ਸਵੱਛ ਭਾਰਤ ਮਿਸ਼ਨ ਤਹਿਤ ਨਾਟਕ ਮੇਲਾ ਕਰਵਾਇਆ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 25 ਸਤੰਬਰ
ਸਵੱਛ ਭਾਰਤ ਮਿਸ਼ਨ ਤਹਿਤ ਸਵੱਛਤਾ ਹੀ ਸੇਵਾ ਦੇ ਅਧੀਨ ਨਟਰਾਜ ਆਰਟਸ ਥੀਏਟਰ ਪਟਿਆਲਾ ਨੇ ਐਨਜੈਡਸੀਸੀ ਦੇ ਸਹਿਯੋਗ ਨਾਲ ਪਟਿਆਲਾ ਸ਼ਹਿਰ ਦੀ ਸਰਕਾਰੀ ਉਦਯੋਗਿਕ ਸੰਸਥਾ (ਗਰਲਜ਼) ਅਤੇ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਵਿੱਚ ਦੋ ਰੋਜ਼ਾ ਨੁੱਕੜ ਨਾਟਕ ਮੇਲਾ ਕਰਵਾਇਆ। ਇਸ ਦੌਰਾਨ ‘ਅਬ ਤੋ ਸੁਧਰੋ’ ਨਾਟਕ ਦਾ ਮੰਚਨ ਵੀ ਹੋਇਆ। ਜਾਣਕਾਰੀ ਅਨੁਸਾਰ ਇਹ ਪ੍ਰੋਗਰਾਮ ਸਵੱਛਤਾ ਹੀ ਸੇਵਾ ਮੁਹਿੰਮ ਤਹਿਤ 2 ਅਕਤੂਬਰ ਤੱਕ ਜਾਰੀ ਰਹੇਗਾ, ਜਿਸ ਵਿਚ ਉੱਤਰ ਖੇਤਰੀ ਸਭਿਆਚਾਰਕ ਕੇਂਦਰ ਪਟਿਆਲਾ ਅਤੇ ਨਟਰਾਜ ਆਰਟਸ ਥੀਏਟਰ ਨੇ ਗੋਪਾਲ ਸ਼ਰਮਾ ਦੇ ਨਿਰਦੇਸ਼ਨ ਹੇਠ ਮੇਲੇ ਦਾ ਆਯੋਜਨ ਕੀਤਾ। ਇਸ ਮੌਕੇ ‘ਅਬ ਤੋ ਸੁਧਰੋ’ ਨਾਟਕ ਰਾਹੀਂ ਦਰਖਤਾਂ ਦੀ ਮਹੱਤਤਾ, ਨਦੀਆਂ ਦੇ ਪਾਣੀ ਨੂੰ ਗੰਦਾ ਹੋਣ ਤੋਂ ਰੋਕਣਾ, ਪਾਣੀ ਦੀ ਬਰਬਾਦੀ ਨਾ ਕਰਨ ਦਾ ਸੰਦੇਸ਼, ਬਿਨਾਂ ਹੈਲਮੇਟ ਤੇ ਬਿਨਾਂ ਲਾਇਸੈਂਸ ਕੋਈ ਵੀ ਵਾਹਨ ਆਦਿ ਨਾ ਚਲਾਉਣਾ ਅਤੇ ਕਾਨੂੰਨ ਦਾ ਉਲੰਘਣਾ ਨਾ ਕਰਨਾ ਨੂੰ ਬਾਖ਼ੂਬੀ ਦਿਖਾਇਆ ਗਿਆ ਹੈ। ਨਾਟਕ ਵਿੱਚ ਸ਼ਾਮਲ ਕਲਾਕਾਰਾਂ ਵਿੱਚ ਗੋਪਾਲ ਸ਼ਰਮਾ, ਜਸਪ੍ਰੀਤ, ਨਿਰਮਲ, ਹਾਰਦਿਕ ਅਤੇ ਬਲਜੀਤ ਨੇ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਮਨ ਜਿੱਤ ਲਿਆ।