ਲੁਧਿਆਣਾ ਵਿੱਚ ਸ਼ਿਵ ਸੈਨਾ (ਹਿੰਦ) ਦੇ ਆਗੂ ਦੇ ਘਰ ’ਤੇ ਪੈਟਰੋਲ ਬੰਬ ਸੁੱਟਿਆ
ਲੁਧਿਆਣਾ, 2 ਨਵੰਬਰ
Petrol bomb hurled at Shiv Sena (Hind) leader’s house in Punjab's Ludhiana: ਇੱਥੋਂ ਦੇ ਮਾਡਲ ਟਾਊਨ ਵਿੱਚ ਸ਼ਿਵ ਸੈਨਾ (ਹਿੰਦ) ਦੇ ਇੱਕ ਆਗੂ ਦੇ ਘਰ ਅੱਜ ਤੜਕੇ ਤਿੰਨ ਅਣਪਛਾਤੇ ਵਿਅਕਤੀਆਂ ਨੇ ਪੈਟਰੋਲ ਬੰਬ ਸੁੱਟਿਆ। ਪੁਲੀਸ ਮੁਤਾਬਕ ਇਸ ਘਟਨਾ ਵਿਚ ਕੋਈ ਜ਼ਖਮੀ ਨਹੀਂ ਹੋਇਆ। ਸੀਸੀਟੀਵੀ ਫੁਟੇਜ ਵਿੱਚ ਮੋਟਰਸਾਈਕਲ ਸਵਾਰ ਹਮਲਾਵਰਾਂ ਨੂੰ ਸ਼ਿਵ ਸੈਨਾ (ਹਿੰਦ) ਦੇ ਸਿੱਖ ਵਿੰਗ ਦੇ ਆਗੂ ਹਰਜੋਤ ਸਿੰਘ ਖੁਰਾਣਾ ਦੇ ਘਰ ਵੱਲ ਜਲਣਸ਼ੀਲ ਤਰਲ ਵਾਲੀ ਬੋਤਲ ਸੁੱਟਦੇ ਹੋਏ ਦਿਖਾਇਆ ਗਿਆ ਹੈ। ਇਹ ਘਟਨਾ ਮੁੜ ਪੰਦਰਾਂ ਦਿਨ ਬਾਅਦ ਵਾਪਰੀ ਹੈ ਜਦੋਂ ਤਿੰਨ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਇੱਥੋਂ ਦੇ ਚੰਦਰ ਨਗਰ ਇਲਾਕੇ ਵਿੱਚ ਸ਼ਿਵ ਸੈਨਾ (ਭਾਰਤੀ) ਦੇ ਆਗੂ ਯੋਗੇਸ਼ ਬਖਸ਼ੀ ਦੇ ਘਰ ’ਤੇ ਪੈਟਰੋਲ ਬੰਬ ਸੁੱਟਿਆ ਸੀ। ਖੁਰਾਣਾ ਨੇ ਪੁਲੀਸ ਨੂੰ ਦੱਸਿਆ ਕਿ ਪਹਿਲਾਂ ਤਾਂ ਦੀਵਾਲੀ ਦੇ ਪਟਾਕਿਆਂ ਦੀ ਆਵਾਜ਼ ਵਿਚ ਪੈਟਰੋਲ ਬੰਬ ਧਮਾਕੇ ਦਾ ਪਤਾ ਨਾ ਲੱਗਿਆ ਪਰ ਜਦੋਂ ਉਸ ਨੇ ਦੇਖਿਆ ਕਿ ਗੁਆਂਢੀ ਦੀ ਕਾਰ ਵੀ ਨੁਕਸਾਨੀ ਗਈ ਹੈ ਤਾਂ ਉਸ ਨੇ ਪੁਲੀਸ ਨੂੰ ਇਸ ਦੀ ਜਾਣਕਾਰੀ ਦਿੱਤੀ।
ਪੁਲੀਸ ਨੇ ਦੱਸਿਆ ਕਿ ਸ਼ਿਵ ਸੈਨਾ ਆਗੂ ਦੇ ਘਰ ਦੀ ਕੰਧ ਦੇ ਕੋਲ ਸ਼ੀਸ਼ੇ ਦੇ ਟੁੱਟੇ ਹੋਏ ਟੁਕੜੇ ਖਿੱਲਰੇ ਹੋਏ ਮਿਲੇ ਹਨ। ਲੁਧਿਆਣਾ ਦੇ ਵਧੀਕ ਪੁਲੀਸ ਕਮਿਸ਼ਨਰ ਸ਼ੁਭਮ ਅਗਰਵਾਲ ਨੇ ਕਿਹਾ ਕਿ ਜਲਦੀ ਹੀ ਮੁਲਜ਼ਮਾਂ ਦੀ ਪਛਾਣ ਕਰ ਲਈ ਜਾਵੇਗੀ ਪਰ ਪੁਲੀਸ ਨੂੰ ਪੰਦਰਾਂ ਦਿਨ ਪਹਿਲਾਂ ਵਾਪਰੀ ਘਟਨਾ ਸਬੰਧੀ ਵੀ ਹਾਲੇ ਤਕ ਸਫਲਤਾ ਨਹੀਂ ਮਿਲੀ ਹੈ।