ਜਰਮਨੀ ਜਾ ਰਹੇ ਵਿਅਕਤੀ ਦੀ ਰਸਤੇ ’ਚ ਮੌਤ
ਸਰਬਜੀਤ ਗਿੱਲ
ਫਿਲੌਰ, 9 ਮਈ
ਟਰੈਵਲ ਏਜੰਟ ਨੇ ਗੰਨਾ ਪਿੰਡ ਦੇ ਇੱਕ ਵਿਅਕਤੀ ਨੂੰ ਪੈਸੇ ਲੈ ਕੇ ਵਿਦੇਸ਼ ਭੇਜਣ ਦਾ ਵਾਅਦਾ ਕੀਤਾ ਪਰ ਉਸ ਦੀ ਰਸਤੇ ’ਚ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮਹਿੰਦਰ ਪਾਲ ਵਜੋਂ ਹੋਈ ਹੈ। ਏਜੰਟਾਂ ਨੇ ਮਹਿੰਦਰ ਪਾਲ ਨੂੰ ਕਈ ਦੇਸ਼ਾਂ ਰਾਹੀਂ ਜਰਮਨੀ ਭੇਜਣਾ ਸੀ ਪਰ ਰਸਤੇ ’ਚ ਹੀ ਉਸ ਦੀ ਮੌਤ ਦੀ ਖ਼ਬਰ ਆ ਗਈ। ਮ੍ਰਿਤਕ ਦੇ ਭਰਾ ਧਰਮਿੰਦਰ ਨੇ ਦੱਸਿਆ ਕਿ ਮਹਿੰਦਰ ਪਾਲ ਨੂੰ ਵਿਦੇਸ਼ ਭੇਜਣ ਲਈ ਏਜੰਟ ਨੂੰ 12.32 ਲੱਖ ਰੁਪਏ ਦਿੱਤੇ। ਇਸ ’ਚੋਂ ਪੰਜ ਲੱਖ ਰੁਪਏ ਬੈਂਕ ਖਾਤੇ ’ਚ ਪਾਏ ਗਏ ਅਤੇ ਸੱਤ ਲੱਖ ਰੁਪਏ ਦੀ ਰਕਮ ਫਗਵਾੜਾ ਦੇ ਅਰਬਨ ਅਸਟੇਟ ’ਚ ਪੁੱਜਦੀ ਕੀਤੀ ਗਈ। ਏਜੰਟ ਨੇ ਮਹਿੰਦਰ ਨੂੰ ਅਰਮੀਨੀਆ ਤੋਂ ਰੂਸ ਅਤੇ ਅੱਗੋਂ ਬੇਲਾਰੂਸ ਤੋਂ ਜਰਮਨੀ ਭੇਜਣਾ ਸੀ। ਮੌਤ ਤੋਂ ਬਾਅਦ ਏਜੰਟ ਨੇ ਪਰਿਵਾਰ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ। ਕੁਝ ਦਿਨਾਂ ਬਾਅਦ ਪਰਿਵਾਰ ਨੂੰ ਪਤਾ ਲੱਗਿਆ ਕਿ ਮਹਿੰਦਰ ਦੀ ਮੌਤ ਹੋ ਗਈ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਟਰੈਵਲ ਏਜੰਟ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪਰਿਵਾਰਕ ਮੈਂਬਰਾਂ ਮੁਤਾਬਿਕ ਮਹਿੰਦਰ ਪਾਲ ਦੀ ਮੌਤ ਦਾ ਕਾਰਨ ਪਤਾ ਨਹੀਂ ਲੱਗ ਸਕਿਆ।
ਥਾਣਾ ਫਿਲੌਰ ਦੀ ਪੁਲੀਸ ਨੇ ਗੰਨਾ ਪਿੰਡ ਵਾਸੀ ਧਰਮਿੰਦਰ ਕੁਮਾਰ ਦੇ ਬਿਆਨਾਂ ’ਤੇ ਜੰਮੂ ਦੇ ਟਰੈਵਲ ਏਜੰਟ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪਰਿਵਾਰ ਨੇ ਇਹ ਵੀ ਦੋਸ਼ ਲਗਾਇਆ ਕਿ ਟਰੈਵਲ ਏਜੰਟ ਨੇ ਮਹਿੰਦਰ ਪਾਲ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ 4 ਲੱਖ ਰੁਪਏ ਦੀ ਮੰਗ ਕੀਤੀ ਸੀ। ਪੀੜਤ ਪਰਿਵਾਰ ਨੇ ਸਰਕਾਰ ਨੂੰ ਮਹਿੰਦਰ ਪਾਲ ਦੀ ਦੇਹ ਭਾਰਤ ਲਿਆਉਣ ਦੀ ਅਪੀਲ ਕੀਤੀ ਹੈ ਕਿਉਂਕਿ ਪਰਿਵਾਰ ਵੱਡੀ ਰਕਮ ਖਰਚਣ ਤੋਂ ਅਸਮਰੱਥ ਹੈ।