For the best experience, open
https://m.punjabitribuneonline.com
on your mobile browser.
Advertisement

ਮੀਟ ਲੈ ਕੇ ਗੁਰਦੁਆਰੇ ਦਾਖ਼ਲ ਹੋਣ ਵਾਲਾ ਵਿਅਕਤੀ ਗ੍ਰਿਫ਼ਤਾਰ

07:03 AM Aug 27, 2024 IST
ਮੀਟ ਲੈ ਕੇ ਗੁਰਦੁਆਰੇ ਦਾਖ਼ਲ ਹੋਣ ਵਾਲਾ ਵਿਅਕਤੀ ਗ੍ਰਿਫ਼ਤਾਰ
ਸੀਸੀਟੀਵੀ ਵਿੱਚ ਕੈਦ ਹੋਈ ਮੁਲਜ਼ਮ ਦੀ ਤਸਵੀਰ।
Advertisement

ਗਗਨਦੀਪ ਅਰੋੜਾ/ਮਹੇਸ਼ ਸ਼ਰਮਾ
ਲੁਧਿਆਣਾ/ਮੰਡੀ ਅਹਿਮਦਗੜ੍ਹ, 26 ਅਗਸਤ
ਇਤਿਹਾਸਕ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੇ ਲੰਗਰ ਹਾਲ ਵਿੱਚ ਇੱਕ ਨੌਜਵਾਨ ਮੀਟ ਨਾਲ ਭਰਿਆ ਡੋਲੂ ਲੈ ਕੇ ਦਾਖ਼ਲ ਹੋਇਆ। ਹੈਰਾਨੀ ਦੀ ਗੱਲ ਇਹ ਹੈ ਕਿ ਨੌਜਵਾਨ ਆਰਾਮ ਨਾਲ ਆਇਆ ਅਤੇ ਸ਼ਰਧਾਲੂਆਂ ਦੀ ਕਤਾਰ ਵਿੱਚ ਬੈਠ ਕੇ ਲੰਗਰ ਛਕਣ ਲੱਗਾ। ਕੁਝ ਦੇਰ ਬਾਅਦ ਉਸ ਨੇ ਡੋਲੂ ਉੱਥੇ ਖੜ੍ਹੇ ਸੇਵਾਦਾਰ ਨੂੰ ਦੇ ਦਿੱਤਾ ਅਤੇ ਫਿਰ ਆਪ ਜਾ ਕੇ ਦਾਲ ਵਾਲੀ ਬਾਲਟੀ ਵਿੱਚ ਮੀਟ ਪਾ ਦਿੱਤਾ ਜਿਸ ਤੋਂ ਬਾਅਦ ਉਸ ਨੇ ਉੱਥੇ ਮੌਜੂਦ ਸੇਵਾਦਾਰਾਂ ਨੂੰ ਵੰਡਣ ਲਈ ਕਿਹਾ। ਜਦੋਂ ਪ੍ਰਸ਼ਾਦ ਵੰਡ ਰਹੇ ਸੇਵਾਦਾਰਾਂ ਨੇ ਸਬਜ਼ੀ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਹ ਦਾਲ ਨਹੀਂ, ਮੀਟ ਹੈ ਜਿਸ ਤੋਂ ਬਾਅਦ ਪ੍ਰਬੰਧਕਾਂ ਨੂੰ ਬੁਲਾ ਕੇ ਇਸ ਦੀ ਜਾਣਕਾਰੀ ਦਿੱਤੀ ਗਈ। ਇਸ ਦੀ ਸੂਚਨਾ ਤੁਰੰਤ ਪੁਲੀਸ ਨੂੰ ਦਿੱਤੀ ਗਈ।
ਕੁਝ ਹੀ ਮਿੰਟਾਂ ਵਿੱਚ ਥਾਣਾ ਡੇਹਲੋਂ ਦੀ ਪੁਲੀਸ ਵੀ ਉੱਥੇ ਪਹੁੰਚ ਗਈ। ਮਾਮਲੇ ਨੂੰ ਸ਼ਾਂਤ ਕਰਨ ਲਈ ਪੁਲੀਸ ਨੇ ਤੁਰੰਤ ਇਸ ਮਾਮਲੇ ਵਿੱਚ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੇ ਐਡੀਸ਼ਨਲ ਮੈਨੇਜਰ ਹਰਦੀਪ ਸਿੰਘ ਦੀ ਸ਼ਿਕਾਇਤ ’ਤੇ ਪਿੰਡ ਲਾਪਰਾਂ ਵਾਸੀ ਬਲਬੀਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਪੁਲੀਸ ਨੇ ਕੁਝ ਹੀ ਮਿੰਟਾਂ ਵਿੱਚ ਕੇਸ ਦਰਜ ਕਰ ਲਿਆ ਅਤੇ ਕੁਝ ਘੰਟਿਆਂ ਬਾਅਦ ਮੁਲਜ਼ਮ ਨੂੰ ਬਿਨਾਂ ਪੁੱਛ-ਪੜਤਾਲ ਕੀਤੇ ਅਦਾਲਤ ’ਚ ਪੇਸ਼ ਕਰ ਕੇ ਜੇਲ੍ਹ ਭੇਜ ਦਿੱਤਾ।
ਐਡੀਸ਼ਨਲ ਮੈਨੇਜਰ ਹਰਦੀਪ ਸਿੰਘ ਵੱਲੋਂ ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਉਹ ਸੇਵਾਦਾਰ ਪਿੰਡ ਸੰਗਤਪੁਰਾ ਵਾਸੀ ਬਲਜੀਤ ਸਿੰਘ ਨਾਲ ਲੰਗਰ ਹਾਲ ਵਿੱਚ ਮੌਜੂਦ ਸੀ ਜਿੱਥੇ ਹੋਰ ਸੇਵਾਦਾਰ ਵੀ ਸੇਵਾ ਕਰ ਰਹੇ ਸਨ। ਮੁਲਜ਼ਮ ਬਲਬੀਰ ਸਿੰਘ ਰਾਤ ਕਰੀਬ 9.30 ਵਜੇ ਆਇਆ ਜਿਸ ਨੇ ਹੱਥ ਵਿੱਚ ਡੋਲੂ ਫੜਿਆ ਹੋਇਆ ਸੀ। ਉਹ ਲੰਗਰ ਛਕਣ ਲਈ ਸਿੱਧਾ ਪੰਗਤ ਵਿੱਚ ਬੈਠ ਗਿਆ। ਕੁਝ ਸਮੇਂ ਬਾਅਦ ਉਸ ਨੇ ਸੇਵਾਦਾਰ ਨੂੰ ਡੋਲੂ ਦਿੱਤਾ ਅਤੇ ਸੰਗਤਾਂ ਨੂੰ ਸਬਜ਼ੀ ਵੰਡਣ ਲਈ ਕਿਹਾ।
ਇਸ ਦੌਰਾਨ ਮੁਲਜ਼ਮ ਨੇ ਖੁਦ ਹੀ ਦਾਲ ਵਾਲੀ ਬਾਲਟੀ ਵਿੱਚ ਸਬਜ਼ੀ ਪਾ ਦਿੱਤੀ। ਜਦੋਂ ਸੇਵਾਦਾਰਾਂ ਨੇ ਦਾਲ ਦੀ ਜਾਂਚ ਕੀਤੀ ਤਾਂ ਦੇਖਿਆ ਕਿ ਉਸ ਵਿੱਚ ਮਾਸ ਦੀ ਬੋਟੀ ਪਈ ਸੀ ਜਿਸ ਤੋਂ ਬਾਅਦ ਇਸ ਦੀ ਜਾਂਚ ਕਰਨ ’ਤੇ ਪਤਾ ਲੱਗਾ ਕਿ ਇਹ ਮੀਟ ਹੀ ਸੀ।
ਇਸ ਮਾਮਲੇ ਸਬੰਧੀ ਗੁਰਦੁਆਰਾ ਸਾਹਿਬ ਦੇ ਮੈਨੇਜਰ ਹਰਜਿੰਦਰ ਸਿੰਘ ਟੌਹੜਾ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਚਰਨ ਸਿੰਘ ਤੇ ਜਗਵੀਰ ਸਿੰਘ ਸੋਖੀ ਨੇ ਦੋਸ਼ ਲਾਇਆ ਕਿ ਪੰਜਾਬ ਦੀ ਭਾਈਚਾਰਕ ਸਾਂਝ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਸਾਜ਼ਿਸ਼ ਰਚੀ ਜਾ ਰਹੀ ਹੈ। ਪੁਲੀਸ ਨੂੰ ਜਾਂਚ ਕਰਨੀ ਚਾਹੀਦੀ ਹੈ ਤਾਂ ਜੋ ਇਹ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਸਕੇ ਕਿ ਇਸ ਸਭ ਦੇ ਪਿੱਛੇ ਕਿਸ ਦਾ ਹੱਥ ਹੈ?

Advertisement

Advertisement
Advertisement
Author Image

Advertisement