ਸੁਕਰਾਤ ’ਤੇ ਆਧਾਰਤ ਨਾਟਕ ਦਾ ਮੰਚਨ
ਪੱਤਰ ਪ੍ਰੇਰਕ
ਬਠਿੰਡਾ, 10 ਜੂਨ
ਨਾਟਿਯਮ ਪੰਜਾਬ ਵੱਲੋਂ ਅੱਜ ਮਹਾਰਾਜਾ ਰਣਜੀਤ ਸਿੰਘ ਪੰਜਾਬ ਤਕਨੀਕੀ ਯੂਨੀਵਰਸਿਟੀ ਬਠਿੰਡਾ ਵਿੱਚ ਇੱਕ ਪਾਤਰੀ ਨਾਟਕ ‘ਸੁਕਰਾਤ’ ਰਾਹੀਂ 2500 ਸਾਲ ਪਹਿਲਾਂ ਹੋਏ ਦਾਰਸ਼ਨਿਕ ਨੂੰ ਮੰਚ ‘ਤੇ ਸੁਰਜੀਤ ਕਰ ਦਿੱਤਾ। ਮੂਲ ਰੂਪ ਵਿੱਚ ਹਿੰਦੀ ਵਿੱਚ ਅਖ਼ਤਰ ਅਲੀ ਦੁਆਰਾ ਲਿਖੇ ਇਸ ਨਾਟਕ ਨੂੰ ਪੰਜਾਬੀ ਰੂਪ ਅਤੇ ਨਿਰਦੇਸ਼ਨ ਵਿੱਚ ਬੰਨ੍ਹਣ ਦਾ ਕਾਰਜ ਨਿਰਦੇਸ਼ਕ ਅਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਬਠਿੰਡਾ ਕਿਰਤੀ ਕਿਰਪਾਲ ਨੇ ਕੀਤਾ। ਸੁਕਰਾਤ ਦਾ ਰੋਲ ਵੀ ਖ਼ੁਦ ਕਿਰਤੀ ਕਿਰਪਾਲ ਨੇ ਨਿਭਾਇਆ। ਸੁਕਰਾਤ ਦੀ ਫ਼ਿਲਾਸਫ਼ੀ ਦਰਸਾਉਂਦੇ ਇਸ ਨਾਟਕ ਦੌਰਾਨ ਆਡੀਟੋਰੀਅਮ ਤਾੜੀਆਂ ਨਾਲ਼ ਗੂੰਜਦਾ ਰਿਹਾ। ਧਰਮ ਅਤੇ ਰਾਜਨੀਤੀ ਵਰਗੇ ਗੰਭੀਰ ਵਿਸ਼ਿਆਂ ਨਾਲ਼ ਸੰਜੋਏ ਇਸ ਨਾਟਕ ਨੂੰ ਕਿਰਤੀ ਕਿਰਪਾਲ ਨੇ ਜਿਸ ਅਦਾ ਨਾਲ਼ ਪੇਸ਼ ਕੀਤਾ, ਉਹ ਬਾ-ਕਮਾਲ ਸੀ। ਲਗਪਗ 50 ਮਿੰਟ ਚੱਲੇ ਇਸ ਨਾਟਕ ਨੂੰ ਜਿੱਥੇ ਸਾਹਿਤਕ ਦਰਸ਼ਕਾਂ ਨੇ ਗੰਭੀਰਤਾ ਨਾਲ਼ ਦੇਖਿਆ, ਉੱਥੇ ਯੂਨੀਵਰਸਿਟੀ ਦੇ ਨੌਜਵਾਨ ਵਿਦਿਆਰਥੀਆਂ ਨੇ ਤਾੜੀਆਂ ਦੇ ਨਾਲ਼ ਭਰਪੂਰ ਦਾਦ ਦਿੱਤੀ।
ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ‘ਤੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਬੋਲਦਿਆਂ ਸ੍ਰੀ ਸੰਧਵਾਂ ਨੇ ਨਾਟਿਯਮ ਦੇ ਇਸ ਉਪਰਾਲੇ ਦੇ ਨਾਲ਼-ਨਾਲ਼ ਕਿਰਤੀ ਕਿਰਪਾਲ ਦੇ ਨਿਰਦੇਸ਼ਨ ਅਤੇ ਅਦਾਕਾਰੀ ਦੀ ਵੀ ਖ਼ੂਬ ਸ਼ਲਾਘਾ ਕੀਤੀ। ਉਨ੍ਹਾਂ ਨਾਟਿਯਮ ਪੰਜਾਬ ਨੂੰ ਇੱਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਵਿਧਾਇਕ ਜਗਰੂਪ ਗਿੱਲ ਨੇ ਕਿਹਾ ਕਿ ਉਹ ਹਮੇਸ਼ਾਂ ਨਾਟਿਅਮ ਪੰਜਾਬ ਦੇ ਨਾਲ਼ ਖੜ੍ਹੇ ਹਨ ਅਤੇ ਸੰਸਥਾ ਦੀਆਂ ਸਮੱਸਿਆਵਾਂ ਦੇ ਹੱਲ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ।
ਇਸ ਮੌਕੇ ਐੱਸਡੀਐੱਮ ਬਠਿੰਡਾ ਵਰਿੰਦਰ ਸਿੰਘ, ਐੱਸਡੀਐੱਮ ਤਲਵੰਡੀ ਸਾਬੋ ਗਗਨਦੀਪ ਸਿੰਘ, ਰਜਿਸਟਰਾਰ ਮਹਾਰਾਜਾ ਰਣਜੀਤ ਸਿੰਘ ਪੰਜਾਬ ਤਕਨੀਕੀ ‘ਵਰਸਿਟੀ ਪ੍ਰੋ. ਗੁਰਿੰਦਰਪਾਲ ਸਿੰਘ ਬਰਾੜ ਤੇ ਤਹਿਸੀਲਦਾਰ ਬਠਿੰਡਾ ਬੇਅੰਤ ਸਿੰਘ ਸਿੱਧੂ ਹਾਜ਼ਰ ਸਨ।