ਬੇਹੀ ਰੋਟੀ ਦਾ ਟੁੱਕ
ਕਮਲਜੀਤ ਸਿੰਘ ਬਨਵੈਤ
ਇੱਕ ਪ੍ਰਕਾਸ਼ਕ ਦੇ ਯੂਟਿਊਬ ਚੈਨਲ ’ਤੇ ਹਰ ਹਫਤੇ ਨਵੇਂ ਪੁਰਾਣੇ ਦੋ ਚਾਰ ਲੇਖਕਾਂ ਦੀਆਂ ਇੰਟਰਵਿਊ ਸੁਣਨ ਨੂੰ ਮਿਲ ਜਾਂਦੀਆਂ ਹਨ। ਕਦੇ-ਕਦੇ ਕਿਸੇ ਮੁਲਾਕਾਤ ਵਿੱਚ ਇੰਨੀ ਅਪਣੱਤ ਹੁੰਦੀ ਹੈ ਕਿ ਉਹ ਕਈ-ਕਈ ਦਿਨ ਤੁਹਾਨੂੰ ਨਾਲ ਲੈ ਤੁਰਦੀ ਹੈ। ਉਸ ਦਿਨ ਸੇਵਾਮੁਕਤ ਸੈਸ਼ਨ ਜੱਜ ਨਾਲ ਇੰਟਰਵਿਊ ਸੁਣ ਰਿਹਾ ਸੀ। ਮੁਲਾਕਾਤ ਵਿੱਚ ਪੁੱਛੇ ਸਵਾਲਾਂ ਦਾ ਜਿ਼ਆਦਾ ਵਾਹ ਵਾਸਤਾ ਭਾਵੇਂ ਨਿਆਪਾਲਿਕਾ ਨਾਲ ਨਹੀਂ ਸੀ ਪਰ ਕਾਨੂੰਨ ਅਤੇ ਆਮ ਪਰਿਵਾਰਾਂ ਵਿੱਚ ਹੁੰਦੇ ਝਗੜਿਆਂ ਬਾਰੇ ਕਈ ਸਵਾਲ ਸਨ।
ਜੱਜ ਸਾਹਿਬ ਦੱਸ ਰਹੇ ਸਨ ਕਿ ਉਹ ਨੌਕਰੀ ਦੌਰਾਨ ਪੇਂਡੂ ਪਿਛੋਕੜ ਵਾਲੇ ਲੋਕਾਂ ਨਾਲ ਜਿ਼ਆਦਾ ਕਰ ਕੇ ਪੰਜਾਬੀ ਵਿੱਚ ਗੱਲ ਕਰਦੇ ਰਹੇ ਹਨ। ਆਮ ਰਵਾਇਤ ਦੇ ਉਲਟ ਉਹ ਅਦਾਲਤ ਵਿੱਚ ਮੁਲਜ਼ਮਾਂ ਨੂੰ ਕੁਰਸੀ ’ਤੇ ਬੈਠਣ ਲਈ ਵੀ ਕਹਿੰਦੇ ਰਹੇ ਹਨ। ਇੱਕ ਸਵਾਲ ਦੇ ਸਵਾਲ ਦੇ ਜਵਾਬ ਵਿੱਚ ਜੱਜ ਨੇ ਦੱਸਿਆ ਕਿ ਗਬਨ ਦੇ ਕੇਸ ਦੀ ਆਖਿ਼ਰੀ ਸੁਣਵਾਈ ਵੇਲੇ ਫੈਸਲਾ ਸੁਣਾਉਣ ਤੋਂ ਪਹਿਲਾਂ ਮੁਲਜ਼ਮ ਨੰਬਰਦਾਰ ਨੂੰ ਬੈਠਣ ਲਈ ਕੁਰਸੀ ਦੇ ਦਿੱਤੀ। ਉਹ ਕਾਫੀ ਬਜ਼ੁਰਗ ਦਿਸ ਰਿਹਾ ਸੀ। ਨੰਬਰਦਾਰ ਨੇ ਜੱਜ ਮੂਹਰੇ ਖੜ੍ਹੇ ਹੋ ਕੇ ਹੱਥ ਜੋੜ ਦਿੱਤੇ। ਜੱਜ ਨੇ ਜਦੋਂ ਦੋਸ਼ੀ ਨੂੰ ਦੱਸਿਆ ਕਿ ਉਸ ਨੂੰ ਤਾਂ ਉਹਨੇ ਸਜ਼ਾ ਸੁਣਾ ਕੇ ਜੇਲ੍ਹ ਭੇਜਣ ਦਾ ਹੁਕਮ ਕੀਤਾ ਹੈ ਤਾਂ ਉਹ ਦੋਵੇਂ ਹੱਥ ਜੋੜ ਕੇ ਤਰੱਕੀ ਲਈ ਆਸ਼ੀਰਵਾਦ ਦੇਣ ਲੱਗ ਪਿਆ; ਨੰਬਰਦਾਰ ਕਹਿ ਰਿਹਾ ਸੀ: ਜੀ, ਸਜ਼ਾ ਦੀ ਕੋਈ ਗੱਲ ਨਹੀਂ, ਗੱਲ ਤੁਹਾਡੇ ਦਿੱਤੇ ਮਾਣ ਤਾਣ ਦੀ ਹੈ।...
ਜੱਜ ਦੀ ਸੁਣਾਈ ਅਗਲੀ ਕਹਾਣੀ ਨੇ ਹੋਰ ਭਾਵੁਕ ਕਰ ਦਿੱਤਾ। ਉਹ ਕਹਿ ਰਿਹਾ ਸੀ ਕਿ ਬਜ਼ੁਰਗ ਮਾਂ ਬਾਪ ਨੇ ਆਪਣੀ ਸਾਰੀ ਜਾਇਦਾਦ ਜਦੋਂ ਦੋ ਪੁੱਤਰਾਂ ਦੇ ਨਾਂ ਲਾ ਦਿੱਤੀ ਤਾਂ ਉਨ੍ਹਾਂ ਨੂੰ ਮਾਪੇ ਘਰ ਵਿੱਚ ਭਾਰ ਲੱਗਣ ਲੱਗੇ। ਭਾਈਚਾਰਾ ਜੁੜਿਆ। ਪੰਚਾਇਤਾਂ ਹੋਈਆਂ ਪਰ ਪੁੱਤ ਮਾਪਿਆਂ ਨੂੰ ਘਰ ਰੱਖਣ ਨੂੰ ਤਿਆਰ ਨਾ ਹੋਏ। ਆਖਿ਼ਰ ਮਾਮਲਾ ਸੈਸ਼ਨ ਜੱਜ ਦੀ ਅਦਾਲਤ ਵਿੱਚ ਪਹੁੰਚ ਗਿਆ। ਉਹਨੇ ਬੱਚਿਆਂ ਖਿਲਾਫ ਕੋਈ ਫੈਸਲਾ ਸੁਣਾਉਣ ਤੋਂ ਪਹਿਲਾਂ ਮਾਂ ਬਾਪ ਦੀ ਇੱਜ਼ਤ ਕਰਨ ਲਈ ਬੱਚਿਆਂ ਨੂੰ ਸਮਝਾਇਆ। ਉਹ ਦੱਸ ਰਹੇ ਸੀ ਕਿ ਕਈ ਵਾਰੀ ਕਿਸੇ ਫੈਸਲੇ ਨਾਲ ਫਾਸਲਾ ਵਧ ਜਾਂਦਾ ਹੈ; ਇਸ ਲਈ ਉਨ੍ਹਾਂ ਨੇ ਬੇਟਿਆਂ ਨੂੰ ਮਾਪਿਆਂ ਦੀ ਸੇਵਾ ਕਰਨ ਵੱਟੇ ਮਿਲੇ ਮੇਵੇ ਦੀਆਂ ਕਈ ਉਦਾਹਰਨਾਂ ਦੇ ਕੇ ਸਮਝਾਉਣਾ ਚਾਹਿਆ। ਅੰਤ ਵੱਡਾ ਪੁੱਤਰ ਆਪਣੀ ਬੇਬੇ ਅਤੇ ਛੋਟਾ ਬਾਪੂ ਨੂੰ ਰੱਖਣ ਲਈ ਰਾਜ਼ੀ ਹੋ ਗਿਆ। ਜੱਜ ਸਾਹਿਬ ਦੱਸ ਰਹੇ ਸਨ ਕਿ ਦੋਹਾਂ ਬੱਚਿਆਂ ਦਾ ਵਿਹਾਰ ਦੇਖ ਕੇ ਉਨਾਂ ਦੀਆਂ ਆਪਣੀਆਂ ਅੱਖਾਂ ਵਿੱਚ ਹੰਝੂ ਆ ਗਏ ਸਨ। ਉਨ੍ਹਾਂ ਆਪਣੀ ਐਨਕ ਉੱਪਰ ਨੂੰ ਉਠਾ ਕੇ ਜਦੋਂ ਰੁਮਾਲ ਨਾਲ ਅੱਖਾਂ ਪੂੰਝਣ ਤੋਂ ਬਾਅਦ ਕੁਝ ਕਹਿਣਾ ਚਾਹਿਆ ਤਾਂ ਬੇਬੇ ਬਾਪੂ ਆਪਣੇ ਪੁੱਤਰਾਂ ਵੱਲ ਹੱਥ ਜੋੜੀ ਖੜ੍ਹੇ ਸਨ। ਦੋਹਾਂ ਦੇ ਮੂੰਹ ਵਿੱਚੋਂ ਇਕੱਠਿਆਂ ਹੀ ਨਿਕਲਿਆ- ਪੁੱਤਰੋ, ਬੇਹੀ ਰੋਟੀ ਦਾ ਭਾਵੇਂ ਅੱਧਾ ਟੁੱਕ ਦੇ ਦਿਓ ਪਰ ਜਿਊਂਦੇ ਜੀ ਸਾਨੂੰ ਵੰਡਿਓ ਨਾ।
ਇਸ ਤੋਂ ਅੱਗੇ ਮੇਰੇ ਅੰਦਰ ਇੰਟਰਵਿਊ ਦੇਖਣ ਦੀ ਹਿੰਮਤ ਨਾ ਰਹੀ। ਅੱਖਾਂ ਮੂਹਰੇ ਆਪਣੇ ਪਿੰਡ ਦੇ ਚੂੰਧਿਆਂ ਦੀ ਧਾਂਤੀ ਅਤੇ ਉਸ ਦਾ ਪਤੀ ਰੁਲਦਾ ਸਿੰਘ ਆ ਖੜ੍ਹੇ ਜਿਨ੍ਹਾਂ ਦੇ ਦੋਵੇਂ ਪੁੱਤਰਾਂ ਨੇ ਆਪਣੇ ਕੋਲ ਇੱਕ ਮਹੀਨੇ ਵਿੱਚੋਂ 15-15 ਦਿਨ ਰੋਟੀ ਦੇਣੀ ਤਾਂ ਮੰਨ ਲਈ ਪਰ ਇਕੱਤੀਆਂ ਦੇ ਮਹੀਨੇ ਨੂੰ ਲੈ ਕੇ ਰੌਲਾ ਪੈ ਗਿਆ ਸੀ। ਆਖਿ਼ਰਕਾਰ ਮਹੀਨੇ ਦੇ 31ਵੇਂ ਦਿਨ ਮਾਪਿਆਂ ਨੇ ਵਰਤ ਰੱਖਣ ਦੀ ਪੇਸ਼ਕਸ਼ ਕਰ ਕੇ ਰੌਲਾ ਮੁਕਾ ਲਿਆ ਸੀ।... ਇਸ ਤੋਂ ਬਾਅਦ ਧਾਂਤੀ ਅਤੇ ਰੁਲਦਾ ਸਿੰਘ ਨੇ ਮੌਤ ਤੋਂ ਬਾਅਦ ਪਾਏ ਜਾਣ ਵਾਲੇ ਕੱਪੜੇ ਸੁਆ ਕੇ ਟਰੰਕ ਵਿੱਚ ਰੱਖ ਲਏ ਸਨ। ਆਪਣੇ ਜਿਊਂਦਿਆਂ ਅੰਤਿਮ ਅਰਦਾਸ ਵਾਲਾ ਭੋਗ ਵੀ ਪਾ ਲਿਆ। ਉਨ੍ਹਾਂ ਲੰਗਰ ਵਿੱਚ ਜਲੇਬੀਆਂ ਵੀ ਪਾਈਆਂ ਅਤੇ ਘਰਾਂ ਲਈ ਪਰੋਸਾ ਵੀ ਦਿੱਤਾ। ਪਿੰਡ ਵਾਸੀ ਹੈਰਾਨ ਤਾਂ ਉਦੋਂ ਹੋਏ ਜਦੋਂ ਉਨ੍ਹਾਂ ਦੇ ਪੁੱਤਰਾਂ ਦੇ ਪਰਿਵਾਰ ਪ੍ਰਾਹੁਣਿਆਂ ਵਾਂਗ ਲੰਗਰ ਛੱਕ ਕੇ ਤੁਰਦੇ ਬਣੇ।
ਫਿਰ ਮੈਨੂੰ ਉਸਮਾਨਪੁਰ ਵਾਲੀ ਮਾਸੀ ਦੀ ਬਹੂ ਨਿਰਮਲਾ ਭਾਬੀ ਦਾ ਆਖਿ਼ਰੀ ਵੇਲਾ ਯਾਦ ਆ ਗਿਆ। ਨਿਰਮਲਾ ਭਾਬੀ ਜਵਾਨੀ ਵੇਲੇ ਹੀ ਵਿਧਵਾ ਹੋ ਗਈ ਸੀ। ਉਹਨੇ ਬੱਚਿਆਂ ਦੇ ਆਸਰੇ ਰੰਡੇਪਾ ਕੱਟ ਲਿਆ। ਕਰੋਨਾ ਵੇਲੇ ਥੋੜ੍ਹਾ ਚਿਰ ਬਿਮਾਰ ਰਹਿਣ ਪਿੱਛੋਂ ਉਹਦੀ ਮੌਤ ਹੋ ਗਈ ਸੀ। ਉਹਦੇ ਇੰਗਲੈਂਡ ਰਹਿੰਦੇ ਪੁੱਤਰ ਨੇ ਉੱਥੋਂ ਦੀ ਗੋਰੀ ਨਾਲ ਵਿਆਹ ਕਰਾ ਲਿਆ ਸੀ ਜਿਸ ਕਰ ਕੇ ਉਸ ਦਾ ਮਾਂ ਕੋਲ ਗੇੜਾ ਘੱਟ ਵੱਧ ਹੀ ਵੱਜਦਾ। ਇਸ ਵਾਰ ਉਹ ਮਾਂ ਦੇ ਆਖਿ਼ਰੀ ਸਮੇਂ ਤੋਂ ਕੁਝ ਦਿਨ ਪਹਿਲਾਂ ਇੱਧਰ ਆ ਗਿਆ ਸੀ; ਧੀ ਦੁਬਈ ਤੋਂ ਸਸਕਾਰ ਵਾਲੇ ਦਿਨ ਹੀ ਪਹੁੰਚੀ ਸੀ। ਨਿਰਮਲਾ ਭਾਬੀ ਦੇ ਪਤੀ ਦੀ ਮੌਤ ਤੋਂ ਬਾਅਦ ਉਹਦੇ ਸਹੁਰੇ ਨੇ ਰਹਿਣ ਲਈ ਘਰ ਅਤੇ ਰੋਟੀ ਖਾਣ ਲਈ ਚਾਰ ਸਿਆੜ ਤਾਂ ਦੇ ਦਿੱਤੇ ਸਨ ਪਰ ਨਾਲ ਰੱਖਣ ਤੋਂ ਕੋਰੀ ਨਾਂਹ ਕਰ ਦਿੱਤੀ ਸੀ।
ਨਿਰਮਲਾ ਭਾਬੀ ਦੀ ਆਖਿ਼ਰੀ ਯਾਤਰਾ ਲਈ ਅਰਥੀ ਮੋਢਿਆਂ ਉੱਤੇ ਰੱਖਣ ਵੇਲੇ ਕਿਸੇ ਰਿਸ਼ਤੇਦਾਰ ਨੇ ਕੁੜੀ ਦੇ ਕੰਨ ਵਿੱਚ ਫੂਕ ਮਾਰ ਦਿਤੀ ਕਿ ਨਿਰਮਲਾ ਨੇ ਤਾਂ ਜਾਇਦਾਦ ਦੀ ਵਸੀਅਤ ਪੁੱਤਰ ਦੇ ਨਾਂ ਕਰ ਦਿੱਤੀ ਹੈ... ਉਹ ਮਾਂ ਦੀ ਦੇਹ ਛੱਡ ਕੇ ਉੱਥੋਂ ਭੱਜ ਤੁਰੀ।
ਸੰਪਰਕ: 98147-34035