ਸੁਨਾਮ ਮੰਡੀ ਵਿੱਚ 35 ਸਾਲ ਬਾਅਦ ਬਣੇਗਾ ਪੱਕਾ ਫੜ੍ਹ: ਅਮਨ ਅਰੋੜਾ
ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 5 ਜੂਨ
ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੁਨਾਮ ਵਾਸੀਆਂ ਨੂੰ 2.82 ਕਰੋੜ ਰੁਪਏ ਦਾ ਤੋਹਫ਼ਾ ਦਿੰਦਿਆਂ ਸੂਬੇ ਦੀ ਪਹਿਲੀ ਰੇਹੜੀ ਫੜ੍ਹੀ ਮੰਡੀ ਵਿੱਚ ਸ਼ੈੱਡ ਬਣਾਉਣ ਅਤੇ ਨਵੀਂ ਦਾਣਾ ਮੰਡੀ ਵਿੱਚ ਪੱਕਾ ਫੜ੍ਹ ਬਣਾਉਣ ਦੇ ਕੰਮ ਦਾ ਨੀਂਹ ਪੱਥਰ ਰੱਖਿਆ। ਇਹ ਦੋਵੇਂ ਪ੍ਰਾਜੈਕਟ ਸ਼ਹਿਰ ਅਤੇ ਇਲਾਕਾ ਵਾਸੀਆਂ ਦੀ ਬਹੁਤ ਵੱਡੀਆਂ ਮੰਗਾਂ ਸਨ, ਜੋ ਕਿ ਜਲਦ ਪੂਰੀਆਂ ਹੋਣ ਜਾ ਰਹੀਆਂ ਹਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਮਨ ਅਰੋੜਾ ਨੇ ਦੱਸਿਆ ਕਿ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦਿਆਂ ਹੀ ਸ਼ਹਿਰ ਦੇ ਵਿਚਕਾਰ ਸਬਜ਼ੀ ਮੰਡੀ ਬਣਾਈ ਗਈ ਸੀ। ਜਿੱਥੇ ਕਿ ਸਬਜ਼ੀ ਅਤੇ ਫਰੂਟ ਵਿਕ੍ਰੇਤਾਵਾਂ ਦੀਆਂ ਕਰੀਬ 160 ਰੇਹੜੀਆਂ ਲੱਗਦੀਆਂ ਹਨ ਅਤੇ ਤਕਰੀਬਨ ਸਾਰਾ ਸ਼ਹਿਰ ਇਥੋਂ ਸਬਜ਼ੀ ਅਤੇ ਫਰੂਟ ਖਰੀਦਦਾ ਹੈ। ਇਸ ਮੰਡੀ ਵਿੱਚ ਸ਼ੈੱਡ ਨਾ ਹੋਣ ਕਾਰਨ ਸਬਜ਼ੀ ਅਤੇ ਫਰੂਟ ਖਰਾਬ ਹੋ ਜਾਂਦੇ ਸਨ। ਮੀਂਹ ਅਤੇ ਧੁੱਪ ਕਾਰਨ ਕਈ ਵਾਰ ਵਿਕ੍ਰੇਤਾਵਾਂ ਨੂੰ ਆਪਣਾ ਕਾਰੋਬਾਰ ਕਰਨ ਵਿੱਚ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਸੀ। ਲੋਕਾਂ ਦੀ ਇਸ ਮੁਸ਼ਕਿਲ ਨੂੰ ਹੱਲ ਕਰਨ ਲਈ ਹੁਣ 1 ਕਰੋੜ ਰੁਪਏ ਦੀ ਲਾਗਤ ਨਾਲ ਸ਼ੈੱਡ ਬਣਾਇਆ ਜਾਵੇਗਾ। ਇਸ ਕੰਮ ਦਾ ਟੈਂਡਰ ਹੀ ਚੁੱਕਾ ਹੈ ਅਤੇ ਕੰਮ ਜਲਦ ਹੀ ਸ਼ੁਰੂ ਹੋਣ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਥਾਨਕ ਨਵੀਂ ਅਨਾਜ ਮੰਡੀ ਵਿੱਚ ਨਵੇਂ ਫੜ੍ਹ ਦੇ ਕੰਮ ਦਾ ਵੀ ਨੀਂਹ ਪੱਥਰ ਰੱਖਿਆ ਗਿਆ ਹੈ। ਇਹ ਫੜ੍ਹ 35 ਸਾਲ ਪਹਿਲਾਂ ਬਣਿਆ ਸੀ। ਉਸ ਤੋਂ ਬਾਅਦ ਕਿਸੇ ਵੀ ਸਰਕਾਰ ਨੇ ਇਸ ਦੀ ਸਾਰ ਨਹੀਂ ਲਈ। ਹੁਣ ਇਸ ਦੀ ਹਾਲਤ ਬਹੁਤ ਹੀ ਤਰਸਯੋਗ ਬਣੀ ਹੋਈ ਸੀ। ਉਨ੍ਹਾਂ ਦੱਸਿਆ ਕਿ 10 ਏਕੜ ਵਿੱਚ ਬਣਨ ਵਾਲੇ ਇਸ ਪ੍ਰਾਜੈਕਟ ਤਹਿਤ ਜਿੱਥੇ ਨਵੇਂ ਬਲਾਕ ਬਣਾਏ ਜਾਣਗੇ ਉਥੇ ਹੀ ਬਣਦੀ ਮੁਰੰਮਤ ਵੀ ਕਾਰਵਾਈ ਜਾਵੇਗੀ। ਇਸ ਕੰਮ ਨੂੰ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਮੁਕੰਮਲ ਕਰਨ ਦਾ ਟੀਚਾ ਹੈ।
ਅਮਨ ਅਰੋੜਾ ਵੱਲੋਂ ਖੇਡ ਮੈਦਾਨ ਦਾ ਉਦਘਾਟਨ
ਸੰਗਰੂਰ (ਗੁਰਦੀਪ ਸਿੰਘ ਲਾਲੀ): ਕੈਬਨਿਟ ਮੰਤਰੀ ਅਮਨ ਅਰੋੜ ਵਲੋਂ ਲਾਗਲੇ ਪਿੰਡ ਉੱਪਲੀ ਵਿੱਚ ਮਗਨਰੇਗਾ ਯੋਜਨਾ ਤਹਿਤ ਤਿਆਰ ਕੀਤੇ ਵਾਲੀਵਾਲ ਦੇ ਖੇਡ ਮੈਦਾਨ ਦਾ ਉਦਾਘਟਨ ਕੀਤਾ ਗਿਆ। ਅਮਨ ਅਰੋੜਾ ਨੇ ਦੱਸਿਆ ਕਿ ਖੇਡ ਮੈਦਾਨ ਉਪਰ ਕਰੀਬ 5 ਲੱਖ ਰੁਪਏ ਦੀ ਲਾਗਤ ਆਈ ਹੈ। ਉਨ੍ਹਾਂ ਨੇ ਵਿਸ਼ਵ ਵਾਤਾਵਰਣ ਦਿਵਸ ਮੌਕੇ ਪਿੰਡ ਉੱਪਲੀ ਵਿੱਚ ਪੌਦੇ ਵੀ ਲਗਾਏ ਅਤੇ ਲੋਕਾਂ ਨੂੰ ਵਾਤਾਵਰਣ ਬਚਾਉਣ ਦਾ ਸੁਨੇਹਾ ਦਿੱਤਾ। ਇਸ ਮੌਕੇ ਪਾਰਟੀ ਆਗੂ ਮਨਿੰਦਰ ਸਿੰਘ ਲਖਮੀਰਵਾਲਾ, ਪਿੰਡ ਦੇ ਸਰਪੰਚ ਜੰਗੀਰ ਸਿੰਘ ਤੇ ਸਰਪੰਚ ਨਾਗਰਾ ਕੁਲਵਿੰਦਰ ਸਿੰਘ ਆਦਿ ਹਾਜ਼ਰ ਸਨ।