ਼ਾ ਦੀ ਚਿੰਤਾ ਤੇ ਚਿੰਤਨ ਸੰਵਾਦ ਅੱਗੇ ਵਧਾਉਣ ਦਾ ਅਹਿਦ
ਕਾਨਫਰੰਸ ਮੌਕੇ ਵਿਚਾਰ ਸਾਂਝੇ ਕਰਦਾ ਹੋਇਆ ਬੁਲਾਰਾ। -ਫੋਟੋ: ਬਸਰਾ
Advertisement

ਖੇਤਰੀ ਪ੍ਰਤੀਨਿਧ
ਲੁਧਿਆਣਾ , 28 ਅਪਰੈਲ
ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵਲੋਂ ‘ਬਦਲਦਾ ਦ੍ਰਿਸ਼, ਸਮਕਾਲ ਅਤੇ ਪੰਜਾਬੀ ਭਾਸ਼ਾ’ ਵਿਸ਼ੇ ’ਤੇ ਲੰਘੇ ਦਿਨ ਸ਼ੁਰੂ ਹੋਈ ਕਾਨਫਰੰਸ ਭਾਸ਼ਾ ਦਾ ਵਿਭਿੰਨ ਪੱਖਾਂ ਤੋਂ ਮੁਲਾਂਕਣ ਕਰਦੀ ਹੋਈ ਸਮਾਪਤ ਹੋ ਗਈ। ਕਾਨਫ਼ੰਰਸ ਦੇ ਦੂਜੇ ਦਿਨ ਅੱਜ ਅਕੈਡਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਕਿਹਾ ਕਿ ਭਾਸ਼ਾ ਦੀ ਚਿੰਤਾ ਅਤੇ ਚਿੰਤਨ ਸੰਵਾਦ ਦੀ ਜੋ ਸ਼ੁਰੂਆਤ ਕੀਤੀ ਗਈ ਹੈ, ਇਸ ਨੂੰ ਅੱਗੋਂ ਵੀ ਜਾਰੀ ਰੱਖਾਂਗੇ। ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਨੇ ਕਿਹਾ, ‘‘ਅਸੀਂ ਨਵੀਂ ਪੀੜ੍ਹੀ ਨੂੰ ਉਤਸ਼ਾਹਿਤ ਕਰਕੇ ਵਿਦਵਾਨਾਂ ਦੀ ਨਵੀਂ ਟੀਮ ਤਿਆਰ ਕਰਨ ਲਈ ਯਤਨ ਕਰਾਂਗੇ।’’
ਕਾਨਫ਼ਰੰਸ ਦੇ ਪੰਜਵੇਂ ਸੈਸ਼ਨ ਵਿੱਚ ਡਾ. ਨਵਜੀਤ ਸਿੰਘ ਜੌਹਲ ਹੋਰਾਂ ਦਾ ਖੋਜ-ਪੱਤਰ ‘ਪ੍ਰਿੰਟ ਮੀਡੀਆ ਤੇ ਪੰਜਾਬੀ ਭਾਸ਼ਾ’ ਡਾ. ਅਰਵਿੰਦਰ ਕੌਰ ਕਾਕੜਾ ਨੇ ਪੜ੍ਹਿਆ। ਪਰਚੇ ਦੇ ਹਵਾਲੇ ਨਾਲ ਡਾ. ਕਾਕੜਾ ਨੇ ਕਿਹਾ ਪ੍ਰਿੰਟ ਮੀਡੀਆ ਨੇ ਪੰਜਾਬੀ ਭਾਸ਼ਾ ਵਿੱਚ ਕ੍ਰਾਂਤੀਕਾਰੀ ਰੋਲ ਅਦਾ ਕੀਤਾ ਹੈ ਜਿਸ ਸਦਕਾ ਪੰਜਾਬੀ ਭਾਸ਼ਾ ਦੀ ਸਮਰੱਥਾ ਵਧੀ ਹੈ। ‘ਬਦਲਦੇ ਦ੍ਰਿਸ਼ ਵਿਚ ਪੰਜਾਬੀ ਭਾਸ਼ਾ ਦੀ ਭੂਮਿਕਾ ਅਤੇ ਸਾਰਥਿਕਤਾ’ ਬਾਰੇ ਗੱਲ ਕਰਦਿਆਂ ਡਾ. ਪਰਮਜੀਤ ਸਿੰਘ ਢੀਂਗਰਾ ਨੇ ਕਿਹਾ ਜਦੋਂ ਕੋਈ ਭਾਸ਼ਾ ਦੂਸਰੀ ਭਾਸ਼ਾ ਤੋਂ ਸ਼ਬਦ ਲੈਂਦੀ ਹੈ ਤਾਂ ਭਾਸ਼ਾ ਦੀ ਸਮਰੱਥਾ ਵਧਦੀ ਹੈ। ‘ਬਦਲਦੇ ਦ੍ਰਿਸ਼ ’ਚ ਪੰਜਾਬੀ ਭਾਸ਼ਾ ਦੀ ਨਿਰਮਾਣਕਾਰੀ’ ਬਾਰੇ ਬੋਲਦਿਆਂ ਡਾ. ਸੋਹਣ ਸਿੰਘ ਨੇ ਕਿਹਾ ਕਿ ਭਾਸ਼ਾ ਦਾ ਨਿਰਮਾਣ ਅਚੇਤ ਅਤੇ ਸੁਚੇਤ ਪੱਧਰ ’ਤੇ ਹੁੰਦਾ ਹੈ। ਦੁੱਖ ਦੀ ਗੱਲ ਇਹ ਹੈ ਕਿ ਪੰਜਾਬੀ ਭਾਸ਼ਾ ਦੀ ਨਿਰਮਾਣਕਾਰੀ ਹੌਲੀ ਗਤੀ ਨਾਲ ਹੋ ਰਹੀ ਹੈ। ਪ੍ਰਧਾਨਗੀ ਭਾਸ਼ਨ ’ਚ ਅਮਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਅਜਿਹੀ ਗੰਭੀਰਤਾ ਤੇ ਇਕੱਠ ਵਾਲੀ ਕਾਨਫ਼ੰਰਸ ਪਹਿਲਾਂ ਕਦੇ ਨਹੀਂ ਵੇਖੀ ਸੁਣੀ। ਜਸਪਾਲ ਮਾਨਖੇੜਾ ਨੇ ਕਿਹਾ ਕਿ ਭਾਸ਼ਾ ਨੂੰ ਪ੍ਰਫੁੱਲਤ ਕਰਨ ਲਈ ਅਗਾਊਂ ਹੋਰ ਵੀ ਯਤਨ ਕੀਤੇ ਜਾਣਗੇ। ਡਾ. ਹਰਵਿੰਦਰ ਸਿੰਘ ਸਿਰਸਾ ਨੇ ਮੰਚ ਸੰਚਾਲਨ ਕੀਤਾ ਤੇ ਰਿਪੋਰਟ ਨਰਿੰਦਰਪਾਲ ਕੌਰ ਨੇ ਪੇਸ਼ ਕੀਤੀ। ਕਾਨਫ਼ਰੰਸ ਦੇ ਛੇਵੇਂ ਸੈਸ਼ਨ ਦੌਰਾਨ ਡਾ. ਬੂਟਾ ਸਿੰਘ ਬਰਾੜ ਨੇ ‘ਮਾਤ ਭਾਸ਼ਾ ਅਤੇ ਸਿੱਖਿਆ’ ਵਿਸ਼ੇ ’ਤੇ ਖੋਜ ਪੱਤਰ ’ਚ ਦੱਸਿਆ ਕਿ ਮਾਤ ਭਾਸ਼ਾ ’ਚ ਦਿੱਤੀ ਸਿੱਖਿਆ ਹੀ ਗਿਆਨ ਦੀ ਮਾਤਰਾ ਅਤੇ ਗਤੀ ਨੂੰ ਤੇਜ਼ ਕਰਦੀ ਹੈ। ਡਾ. ਗੁਰਪਾਲ ਸਿੰਘ ਸੰਧੂ ਨੇ ‘ਬਹੁ-ਸਭਿਆਚਾਰੀ ਸਮਾਜ ਅਤੇ ਭਾਸ਼ਾਈ ਲੋੜਾਂ’ ਬਾਰੇ ਗੱਲ ਕਰਦਿਆਂ ਰਾਸ਼ਟਰੀ ਸਿੱਖਿਆ ਨੀਤੀ, ਭਾਸ਼ਾਈ ਸੰਵਾਦ ਅਤੇ ਭਾਸ਼ਾ ਦੇ ਕੇਂਦਰੀਕਰਨ ਆਦਿਕ ਮਸਲਿਆਂ ’ਤੇ ਚਰਚਾ ਕੀਤੀ। ਸੈਸ਼ਨ ਦੀ ਪ੍ਰਧਾਨਗੀ ਕਰ ਰਹੇ ਡਾ. ਸੁਰਜੀਤ ਸਿੰਘ ਭੱਟੀ ਨੇ ਕਿਹਾ ਕਿ ਮੰਡੀ ਦੇ ਦੌਰ ਵਿਚ ਜਦ ਭਾਸ਼ਾ ਵੀ ਵਪਾਰ ਦਾ ਸਾਧਨ ਬਣ ਗਈ ਹੈ ਤਾਂ ਅਜਿਹੇ ਸਮੇਂ ਵਿਚ ਇਸ ਕਾਨਫ਼ਰੰਸ ਦੀ ਸਾਰਥਿਕਤਾ ਹੋਰ ਵਧੇਰੇ ਹੋ ਗਈ ਹੈ। ਡਾ. ਜਗਵਿੰਦਰ ਜੋਧਾ ਨੇ ਕਿਹਾ ਲਹਿੰਦੀ ਪੰਜਾਬੀ ਸਰੋਤਾਮੁਖੀ ਹੈ ਤੇ ਪੂਰਬੀ ਪੰਜਾਬੀ ਸੰਵਾਦੀ ਹੈ। ਅਖ਼ੀਰਲੇ ਸੈਸ਼ਨ ਵਿਚ ਖੋਜ-ਵਿਦਿਆਰਥੀਆਂ ਦੇ ਚੋਣਵੇਂ ਖੋਜ-ਪੱਤਰ ਪੜ੍ਹੇ ਗਏ। ਸੈਸ਼ਨ ਦਾ ਪ੍ਰਧਾਨਗੀ ਭਾਸ਼ਨ ਦਿੰਦਿਆਂ ਡਾ. ਜੋਗਿੰਦਰ ਸਿੰਘ ਨਿਰਾਲਾ ਨੇ ਕਿਹਾ ਕਿ ਪੰਜਾਬੀ ਵਿਚ ਖੋਜ ਦਾ ਪੱਧਰ ਸੰਤੁਸ਼ਟੀਜਨਕ ਨਹੀਂ ਹੈ। ਤ੍ਰੈਲੋਚਨ ਲੋਚੀ ਨੇ ਟਿੱਪਣੀ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਇਹ ਕਾਨਫ਼ਰੰਸ ਸਫ਼ਲ ਰਹੀ ਹੈ। ਕਾਨਫ਼ਰੰਸ ਦੇ ਦੂਜੇ ਦਿਨ ਭਾਰਤ ਦੇ ਵੱਖ ਵੱਖ ਰਾਜਾਂ ਤੋਂ ਪਹੁੰਚੇ ਲੇਖਕਾਂ, ਵਿਦਵਵਾਨਾਂ, ਅਧਿਆਪਕਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਤੋਂ ਇਲਾਵਾ ਡਾ. ਸੁਰਜੀਤ ਪਾਤਰ, ਡਾ. ਗੁਰਚਰਨ ਕੌਰ ਕੋਚਰ, ਸੁਰਿੰਦਰ ਕੈਲੇ, ਦੀਪ ਜਗਦੀਪ ਸਿੰਘ, ਤਰਸੇਮ ਬਰਨਾਲਾ, ਡਾ. ਕੁਲਦੀਪ ਸਿੰਘ ਦੀਪ, ਪ੍ਰੋ. ਬਲਵਿੰਦਰ ਸਿੰਘ ਚਹਿਲ ਆਦਿ ਮੌਜੂਦ ਸਨ।

Advertisement

Advertisement
Author Image

sukhwinder singh

View all posts

Advertisement
Advertisement
×