ਕੋਟਭਾਰਾ ਵਿੱਚ ਜ਼ਮੀਨੀ ਵਿਵਾਦ ਕਾਰਨ ਵਿਅਕਤੀ ਵੱਲੋਂ ਖੁਦਕੁਸ਼ੀ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 26 ਸਤੰਬਰ
ਪਿੰਡ ਕੋਟਭਾਰਾ ਦੇ 58 ਸਾਲਾ ਬਲਵੰਤ ਸਿੰਘ ਵੱਲੋਂ ਕਥਿਤ ਜ਼ਮੀਨੀ ਝਗੜੇ ਕਾਰਨ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਕੋਟਫੱਤਾ ਦੀ ਪੁਲੀਸ ਨੇ ਪਿੰਡ ਕੋਟਭਾਰਾ ਦੇ ਰਹਿਣ ਵਾਲੇ ਅਤੇ ਮ੍ਰਿਤਕ ਦੇ ਪੁੱਤਰ ਸਤਵੀਰ ਸਿੰਘ ਦੀ ਸ਼ਿਕਾਇਤ ’ਤੇ ਇਸੇ ਪਿੰਡ ਦੇ ਜਗਪਾਲ ਸਿੰਘ, ਉਸ ਦੀ ਪਤਨੀ ਗੁਰਦੀਪ ਕੌਰ, ਬੇਟੀ ਕਿਰਨਜੀਤ ਕੌਰ ਅਤੇ ਜੰਗੀਰ ਕੌਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਸਤਵੀਰ ਸਿੰਘ ਵੱਲੋਂ ਐਫਆਈਆਰ ’ਚ ਲਿਖਵਾਏ ਬਿਆਨ ਮੁਤਾਬਕ ਉਸ ਦੇ ਪਿਤਾ ਹੁਰੀਂ ਤਿੰਨ ਭਰਾ ਸਨ, ਜਿਨ੍ਹਾਂ ’ਚੋਂ ਉਸ ਦੇ ਚਾਚੇ ਜਗਰੂਪ ਸਿੰਘ ਦੀ ਛੋਟੇ ਹੁੰਦਿਆਂ ਹੀ ਮੌਤ ਹੋ ਗਈ ਸੀ ਅਤੇ ਤਾਇਆ ਜਗਪਾਲ ਸਿੰਘ ਉਰਫ ਭੋਲਾ ਸਿੰਘ ਉਨ੍ਹਾਂ ਦੇ ਪਰਿਵਾਰ ਨਾਲੋਂ ਵੱਖ ਰਹਿੰਦਾ ਹੈ। ਉਸ ਨੇ ਕਿਹਾ ਕਿ ਉਨ੍ਹਾਂ ਕੋਲ ਪਿੰਡ ਕੋਟਭਾਰਾ ਵਿਖੇ ਜੱਦੀ ਜਾਇਦਾਦ ਕਰੀਬ ਸਾਢੇ ਸੱਤ ਕਿੱਲੇ ਹੈ ਅਤੇ ਉਸ ਦੇ ਦਾਦੇ ਗੁਰਦਿਆਲ ਸਿੰਘ ਦੀ ਮੌਤ ਤੋਂ ਬਾਅਦ ਜ਼ਮੀਨ ਦਾ ਕੁਝ ਹਿੱਸਾ ਉਸ ਦੀ ਦਾਦੀ ਜੰਗੀਰ ਕੌਰ ਦੇ ਨਾਮ ਚੜ੍ਹ ਗਿਆ ਸੀ। ਸਤਵੀਰ ਮੁਤਾਬਿਕ ਉਸ ਦਾ ਪਿਤਾ ਬਲਵੰਤ ਸਿੰਘ ਆਪਣੀ ਮਾਂ ਜੰਗੀਰ ਕੌਰ ਨੂੰ ਜ਼ਮੀਨ ਦੋਵੇਂ ਭਰਾਵਾਂ ਦੇ ਨਾਮ ਅੱਧੀ-ਅੱਧੀ ਕਰਵਾਉਣ ਲਈ ਅਕਸਰ ਕਹਿੰਦਾ ਰਹਿੰਦਾ ਸੀ ਪਰ ਦਾਦੀ ਜੰਗੀਰ ਕੌਰ ਗੱਲ ਨਹੀਂ ਸੀ ਮੰਨਦੀ, ਜਿਸ ਕਾਰਨ ਉਸ ਦਾ ਪਿਤਾ ਟੈਨਸ਼ਨ ਵਿੱਚ ਰਹਿੰਦਾ ਸੀ। ਸਤਵੀਰ ਮੁਤਾਬਕ ਉਸ ਦਾ ਪਿਤਾ ਬਲਵੰਤ ਸਿੰਘ ਆਪਣੀ ਮਾਤਾ ਜੰਗੀਰ ਕੌਰ ਨੂੰ ਤਾਏ ਜਗਪਾਲ ਸਿੰਘ ਦੇ ਘਰ ਮਿਲਣ ਲਈ ਗਿਆ ਸੀ, ਜਿੱਥੇ ਮੁਲਜ਼ਮ ਉਸ ਦੇ ਗਲ ਪੈ ਗਏ ਜਿਨ੍ਹਾਂ ਤੋਂ ਤੰਗ ਆ ਕੇ ਉਸ ਦੇ ਪਿਤਾ ਨੇ ਜ਼ਹਿਰੀਲੀ ਚੀਜ਼ ਨਿਗਲ ਲਈ ਜਿੱਥੇ ਇਲਾਜ ਦੌਰਾਨ ਉਸ ਦੇ ਪਿਤਾ ਦੀ ਮੌਤ ਹੋ ਗਈ ਹੈ।