ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜੋਸ਼ ਨਾਲ ਭਰੀ ਵਿਰੋਧੀ ਧਿਰ

06:10 AM Jul 03, 2024 IST

ਕਾਂਗਰਸ ਆਗੂ ਰਾਹੁਲ ਗਾਂਧੀ ਦੀਆਂ ਕੁਝ ਤਿੱਖੀਆਂ ਟਿੱਪਣੀਆਂ ਜੋ ਉਨ੍ਹਾਂ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ (ਐੱਲਓਪੀ) ਵਜੋਂ ਆਪਣੇ ਪਹਿਲੇ ਭਾਸ਼ਣ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਨਿਸ਼ਾਨਾ ਬਣਾ ਕੇ ਕੀਤੀਆਂ, ਰਿਕਾਰਡ ਵਿੱਚੋਂ ਹਟਾ ਦਿੱਤੀਆਂ ਗਈਆਂ ਹਨ। ਕਰਾਰਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ, “ਮੈਂ ਜੋ ਕਹਿਣਾ ਸੀ, ਕਹਿ ਦਿੱਤਾ, ਤੇ ਸੱਚ ਵੀ ਇਹੀ ਹੈ।” ਜੋਸ਼ ਭਰਪੂਰ ਭਾਸ਼ਣ ਅਤੇ ਤਿੱਖੀਆਂ ਟਿੱਪਣੀਆਂ ਸੰਸਦੀ ਪ੍ਰਕਿਰਿਆਵਾਂ ਦਾ ਹਿੱਸਾ ਹਨ। ਅਠਾਰਵੀਂ ਲੋਕ ਸਭਾ ਵਿੱਚ ਜਿਹੜਾ ਪ੍ਰਤੱਖ ਬਦਲਾਓ ਆਇਆ ਹੈ, ਉਹ ਹੈ ਵਿਰੋਧੀ ਧਿਰ ਵਿੱਚ ਨਵੇਂ ਸਿਰਿਓਂ ਜੋਸ਼ ਭਰਨਾ। ਦਸ ਸਾਲਾਂ ਬਾਅਦ ਆਖਿ਼ਰਕਾਰ ਵਿਰੋਧੀ ਧਿਰ ਦੇ ਨੇਤਾ ਨਾਲ ਤਕੜੀ ਹੋ ਕੇ ਆਈ ਵਿਰੋਧੀ ਧਿਰ ਦੇ ਆਗੂ ਮਕਸਦ ਨਾਲ ਭਰੇ ਹੋਏ ਜਾਪਦੇ ਹਨ ਅਤੇ ਬਰਾਬਰ ਦਾ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਅਜੇ ਭਾਵੇਂ ਕੋਈ ਰਾਇ ਕਾਇਮ ਕਰਨਾ ਜਲਦਬਾਜ਼ੀ ਹੋਵੇਗੀ ਪਰ ਸੰਸਦ ਦੀਆਂ ਪਹਿਲੀਆਂ ਕੁਝ ਬੈਠਕਾਂ ਨੇ ਸਾਫ਼ ਕੀਤਾ ਹੈ ਕਿ ਉਹ ਦਿਨ ਹੁਣ ਲੱਦ ਗਏ ਹਨ ਜਦੋਂ ਵਿਰੋਧੀ ਧਿਰ ਦੀ ਆਵਾਜ਼ ਸੱਤਾਧਾਰੀ ਬੈਂਚਾਂ ਦੇ ਉੱਚੇ ਸੁਰਾਂ ਅੱਗੇ ਦਬ ਜਾਂਦੀ ਸੀ। ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਦਸਾਂ ਸਾਲਾਂ ਤੋਂ ਬਾਅਦ ਵਿਰੋਧੀ ਧਿਰ ਦਾ ਇਹ ਨਵਾਂ ਰੂਪ ਦੇਖਣ ਨੂੰ ਮਿਲ ਰਿਹਾ ਹੈ।
ਜਵਾਬੀ ਹਮਲਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਾਂਗਰਸ ਦੀਆਂ 99 ਸੀਟਾਂ 543 ਵਿੱਚੋਂ ਆਈਆਂ ਹਨ ਨਾ ਕਿ 100 ਸੀਟਾਂ ਵਿਚੋਂ। ਉਨ੍ਹਾਂ ਕਾਂਗਰਸ ਦੇ ਹਮਲਾਵਰ ਰੌਂਅ ’ਤੇ ਵੀ ਸਵਾਲ ਚੁੱਕੇ ਹਾਲਾਂਕਿ ਰਾਹੁਲ ਗਾਂਧੀ ਨੇ ਵਿਰੋਧੀ ਧਿਰ ਲਈ ਮੰਚ ਐਨ ਵਧੀਆ ਢੰਗ ਨਾਲ ਸਜਾ ਦਿੱਤਾ ਹੈ। ਉਹ ਅਤੇ ‘ਇੰਡੀਆ’ ਗੱਠਜੋੜ ਦੇ ਹੋਰ ਮੈਂਬਰ ਛਾਪ ਛੱਡਣ ਲਈ ਆਪਣੇ ਆਪ ਨੂੰ ਸ਼ਾਬਾਸ਼ੀ ਦੇ ਸਕਦੇ ਹਨ। ਸੱਤਾ ਅੱਗੇ ਸੱਚ ਪ੍ਰਗਟ ਕਰ ਰਹੀ ਅਤੇ ਨੀਤੀਆਂ ਵਿੱਚ ਖ਼ਾਮੀਆਂ ਲੱਭ ਰਹੀ ਵਿਰੋਧੀ ਧਿਰ ਸ਼ਾਸਨ ਦੀ ਜਵਾਬਦੇਹੀ ਤੈਅ ਕਰਨ ਲਈ ਲੋੜੀਂਦਾ ਜੋਸ਼ ਪੈਦਾ ਕਰ ਰਹੀ ਹੈ। ਸਿਆਸਤ ਵਿਚ ਸਾਰੀ ਗੱਲ ਤੱਥਾਂ ’ਤੇ ਟੁੱਟਦੀ ਹੈ। ਵਿਰੋਧ ਕਰਨਾ ਬੇਹੱਦ ਜ਼ਰੂਰੀ ਹੁੰਦਾ ਹੈ ਪਰ ਇਹ ਸੁਣੀਆਂ-ਸੁਣਾਈਆਂ ਗੱਲਾਂ ਦੀ ਥਾਂ ਸਬੂਤ ਅਤੇ ਪੜਤਾਲ ਵਿੱਚੋਂ ਨਿਕਲਣਾ ਚਾਹੀਦਾ ਹੈ। ਅਜਿਹਾ ਨਾ ਹੋਣ ’ਤੇ ਚੰਗੀ ਤੋਂ ਚੰਗੀ ਗੱਲ ਵੀ ਬੇਮਤਲਬ ਹੋ ਜਾਵੇਗੀ।
ਊਰਜਾ ਭਰਪੂਰ ਚੋਣ ਨਤੀਜਿਆਂ ਮਗਰੋਂ ਵਿਰੋਧੀ ਧਿਰ ਦਾ ਨਾਅਰਾ ਵਾਰ-ਵਾਰ ਇਹੀ ਰਿਹਾ ਹੈ- ਮਜ਼ਬੂਤ ਬਣੋ ਤੇ ਡਰੋ ਨਾ। ਇਨ੍ਹਾਂ ਵਿੱਚੋਂ ਜਦ ਵੀ ਕਿਸੇ ਨੂੰ ਖ਼ੁਦ ’ਤੇ ਸ਼ੱਕ ਹੋਵੇ ਤਾਂ ਉਹ ਆਪਣੇ ਆਲੇ-ਦੁਆਲੇ ਝਾਤ ਮਾਰੇ। ਤ੍ਰਿਣਮੂਲ ਕਾਂਗਰਸ ਦੀ ਰੋਹਬਦਾਰ ਅਤੇ ਸੱਤਾ ਧਿਰ ਦੇ ਆਹੂ ਲਾਹੁਣ ਵਾਲੀ ਆਗੂ ਮਹੂਆ ਮੋਇਤਰਾ ਵਾਕਈ ਸੱਤਾਧਾਰੀਆਂ ’ਤੇ ਭਾਰੂ ਪੈਂਦੀ ਨਜ਼ਰ ਆਈ ਹੈ। ਸੰਸਦ ਦੀਆਂ ਇਨ੍ਹਾਂ ਝਲਕੀਆਂ ਤੋਂ ਲੱਗਦਾ ਹੈ ਕਿ ਇਸ ਵਾਰ ਸੱਤਾ ਧਿਰ ਉਸ ਤਰ੍ਹਾਂ ਦੀਆਂ ਮਨਮਾਨੀਆਂ ਸ਼ਾਇਦ ਨਾ ਕਰ ਸਕੇ ਜੋ ਇਹ ਵਿਰੋਧੀ ਧਿਰ ਦਾ ਆਗੂ ਨਾ ਹੋਣ ਕਾਰਨ ਪੂਰੇ ਦਸ ਸਾਲ ਕਰਦੀ ਆਈ ਹੈ। ਇਹ ਭਾਰਤੀ ਜਮਹੂਰੀਅਤ ਦਾ ਨਵਾਂ ਅਧਿਆਇ ਹੈ। ਆਸ ਕਰਨੀ ਚਾਹੀਦੀ ਹੈ ਕਿ ਇਸ ਵਾਰ ਵਿਰੋਧੀ ਧਿਰ ਸੰਸਦ ਵਿਚ ਵੱਖ-ਵੱਖ ਮੁੱਦਿਆਂ ’ਤੇ ਐਨ ਨਿੱਠ ਕੇ ਪਿੜ ਬੰਨ੍ਹੇਗੀ ਅਤੇ ਸੱਤਾ ਧਿਰ ਨੂੰ ਹੁਣ ਸੰਸਦ ਵਿਚ ਪੂਰੀ ਤਿਆਰੀ ਨਾਲ ਆਉਣਾ ਪਵੇਗਾ।

Advertisement

Advertisement