ਦੁਖਦੀ ਰਗ ’ਤੇ ਹੱਥ ਰੱਖਦਾ ਨਾਟਕ ‘ਹੌਸਲਾ-ਵਤਨਾਂ ਵੱਲ ਫੇਰਾ’
ਹਰਜੀਤ ਸਿੰਘ
ਅੰਮ੍ਰਿਤਸਰ ਵਿੱਚ ਰਹਿੰਦਿਆਂ ਨਾਟਕ ਵੇਖਣ ਦੀ ਚੇਟਕ ਸਰਦਾਰ ਗੁਰਸ਼ਰਨ ਸਿੰਘ ਤੋਂ ਸ਼ੁਰੂ ਹੋਈ। ਟੀਵੀ ’ਤੇ ਉਨ੍ਹਾਂ ਦਾ ਨਾਟਕ ‘ਭਾਈ ਮੰਨਾ ਸਿੰਘ’ ਸਮਾਜ ਦੀਆਂ ਕੁਰੀਤੀਆਂ ’ਤੇ ਗੰਭੀਰ ਵਾਰ ਕਰਦਾ ਸੀ। ਕੇਵਲ ਧਾਲੀਵਾਲ ਵੱਲੋਂ ਵਿਰਸਾ ਵਿਹਾਰ ਵਿੱਚ ਹਰ ਸਾਲ ਲਗਾਈ ਜਾਂਦੀ ਵਰਕਸ਼ਾਪ ਬਦੋਬਦੀ ਦਰਸ਼ਕਾਂ ਨੂੰ ਆਪਣੇ ਵੱਲ ਖਿੱਚਦੀ। ਇਸ ਵਰਕਸ਼ਾ਼ਪ ਦੌਰਾਨ ਖੇਡੇ ਗਏ ਨਾਟਕਾਂ ਵਿੱਚੋਂ ਮੈਂ ਸ਼ਾਇਦ ਹੀ ਕੋਈ ਨਾ ਵੇਖਿਆ ਹੋਵੇ। ਇੰਜਨੀਅਰ ਜਤਿੰਦਰ ਸਿੰਘ ਬਰਾੜ ਵੱਲੋਂ ਰੰਗਮੰਚ ਲਈ ਕੀਤੀ ਕੁਰਬਾਨੀ ਕੌਣ ਭੁੱਲ ਸਕਦਾ ਹੈ। ਆਪਣੀ ਰੋਜ਼ੀ-ਰੋਟੀ (ਵਰਕਸ਼ਾਪ) ਨੂੰ ਨਾਟਸ਼ਾਲਾ ਵਿੱਚ ਬਦਲ ਦੇਣਾ, ਕੋਈ ਵਿਰਲਾ ਹੀ ਕਰ ਸਕਦਾ ਹੈ।
ਬਰੈਂਪਟਨ ਰਹਿੰਦਿਆਂ ਜਦੋਂ ਪਿਛਲੇ ਮਹੀਨੇ ਪੰਜਾਬੀ ਆਰਟਸ ਐਸੋਸੀਏਸ਼ਨ ਵੱਲੋਂ ਪੰਜਾਬੀ ਨਾਟਕ ‘ਹੌਸਲਾ-ਵਤਨਾਂ ਵੱਲ ਫੇਰਾ’ ਗਾਰਡਨ ਸੁਕੇਅਰ ਵਿੱਚ ਖੇਡੇ ਜਾਣ ਬਾਰੇ ਸੁਣਿਆ ਤਾਂ ਤੁਰੰਤ ਔਨਲਾਈਨ ਦੋ ਟਿਕਟਾਂ ਬੁੱਕ ਕਰਵਾ ਦਿੱਤੀਆਂ। ਇਹ ਨਾਟਕ ਚਰਨ ਦਾਸ ਸਿੱਧੂ ਦਾ ਲਿਖਿਆ ਹੋਇਆ ਹੈ। ਮਿੱਥੀ ਮਿਤੀ ਨੂੰ ਅਸੀਂ ਸਾਢੇ ਤਿੰਨ ਵਜੇ ਯਾਨੀ ਮੈਂ ਅਤੇ ਮੇਰੀ ਪਤਨੀ ਗਾਰਡਨ ਸੁਕੇਅਰ ਪਹੁੰਚ ਗਏ। ਟਿਕਟਾਂ ਸਕੈਨ ਕਰਾਉਣ ਉਪਰੰਤ ਸਾਨੂੰ ਅੰਦਰ ਜਾਣ ਦਿੱਤਾ ਗਿਆ। ਥੀਏਟਰ ਬੇਹੱਦ ਸੋਹਣਾ ਅਤੇ ਇੰਜਨੀਅਰਇੰਗ ਦਾ ਨਮੂਨਾ ਸੀ। ਸੀਟਾਂ ਬਹੁਤ ਆਰਾਮਦਾਇਕ ਸਨ। ਅਸੀਂ ਲਗਭਗ ਅੱਧਾ ਘੰਟਾ ਪਹਿਲਾਂ ਹੀ ਪਹੁੰਚ ਗਏ ਸੀ। ਉਦੋਂ ਵਿਰਲੇ ਹੀ ਬੰਦੇ ਆਏ ਸਨ। ਹੌਲੀ ਹੌਲੀ ਹਾਲ ਲਗਭਗ ਭਰ ਹੀ ਗਿਆ। ਭਰਿਆ ਹਾਲ ਵੇਖ ਕੇ ਇਸ ਤਰ੍ਹਾਂ ਲੱਗਾ ਜਿਵੇਂ ਪੰਜਾਬੀਆਂ ਨੇ ਆਪਣੇ ’ਤੇ ਲੱਗਾ ਸ਼ਰਾਬ ਪੀਣ ਦਾ ਲੇਬਲ ਲਾਹ ਦਿੱਤਾ ਹੋਵੇ। ਪਾਕਿਸਤਾਨ ਤੋਂ ਆਏ ਅਕਬਰ ਵੱਲੋਂ ਗਾਏ ਗਏ ਗੀਤ/ਟੱਪੇ ਸ਼ਲਾਘਾਯੋਗ ਸਨ।
ਨਾਟਕ ਦੀ ਕਹਾਣੀ ਦਾ ਮੁੱਖ ਪਾਤਰ ਬਲਦੇਵ ਕੈਨੇਡੀਅਨ ਨਾਗਰਿਕ ਹੈ। ਲੰਬਾ ਸਮਾਂ ਕੈਨੇਡਾ ਵਿੱਚ ਰਹਿਣ ਉਪਰੰਤ ਹੁਣ ਉਹ ਵਿੱਤੀ ਤੌਰ ’ਤੇ ਖੁਸ਼ਹਾਲ ਅਤੇ ਸੰਤਸ਼ੁਟ ਹੈ, ਇਸ ਲਈ ਉਹ ਵਾਪਸ ਆਪਣੇ ਪਿੰਡ ਜਾ ਕੇ ਪਿੰਡ ਵਿੱਚ ਹਸਪਤਾਲ ਅਤੇ ਗਲੀਆਂ ਨਾਲੀਆਂ ਬਣਾਉਣਾ ਚਾਹੁੰਦਾ ਹੈ। ਕੁਝ ਦਿਨ ਤਾਂ ਉਸ ਦਾ ਭਰਾ ਗੁਰਜੰਟ ਉਸ ਦਾ ਮਾਣ ਸਤਿਕਾਰ ਕਰਦਾ ਰਿਹਾ, ਪਰ ਜਦੋਂ ਉਸ ਨੂੰ ਪਤਾ ਲੱਗਦਾ ਹੈ ਕਿ ਬਲਦੇਵ ਹੁਣ ਪਿੰਡ ਹੀ ਰਹੇਗਾ ਤਾਂ ਉਸ ਦਾ ਸਬਰ ਟੁੱਟਣ ਲੱਗਦਾ ਹੈ। ਗੁਰਜੰਟ ਸ਼ਾਮਲਾਟ ਜ਼ਮੀਨ ’ਤੇ ਨਾਜਾਇਜ਼ ਕਬਜ਼ੇ ਨੂੰ ਆਪਣੀ ਆਖ ਕੇ ਭਰਾ ਨੂੰ ਜ਼ਮੀਨ ਹਸਪਤਾਲ ਨੂੰ ਦੇਣ ਤੋਂ ਇਨਕਾਰ ਕਰ ਦਿੰਦਾ ਹੈ। ਲਾਲਫੀਤਾਸ਼ਾਹੀ ਬਲਦੇਵ ਦਾ ਰਾਹ ਰੋਕਦੀ ਹੈ। ਬਲਦੇਵ ਹੌਸਲਾ ਨਹੀਂ ਛੱਡਦਾ, ਪਰ ਅੰਤ ਵਿੱਚ ਆਪਣੇ ਭਰਾ ਹੱਥੋਂ ਕਹੀ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ। ਨਾਟਕ ਦਾ ਅੰਤ ਦੁਖਾਂਤ ਹੋ ਨਿੱਬੜਦਾ ਹੈ।
ਅਸਲੀਅਤ ਤਾਂ ਇਹੋ ਹੈ ਕਿ ਜਦੋਂ ਵੀ ਕੋਈ ਵਿਅਕਤੀ ਵਿਦੇਸ਼ ਚਲਾ ਜਾਂਦਾ ਹੈ ਤਾਂ ਉਸ ਦੇ ਸਕੇ ਇਹੋ ਸੋਚਦੇ ਹਨ ਕਿ ਇਹ ਤਾਂ ਹੁਣ ਵਿਦੇਸ਼ ਜੋਗਾ ਹੀ ਹੈ। ਸਾਂਝੀ ਜ਼ਮੀਨ ਜਾਇਦਾਦ ਦੇ ਮਾਲਕ ਤਾਂ ਅਸੀਂ ਹੀ ਹਾਂ। ਜੇਕਰ ਉਹ ਆਪਣਾ ਦਾਅਵਾ ਸਾਂਝੀ ਜਾਇਦਾਦ ’ਤੇ ਕਰਦੇ ਹਨ ਤਾਂ ਉਨ੍ਹਾਂ ਨੂੰ ਏਨਾ ਕੁ ਪਰੇਸ਼ਾਨ ਕੀਤਾ ਜਾਂਦਾ ਹੈ ਕਿ ਜਾਂ ਤਾਂ ਬੰਦਾ ਵਾਪਸ ਵਿਦੇਸ਼ ਮੁੜ ਜਾਂਦਾ ਹੈ ਜਾਂ ਉਸ ਦਾ ਹਸ਼ਰ ਬਲਦੇਵ ਵਾਲਾ ਹੀ ਹੁੰਦਾ ਹੈ। ਉਸ ਦੇ ਰਿਸ਼ਤੇਦਾਰ ਵੀ ਸੋਚਦੇ ਹਨ ਕਿ ਉਹ ਉਨ੍ਹਾਂ ਦੇ ਬੱਚਿਆਂ ਨੂੰ ਵਿਦੇਸ਼ ਲੈ ਕੇ ਹੀ ਨਹੀਂ ਜਾਵੇਗਾ ਬਲਕਿ ਉੱਥੇ ਸੈਟਲ ਵੀ ਕਰਵਾਵੇਗਾ। ਇਹ ਕੌੜੀ ਸੱਚਾਈ ਹੈ।
ਨਾਟਕ ਦੇ ਮੁੱਖ ਪਾਤਰ ਗੁਰਜੰਟ, ਉਸ ਦੀ ਪਤਨੀ, ਧੀ, ਬਲਦੇਵ ਤੇ ਉਸ ਦੀ ਪਤਨੀ ਅਤੇ ਬਾਕੀ ਸਾਰੇ ਪਾਤਰਾਂ ਨੇ ਆਪਣੇ ਕਿਰਦਾਰਾਂ ਨਾਲ ਇਨਸਾਫ ਕੀਤਾ ਹੈ। ਉਹ ਨਾਟਕ ਦੇ ਨਹੀਂ ਅਸਲੀ ਜ਼ਿੰਦਗੀ ਦੇ ਪਾਤਰ ਹੋ ਨਿੱਬੜਦੇ ਹਨ। ਪੰਜਾਬੀ ਆਰਟਸ ਐਸੋਸੀਏਸ਼ਨ ਇਸ ਉੱਦਮ ਲਈ ਵਧਾਈ ਦੀ ਪਾਤਰ ਹੈ।
ਸੰਪਰਕ: 92177-01415 (ਵਟਸਐਪ)
ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ’ਤੇ ਚੱਲਣ ਦਾ ਸੱਦਾ
ਕੈਲਗਰੀ: ਕੈਲਗਰੀ ਲੇਖਕ ਸਭਾ ਦੀ ਮਹੀਨਾਵਾਰ ਮੀਟਿੰਗ ਕੋਸੋ ਹਾਲ ਵਿੱਚ ਹੋਈ। ਮੀਟਿੰਗ ਦੀ ਸ਼ੁਰੂਆਤ ਸਭਾ ਦੇ ਉਪ-ਪ੍ਰਧਾਨ ਸੁਰਿੰਦਰ ਸਿੰਘ ਢਿੱਲੋਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਸ਼ਬਦ ਨਾਲ ਹੋਈ। ਮਨਮੋਹਨ ਸਿੰਘ ਬਾਠ ਨੇ ਯਮਲਾ ਜੱਟ ਦਾ ਗਾਇਆ ਗੀਤ, ‘ਸਤਿਗੁਰ ਨਾਨਕ ਆਜਾ ਸੰਗਤ ਪਈ ਪੁਕਾਰਦੀ’ ਸੁਰ ਵਿੱਚ ਗਾਇਆ। ਗੁਰਨਾਮ ਕੌਰ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ, ਸਿੱਖਿਆਵਾਂ, ਰਚਿਤ ਬਾਣੀ ਅਤੇ ਉਦਾਸੀਆਂ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ। ਰਵੀ ਜਨਾਗਲ ਨੇ ਸੰਤ ਰਾਮ ਉਦਾਸੀ ਦਾ ਬਾਬੇ ਨਾਨਕ ਦੇ ਸਾਥੀ ਮਰਦਾਨੇ ਦੀ ਪਤਨੀ ਵੱਲੋਂ ਆਪਣੇ ਪਤੀ ਨੂੰ ਸੰਬੋਧਨ ਕਰਕੇ ਲਿਖਿਆ ਗੀਤ ‘ਅਜੇ ਹੋਇਆ ਨਾ ਨਜ਼ਾਰਾ ਤੇਰੀ ਦੀਦ ਦਾ, ਅਸਾਂ ਮਸਾਂ ਵੇ ਲੰਘਾਇਆ ਚੰਨ ਈਦ ਦਾ’ ਸੁਰ ਵਿੱਚ ਪੇਸ਼ ਕੀਤਾ। ਇੰਜਨੀਅਰ ਜੀਰ ਸਿੰਘ ਬਰਾੜ ਨੇ ਬਾਬੇ ਨਾਨਕ ਦੀ ਮਿਹਰ ਤੇ ਬਰਕਤ ਦਾ ਜ਼ਿਕਰ ਕੀਤਾ। ਬਲਜਿੰਦਰ ਕੌਰ ਨੇ ‘ਅੱਜ ਫੇਰ ਬਾਬਾ ਨਾਨਕ ਜੀ ਦੁਨੀਆ ’ਤੇ ਫੇਰਾ ਪਾ ਜਾਵੋ’ ਗੀਤ ਗਾ ਕੇ ਸੁਣਾਇਆ। ਜਗਦੇਵ ਸਿੰਘ ਸਿੱਧੂ ਨੇ ਇੱਥੋਂ ਦੇ ਮੂਲ-ਵਾਸੀਆਂ ਦੀ ਸੁਚੱਜੀ ਜੀਵਨ-ਜਾਚ ਨੂੰ ਬਾਬੇ ਨਾਨਕ ਦੀ ਫਿਲਾਸਫੀ ਨਾਲ ਮੇਲ ਖਾਂਦੀ ਦਰਸਾਇਆ ਜਿਸ ਵਿੱਚ ਕਿਰਤ ਕਰਨਾ, ਵੰਡ ਛਕਣਾ ਅਤੇ ਨਾਮ ਜਪਣਾ ਸ਼ਾਮਲ ਹੈ। ਸੁਖਵਿੰਦਰ ਸਿੰਘ ਥਿੰਦ ਨੇ ਲੇਹ-ਲੱਦਾਖ ਵਿੱਚ ਗੁਰੂ ਨਾਨਕ ਦੇਵ ਜੀ ਦੇ ਕਰ-ਕਮਲਾਂ ਦੀ ਛੋਹ ਪ੍ਰਾਪਤ ‘ਪੱਥਰ ਸਾਹਿਬ’ ਗੁਰਦੁਆਰਾ ਸਾਹਿਬ ਬਾਰੇ ਜਾਣਕਾਰੀ ਸਾਂਝੀ ਕੀਤੀ ਜਿਸ ਦੇ ਦਰਸ਼ਨ ਕਰਨ ਦਾ ਸੁਭਾਗ ਉਸ ਨੂੰ ਪ੍ਰਾਪਤ ਹੋਇਆ ਸੀ। ਪਰਮਜੀਤ ਭੰਗੂ ਨੇ ਗੁਰੂ ਨਾਨਕ ਦੇਵ ਜੀ ਦੀ ਬਾਬਰ ਨੂੰ ਜ਼ਾਬਰ ਕਹਿਣ ਦੀ ਜੁਰੱਅਤ ਦਾ ਉਲੇਖ ਕੀਤਾ। ਗੁਰਚਰਨ ਕੌਰ ਨੇ ਗੁਰੂ ਨਾਨਕ ਦੇਵ ਜੀ ਵੱਲੋਂ ਔਰਤ ਜਾਤ ਦੀ ਉੱਤਮਤਾ ਦੇ ਸਬੰਧ ਵਿੱਚ ਉਚਾਰੇ ਸ਼ਬਦ ਦੀ ਮਹਿਮਾ ਕਰਦਿਆਂ ਔਰਤ ਦੇ ਮਾਂ-ਰੂਪ ਸਬੰਧੀ ਆਪਣੀ ਰਚਨਾ ‘ਮਾਂ’ ਸਾਂਝੀ ਕੀਤੀ।
ਸਰਦੂਲ ਸਿੰਘ ਲੱਖਾ ਨੇ ਗ਼ਰੀਬ ਬੱਚਿਆਂ ਦੀ ਮਾਯੂਸ ਦੀਵਾਲੀ ਦਾ ਜ਼ਿਕਰ ਕਰਦੀ ਆਪਣੀ ਰਚਨਾ ‘ਪਟਾਕਿਆਂ ਦੇ ਢੇਰ ਵੇਖ’ ਸਮੇਤ ਦੋ ਹੋਰ ਰਚਨਾਵਾਂ ਸੁਣਾਈਆਂ। ਦਰਸ਼ਨ ਸਿੰਘ ਬਰਾੜ ਨੇ ‘ਝੂਠਾਂ ਦੀ ਪੰਡ ਖੁੱਲ੍ਹ ਜਾਂਦੀ, ਹੁੰਦੀ ਦਿਨ ਚਾਰਾਂ ਦੀ’ ਤਰੰਨੁਮ ਵਿੱਚ ਗਾਈ। ਤੇਜਾ ਸਿੰਘ ਪ੍ਰੇਮੀ ਨੇ ਨਵੰਬਰ ਮਹੀਨੇ ਹੋਣ ਵਾਲੇ ਬਾਲ ਦਿਵਸ ਦੀ ਗੱਲ ਕੀਤੀ। ਸੰਦੀਪ ਕੌਰ ‘ਰੂਹਵ’ ਨੇ ‘ਵੱਡ-ਵਡੇਰਿਆਂ ਦਾ ਘਰ’ ਆਪਣੀ ਰਚਨਾ ਸਾਂਝੀ ਕਰ ਕੇ ਪੁਰਾਣੇ ਘਰਾਂ ਦੀ ਤਸਵੀਰ ਪੇਸ਼ ਕਰ ਦਿੱਤੀ। ਰਵਿੰਦਰ ਕੌਰ ਨੇ ਕਿਹਾ ਕਿ ਹਿੰਸਾ ਸਿਰਫ਼ ਮਾਰ-ਕੁੱਟ ਹੀ ਨਹੀਂ ਹੁੰਦੀ ਬਲਕਿ ਘਰਾਂ ਅੰਦਰ ਹੋਣ ਵਾਲਾ ਮਾਨਸਿਕ, ਭਾਵਨਾਤਮਕ ਤੇ ਆਰਥਿਕ ਦੁਰਵਿਹਾਰ ਉਸ ਤੋਂ ਵੀ ਭੈੜੀ ਅਲਾਮਤ ਹੈ। ਸਭਾ ਦੇ ਪ੍ਰਧਾਨ ਜਸਵੀਰ ਸਹੋਤਾ ਨੇ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ ਅਤੇ ਸਭ ਦਾ ਉਨ੍ਹਾਂ ਦੀ ਹਾਜ਼ਰੀ ਅਤੇ ਆਪਣੇ ਬੋਲਾਂ ਤੇ ਰਚਨਾਵਾਂ ਰਾਹੀਂ ਯੋਗਦਾਨ ਪਾਉਣ ਦਾ ਧੰਨਵਾਦ ਕੀਤਾ। ਜਗਦੇਵ ਸਿੰਘ ਸਿੱਧੂ ਨੇ ਵੀ ਪੇਸ਼ ਰਚਨਾਵਾਂ ਦੀ ਭਰਵੀਂ ਦਾਦ ਦਿੱਤੀ।
ਖ਼ਬਰ ਸਰੋਤ ਕੈਲਗਰੀ ਲੇਖਕ ਸਭਾ
ਵੈਨਕੁਵਰ ਵਿਚਾਰ ਮੰਚ ਵੱਲੋਂ ਦਰਸ਼ਨ ਦੋਸਾਂਝ ਦੀਆਂ ਦੋ ਪੁਸਤਕਾਂ ਰਿਲੀਜ਼
ਹਰਦਮ ਮਾਨ
ਸਰੀ: ਵੈਨਕੁਵਰ ਵਿਚਾਰ ਮੰਚ ਵੱਲੋਂ ਬੀਤੇ ਦਿਨੀਂ ਇੱਥੇ ਵਿਸ਼ੇਸ਼ ਇਕੱਤਰਤਾ ਦੌਰਾਨ ਦਰਸ਼ਨ ਦੋਸਾਂਝ ਦੀਆਂ ਦੋ ਪੁਸਤਕਾਂ ‘ਅੰਨ੍ਹਾਂ ਖੂਹ’ (ਕਹਾਣੀ ਸੰਗ੍ਰਿਹ) ਅਤੇ ‘ਮੈਨੂੰ ਤਲਾਸ਼ਾਂ ਤੇਰੀਆਂ’ (ਕਾਵਿ ਸੰਗ੍ਰਹਿ) ਰਿਲੀਜ਼ ਕੀਤੀਆਂ ਗਈਆਂ। ਮੰਚ ਦੇ ਆਗੂ ਮੋਹਨ ਗਿੱਲ ਨੇ ਦਰਸ਼ਨ ਦੋਸਾਂਝ ਬਾਰੇ ਸੰਖੇਪ ਜਾਣਕਾਰੀ ਦਿੱਤੀ।
ਪੰਜਾਬ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਨਾਵਲਕਾਰ, ਕਹਾਣੀਕਾਰ ਅਤੇ ਆਲੋਚਕ ਡਾ. ਸੁਰਜੀਤ ਬਰਾੜ ਨੇ ਦਰਸ਼ਨ ਦੋਸਾਂਝ ਬਾਰੇ ਜਾਣ ਪਛਾਣ ਕਰਵਾਉਂਦਿਆਂ ਕਿਹਾ ਕਿ ਦਰਸ਼ਨ ਦੋਸਾਂਝ ਯਥਾਰਥਵਾਦੀ-ਰੁਮਾਂਸਵਾਦੀ ਗੀਤਕਾਰ ਹੈ। ਗੀਤਕਾਰ ਹੋਣ ਦੇ ਨਾਲ ਨਾਲ ਉਹ ਗਾਇਕ ਵੀ ਹੈ। ਉਹ ਸ਼ਬਦਾਂ ਦਾ ਧਨੀ ਹੈ। ਉਸ ਦੇ ਗੀਤ ਸਰਲਭਾਵੀ, ਕੋਮਲਭਾਵੀ ਹਨ ਜੋ ਬਾਕਮਾਲ ਬਿੰਬਾਂ, ਪ੍ਰਤੀਕਾਂ, ਅਲੰਕਾਰਾਂ ਨਾਲ ਸ਼ਿੰਗਾਰੇ ਹੋਏ ਹਨ। ਇਹ ਗੀਤ ਜ਼ਿੰਦਗੀ ਨੂੰ ਟੁੰਬਣ ਵਾਲੇ ਗੀਤ ਹਨ ਜਿਨ੍ਹਾਂ ਵਿੱਚ ਜ਼ਿੰਦਗੀ, ਸਮਾਜ ਅਤੇ ਪਿਆਰ ਨਾਲ ਸਬੰਧਿਤ ਮਸਲਿਆਂ ਨੂੰ ਬਹੁਤ ਹੀ ਬਾਖੂਬੀ ਨਾਲ ਪੇਸ਼ ਕੀਤਾ ਗਿਆ ਹੈ। ਉਸ ਨੇ ਇਹ ਵੀ ਦੱਸਿਆ ਕਿ ਗੀਤਾਂ ਤੋਂ ਪਹਿਲਾਂ ਦਰਸ਼ਨ ਦੋਸਾਂਝ ਕਹਾਣੀਆਂ ਲਿਖਦਾ ਸੀ। ਉਸ ਦੀਆਂ ਕਹਾਣੀਆਂ ਵੀ ਮਨੁੱਖਤਾ ਅਤੇ ਜ਼ਿੰਦਗੀ ਦੇ ਸਨਮੁੱਖ ਮਸਲਿਆਂ ਦੇ ਰੂਬਰੂ ਹੁੰਦੀਆਂ ਹਨ। ਇਹ ਕਹਾਣੀਆਂ ਜੀਵਨ ਵਿੱਚ ਬੰਦੇ ਦੇ ਹੱਥ ਖਾਲੀ ਰਹਿਣ ਅਤੇ ਆਪਣੀਆਂ ਸਮੱਸਿਆਵਾਂ ਦੇ ਅੰਨ੍ਹੇ ਖੂਹ ਵਿੱਚ ਬੰਦੇ ਦੇ ਡਿੱਗਣ ਦਾ ਬਾਖੂਬੀ ਵਰਣਨ ਕਰਦੀਆਂ ਹਨ।
ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਕਿਹਾ ਕਿ ਦਰਸ਼ਨ ਦੋਸਾਂਝ ਮੋਗਾ ਦੇ ਸਾਹਿਤਕ ਸਮਾਗਮਾਂ ਵਿੱਚ ਆਪਣੇ ਖੂਬਸੂਰਤ ਗੀਤਾਂ ਨਾਲ ਬਹੁਤ ਚਿਰ ਛਾਇਆ ਰਿਹਾ ਹੈ ਅਤੇ ਉਸ ਵੱਲੋਂ ਪੇਸ਼ ਕੀਤੇ ਜਾਂਦੇ ਗੀਤ ਅਕਸਰ ਸਾਹਿਤਕ ਸਮਾਗਮਾਂ ਦੀ ਸ਼ਾਨ ਬਣਦੇ ਰਹੇ ਹਨ। ਨਛੱਤਰ ਸਿੰਘ ਗਿੱਲ, ਠਾਣਾ ਸਿੰਘ ਖੋਸਾ, ਜਰਨੈਲ ਸਿੰਘ ਆਰਟਿਸਟ, ਅਸ਼ੋਕ ਭਾਰਗਵ ਅਤੇ ਮਹਿੰਦਰਪਾਲ ਸਿੰਘ ਪਾਲ ਨੇ ਇਨ੍ਹਾਂ ਪੁਸਤਕਾਂ ਲਈ ਦਰਸ਼ਨ ਦੋਸਾਂਝ ਨੂੰ ਵਧਾਈ ਦਿੱਤੀ। ਦਰਸ਼ਨ ਦੋਸਾਂਝ ਨੇ ਡਾ. ਸੁਰਜੀਤ ਬਰਾੜ ਵੱਲੋਂ ਦਿੱਤੇ ਉਤਸ਼ਾਹ ਦੀ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਹੱਲਾਸ਼ੇਰੀ ਸਦਕਾ ਹੀ ਇਹ ਦੋਵੇਂ ਪੁਸਤਕਾਂ ਹੋਂਦ ਵਿੱਚ ਆਈਆਂ ਹਨ। ਉਸ ਨੇ ਇਹ ਪ੍ਰੋਗਰਾਮ ਰਚਾਉਣ ਲਈ ਵੈਨਕੁਵਰ ਵਿਚਾਰ ਮੰਚ ਦਾ ਧੰਨਵਾਦ ਕੀਤਾ। ਅੰਤ ਵਿੱਚ ਮੰਚ ਦੇ ਪ੍ਰਧਾਨ ਜਰਨੈਲ ਸਿੰਘ ਆਰਟਿਸਟ ਨੇ ਸਭਨਾਂ ਦਾ ਧੰਨਵਾਦ ਕੀਤਾ।
ਸੰਪਰਕ: 1 604 308 6663