ਝੋਨੇ ਦੀ ਨਿਰਵਿਘਨ ਖਰੀਦ ਸ਼ੁਰੂ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦਾ ਅਹਿਦ
ਆਤਿਸ਼ ਗੁਪਤਾ
ਚੰਡੀਗੜ੍ਹ, 23 ਅਕਤੂਬਰ
ਪੰਜਾਬ ਦੀਆਂ ਮੰਡੀਆਂ ਵਿੱਚ ਝੋਨੇ ਦੀ ਨਿਰਵਿਘਨ ਖਰੀਦ ਤੇ ਚੁਕਾਈ ਸ਼ੁਰੂ ਨਾ ਹੋਣ ਦੇ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਸੂਬੇ ਵਿੱਚ ‘ਆਪ’ ਦੇ ਮੰਤਰੀਆਂ, ਵਿਧਾਇਕਾਂ, ਭਾਜਪਾ ਆਗੂਆਂ ਅਤੇ ਟੌਲ ਪਲਾਜ਼ਿਆਂ ਸਣੇ 51 ਥਾਵਾਂ ਸ਼ੁਰੂ ਕੀਤੇ ਪੱਕੇ ਮੋਰਚੇ ਅੱਜ ਵੀ ਜਾਰੀ ਰਹੇ। ਇਸ ਮੌਕੇ ਵੱਡੀ ਗਿਣਤੀ ਕਿਸਾਨ, ਮਜ਼ਦੂਰ, ਔਰਤਾਂ, ਬਜ਼ੁਰਗਾਂ ਤੇ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਕਿਸਾਨ ਜਥੇਬੰਦੀ ਦੇ ਆਗੂਆਂ ਨੇ ਪੰਜਾਬ ਦੀਆਂ ਮੰਡੀਆਂ ਵਿੱਚ ਕਿਸਾਨਾਂ ਦੀ ਖੱਜਲ-ਖੁਆਰ ਖਤਮ ਕਰਕੇ ਝੋਨੇ ਦੀ ਨਿਰਵਿਘਨ ਖਰੀਦ ਤੇ ਚੁਕਾਈ ਸ਼ੁਰੂ ਹੋਣ ਤੱਕ ਇਹ ਪੱਕੇ ਮੋਰਚੇ ਜਾਰੀ ਰੱਖਣ ਦਾ ਅਹਿਦ ਲਿਆ। ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ ਆਪਣੀਆਂ ਮੰਗਾਂ ਮਨਵਾ ਕੇ ਹੀ ਘਰ ਵਾਪਸੀ ਕਰੇਗਾ।
ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ, ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ, ਰੂਪ ਸਿੰਘ ਛੰਨਾਂ, ਹਰਦੀਪ ਸਿੰਘ ਟੱਲੇਵਾਲ, ਜਗਤਾਰ ਸਿੰਘ ਕਾਲਾਝਾੜ, ਜਨਕ ਸਿੰਘ ਭੁਟਾਲ, ਹਰਿੰਦਰ ਕੌਰ ਬਿੰਦੂ, ਕਮਲਜੀਤ ਕੌਰ ਬਰਨਾਲਾ ਅਤੇ ਕੁਲਦੀਪ ਕੌਰ ਕੁੱਸਾ ਨੇ ਵੱਖ-ਵੱਖ ਥਾਵਾਂ ’ਤੇ ਸੰਬੋਧਨ ਕਰਦਿਆਂ ਦੋਸ਼ ਲਾਇਆ ਕਿ ਨਿਰਵਿਘਨ ਖਰੀਦ ਸ਼ੁਰੂ ਹੋਣ ਬਾਰੇ ਸਰਕਾਰੀ ਦਾਅਵੇ ਬਹੁਤੀਆਂ ਮੰਡੀਆਂ ਵਿੱਚ ਖੋਖਲੇ ਸਾਬਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਤੇ ਕੇਂਦਰ ਦੀ ਸਰਕਾਰ ਇਸ ਸੰਕਟ ਦੇ ਦੌਰ ਦਾ ਵੀ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਨ੍ਹਾਂ ਵੱਲੋਂ ਇਸ ਸੰਕਟ ਦਾ ਹੱਲ ਕੱਢਣ ਦੀ ਥਾਂ ’ਤੇ ਇਕ-ਦੂਜੇ ’ਤੇ ਦੂਸ਼ਣਬਾਜ਼ੀ ਕਰਕੇ ਸਮਾਂ ਲੰਘਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਮੰਡੀਆਂ ਵਿੱਚ ਝੋਨੇ ਦੀ ਸਮੇਂ ਸਿਰ ਖਰੀਦ ਨਾ ਹੋਣ ਦਾ ਅਸਰ ਅਗਲੀ ਫ਼ਸਲ ’ਤੇ ਪਵੇਗਾ। ਪੰਜਾਬ ਤੇ ਕੇਂਦਰ ਸਰਕਾਰ ਨੂੰ ਮਿਲ ਕੇ ਸਮੱਸਿਆਵਾਂ ਦਾ ਹੱਲ ਲੱਭਣਾ ਚਾਹੀਦਾ ਹੈ। ਇਸ ਸੀਜ਼ਨ ਵਿੱਚ ਫਸਲ ਨੂੰ ਐੱਮਐੱਸਪੀ ਤੋਂ ਘੱਟ ਵੇਚਣ ਕਰਕੇ ਕਿਸਾਨਾਂ ਦੇ ਹੋਏ ਨੁਕਸਾਨ ਦੀ ਪੂਰਤੀ ਵੀ ਸਰਕਾਰ ਨੂੰ ਕਰਨੀ ਚਾਹੀਦੀ ਹੈ। ਸੂਬਾ ਸਰਕਾਰ ਵੱਲੋਂ ਪਰਾਲੀ ਸਾੜਨ ਸਬੰਧੀ ਕਿਸਾਨਾਂ ਖ਼ਿਲਾਫ਼ ਪੁਲੀਸ ਕੇਸ ਦਰਜ ਕੀਤੇ ਜਾ ਰਹੇ ਹਨ ਪਰ ਸਰਕਾਰ ਇਹ ਸਮੱਸਿਆ ਹੱਲ ਕਰਨ ਲਈ ਕੁਝ ਨਹੀਂ ਕਰ ਰਹੀ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਨੂੰ ਪਰਾਲੀ ਸਾੜਨ ਤੋਂ ਬਗੈਰ ਨਿਬੇੜੇ ਲਈ 200 ਰੁਪਏ ਪ੍ਰਤੀ ਕੁਇੰਟਲ ਬੋਨਸ ਦਿੱਤਾ ਜਾਣਾ ਚਾਹੀਦਾ ਹੈ।
ਸਰਕਾਰ ਵੱਲੋਂ ਅਸਿੱਧੇ ਤੌਰ ’ਤੇ ਖੇਤੀ ਕਾਨੂੰਨ ਲਾਗੂ ਕਰਨ ਦੀ ਕੋਸ਼ਿਸ਼: ਉਗਰਾਹਾਂ
ਪਾਤੜਾਂ (ਗੁਰਨਾਮ ਸਿੰਘ ਚੌਹਾਨ): ਝੋਨੇ ਦੀ ਖ਼ਰੀਦ, ਡੀਏਪੀ ਅਤੇ ਕਿਸਾਨੀ ਮੰਗਾਂ ਨੂੰ ਲੈ ਕੇ ਗੋਬਿੰਦਪੁਰਾ ਪੈਂਦ ਦੇ ਟੌਲ ਪਲਾਜ਼ਾ ’ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦਾ ਧਰਨਾ ਅੱਜ ਵੀ ਜਾਰੀ ਰਿਹਾ। ਇਸ ਦੌਰਾਨ ਧਰਨਾਕਾਰੀਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਅਸਿੱਧੇ ਤੌਰ ’ਤੇ ਖੇਤੀ ਕਾਨੂੰਨ ਲਾਗੂ ਕਰਨ ਅਤੇ ਪੰਜਾਬ ਵਾਸੀਆਂ ਤੋਂ ਪਾਣੀ ਤੇ ਧਰਤੀ ਖੋਹਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਜ਼ਮੀਨ ਅਤੇ ਜ਼ਮੀਰ ਦੀ ਲੜਾਈ ਲੜਨੀ ਜਾਣਦੇ ਹਨ। ਉਹ ਅਜਿਹਾ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਹੈ ਕਿ ਧਰਨੇ ਓਨਾ ਚਿਰ ਚਲਦੇ ਰਹਿਣਗੇ ਜਿੰਨਾ ਚਿਰ ਕਿਸਾਨੀ ਨਾਲ ਸਬੰਧਤ ਮੰਗਾਂ ਨਹੀਂ ਮੰਨੀਆਂ ਜਾਂਦੀਆਂ। ਉਨ੍ਹਾਂ ਕਿਹਾ ਕਿ ਜਦੋਂ ਤੱਕ ਝੋਨੇ ਦੀ ਖ਼ਰੀਦ ਸਹੀ ਢੰਗ ਨਾਲ ਨਹੀਂ ਹੁੰਦੀ ਅਤੇ ਡੀਏਪੀ ਸੁਸਾਇਟੀਆਂ ਵਿੱਚ ਨਹੀਂ ਪਹੁੰਚਾਇਆ ਜਾਂਦਾ, ਉਦੋਂ ਤੱਕ 26 ਟੌਲ ਪਲਾਜ਼ੇ ਅਤੇ 25 ਮੰਤਰੀਆਂ ਤੇ ਭਾਜਪਾ ਲੀਡਰਾਂ ਦੇ ਘਰਾਂ ਅੱਗੇ ਧਰਨੇ ਜਾਰੀ ਰਹਿਣਗੇ। ਧਰਨੇ ਨੂੰ ਬਲਾਕ ਪ੍ਰਧਾਨ ਅਮਰੀਕ ਸਿੰਘ, ਅਵਤਾਰ ਸਿੰਘ ਬੂਰੜ, ਗੁਰਮੁਖ ਸਿੰਘ ਕਲਵਾਨੂੰ, ਅਜੈਬ ਸਿੰਘ ਦਫਤਰੀ ਵਾਲਾ, ਬਲਮ ਸਿੰਘ ਨਿਆਲ, ਲਾਭ ਸਿੰਘ ਬਰਾਸ ਅਤੇ ਨਛੱਤਰ ਸਿੰਘ ਹਾਮਝੇੜੀ ਨੇ ਵੀ ਸੰਬੋਧਨ ਕੀਤਾ।