ਬਾਬਾ ਫ਼ਰੀਦ ਆਗਮਨ ਪੁਰਬ ’ਤੇ ਨਾਟਕ ਮੇਲਾ ਕਰਵਾਇਆ
ਨਿੱਜੀ ਪੱਤਰ ਪ੍ਰੇਰਕ
ਫਰੀਦਕੋਟ, 22 ਸਤੰਬਰ
ਬਾਬਾ ਫ਼ਰੀਦ ਆਗਮਨ ਪੁਰਬ ’ਤੇ ਇੱਥੋਂ ਦੇ ਮੁੱਖ ਪੰਡਾਲ ਵਿੱਚ ਤਰਕਸ਼ੀਲ ਸੁਸਾਇਟੀ ਭਾਰਤ ਵੱਲੋਂ ਤਰਕਸ਼ੀਲ ਨਾਟਕ ਮੇਲਾ ਕਰਵਾਇਆ ਗਿਆ ਜਿਸ ਦਾ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ। ਇਸ ਮੇਲੇ ਦਾ ਉਦਘਾਟਨ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕੀਤਾ। ਇਸ ਮੌਕੇ ਉਨ੍ਹਾਂ ਨਾਲ ਹਰਦਿੱਤ ਸਿੰਘ ਸੇਖੋਂ, ਅੰਗਰੇਜ਼ ਸਿੰਘ, ਬੇਅੰਤ ਕੌਰ ਅਤੇ ਸੁਰਜੀਤ ਸਿੰਘ ਹਾਜ਼ਰ ਸਨ। ਲੋਕ ਗਾਇਕ ਜਗਸੀਰ ਸਿੰਘ ਜੀਦਾ ਨੇ ਤਰਕਸ਼ੀਲ ਬੋਲੀਆਂ, ਇੰਨਕਲਾਬੀ ਗੀਤ ਪੇਸ਼ ਕੀਤੇ। ਨਾਟਕਕਾਰ ਗੁਰਸ਼ਰਨ ਸਿੰਘ ਦੁਆਰਾ ਲਿਖਿਆ ਅਤੇ ਮੇਘਰਾਜ ਰੱਲਾ ਦੁਆਰਾ ਨਿਰਦੇਸ਼ਤ ਨਾਟਕ ‘ਬੇਗਮ ਦੀ ਧੀ’ ਖੇਡਿਆ ਗਿਆ। ਜਾਦੂ ਦੇ ਟਰਿੱਕ, ‘ਏਡੀ ਬਾਦਸ਼ਾਹ’ ਤੇ ‘ਕਾਇਦਾ ਕਾਨੂੰਨ’ ਵੀ ਪੇਸ਼ ਕੀਤੇ ਗਏ। ਇਸ ਮੌਕੇ ਕੋਰੀਓਗਰਾਫੀ ‘ਮੈਂ ਭਗਤ ਸਿੰਘ’ ‘ਸਰਾਭੇ ਨੂੰ ਯਾਦ ਕਰਾਂ’ ਤੇ ‘ਪੰਡਤ ਜੀ ਕੀ ਹਾਲ ਮੇਰਾ’ ਪੇਸ਼ ਕੀਤੀਆਂ ਗਈਆਂ। ਇਸ ਉਪਰੰਤ ਤਰਕਸ਼ੀਲ ਮੇਲੇ ਅਤੇ ਨਾਟਕ ਰਾਹੀਂ ਕਲਾਕਾਰਾਂ ਨੇ ਲੋਕਾਂ ਨੂੰ ਅੰਧ-ਵਿਸ਼ਵਾਸ ਅਤੇ ਵਹਿਮ-ਭਰਮ ਤਿਆਗਣ ਦਾ ਸੱਦਾ ਦਿੱਤਾ ਅਤੇ ਵਿਗਿਆਨਿਕ ਸੋਚ ਦੇ ਧਾਰਨੀ ਬਣਨ ਦੀ ਅਪੀਲ ਕੀਤੀ। ਨਾਟਕ ਮੇਲੇ ਵਿੱਚ ਲਖਵਿੰਦਰ ਹਾਲੀ, ਜਗਪਾਲ ਸਿੰਘ ਬਰਾੜ, ਸੁਭਾਸ਼ ਗਰੋਵਰ, ਸੁਖਚੈਨ ਸਿੰਘ ਥਾਂਦੇਵਾਲਾ, ਬਲਕਾਰ ਮੰਡ ਆਦਿ ਨੇ ਤਰਕਸ਼ੀਲ ਮੇਲੇ ਦਾ ਸਮੁੱਚਾ ਪ੍ਰਬੰਧ ਸੰਭਾਲਿਆ।