ਬੁਰਜ ਭਲਾਈਕੇ ਵਿੱਚ ਜ਼ਮੀਨੀ ਵਿਵਾਦ ਕਾਰਨ ਵਿਅਕਤੀ ਵੱਲੋਂ ਖੁਦਕੁਸ਼ੀ
ਪੱਤਰ ਪ੍ਰੇਰਕ
ਮਾਨਸਾ, 28 ਅਗਸਤ
ਪਿੰਡ ਬੁਰਜ ਭਲਾਈਕੇ ਵਾਸੀ ਸੁਖਦੇਵ ਸਿੰਘ ਉਰਫ਼ ਬਿੱਲੂ (70) ਵੱਲੋਂ ਜ਼ਮੀਨੀ ਵਿਵਾਦ ਕਾਰਨ ਸਲਫਾਸ ਨਿਗਲ ਕੇ ਖੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਥਾਣਾ ਝੁਨੀਰ ਪੁਲੀਸ ਨੇ ਪੰਜ ਜਣਿਆਂ ਖਿਲਾਫ਼ ਕੇਸ ਦਰਜ ਕਰ ਲਿਆ ਹੈ।
ਜਾਂਚ ਅਧਿਕਾਰੀ ਏਐੱਸਆਈ ਕੁਲਵੰਤ ਸਿੰਘ ਨੇ ਦੱਸਿਆ ਕਿ ਮੁਦੱਈ ਅਮਨਦੀਪ ਸਿੰਘ ਵਾਸੀ ਬੁਰਜ ਭਲਾਈਕੇ ਨੇ ਪੁਲੀਸ ਨੂੰ ਦੱਸਿਆ ਕਿ ਉਨ੍ਹਾਂ ਦਾ ਕਥਿਤ ਕਸੂਰਵਾਰ ਹਰਬੰਸ ਸਿੰਘ, ਮਹਿਕਦੀਪ ਸਿੰਘ, ਹਰਗੋਪਾਲ ਸਿੰਘ, ਅੰਤਰਜਾਮੀ ਸਿੰਘ ਅਤੇ ਕਰਨਾ ਉਰਫ਼ ਜਸਕਰਨ ਮਾਸਟਰ ਵਾਸੀ ਬੁਰਜ ਭਲਾਈਕੇ ਨਾਲ ਜ਼ਮੀਨ ਸਬੰਧੀ ਲੜਾਈ ਝਗੜਾ ਚੱਲ ਰਿਹਾ ਸੀ। ਉਨ੍ਹਾਂ ਦੱਸਿਆ ਕਿ ਉਸ ਦੇ ਪਿਤਾ ਸੁਖਦੇਵ ਸਿੰਘ ਕੋਲੋਂ ਉਨ੍ਹਾਂ ਦੇ ਸਕਿਆਂ ਵੱਲੋਂ ਧੋਖੇ ਨਾਲ ਜ਼ਮੀਨ ਆਪਣੇ ਨਾਮ ਲਗਵਾ ਲਈ ਸੀ, ਜਿਸ ਕਾਰਨ ਉਹ ਪ੍ਰੇਸ਼ਾਨ ਰਹਿੰਦਾ ਸੀ ਅਤੇ ਦੂਜੀ ਧਿਰ ਵੱਲੋਂ ਜ਼ਮੀਨ ’ਤੇ ਕਬਜ਼ਾ ਕਰਨ ਦੀਆਂ ਚਿਤਾਵਨੀਆਂ ਤੋਂ ਪ੍ਰੇਸ਼ਾਨ ਹੋ ਕੇ ਉਸ ਦੇ ਪਿਤਾ ਨੇ 20 ਅਗਸਤ ਨੂੰ ਸਲਫਾਸ ਖਾ ਲਈ। ਬੀਤੀ ਰਾਤ ਡੀਐੱਮਸੀ ਹਸਪਤਾਲ ਲੁਧਿਆਣਾ ਵਿੱਚ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਸੁਖਦੇਵ ਸਿੰਘ ਨੇ ਮਰਨ ਤੋਂ ਪਹਿਲਾਂ ਪੁਲੀਸ ਨੂੰ ਬਿਆਨ ਦਰਜ ਕਰਵਾ ਦਿੱਤੇ ਸਨ। ਜਾਂਚ ਅਧਿਕਾਰੀ ਨੇੇ ਦੱਸਿਆ ਕਿ ਉਨ੍ਹਾਂ ਨੇ ਮੁਦੱਈ ਅਮਨਦੀਪ ਸਿੰਘ ਦੇ ਬਿਆਨਾਂ ’ਤੇ ਕੇਸ ਦਰਜ ਕਰ ਲਿਆ ਹੈ।