For the best experience, open
https://m.punjabitribuneonline.com
on your mobile browser.
Advertisement

ਚੰਡੀਗੜ੍ਹ-ਮਨਾਲੀ ਮਾਰਗ ਦਾ ਇੱਕ ਹਿੱਸਾ ਧਸਿਆ

06:52 AM Jul 05, 2024 IST
ਚੰਡੀਗੜ੍ਹ ਮਨਾਲੀ ਮਾਰਗ ਦਾ ਇੱਕ ਹਿੱਸਾ ਧਸਿਆ
ਸ਼ਿਮਲਾ ਵਿੱਚ ਭਾਰੀ ਮੀਂਹ ਪੈਣ ਮਗਰੋਂ ਡਿੱਗੇ ਦਰੱਖ਼ਤ ਕੋਲੋਂ ਲੰਘਦੇ ਹੋਏ ਲੋਕ। -ਫੋਟੋ: ਪੀਟੀਆਈ
Advertisement

ਸ਼ਿਮਲਾ/ਮੰਡੀ, 4 ਜੁਲਾਈ
ਹਿਮਾਚਲ ਪ੍ਰਦੇਸ਼ ’ਚ ਕਈ ਥਾਵਾਂ ’ਤੇ ਭਾਰੀ ਮੀਂਹ ਪੈਣ ਕਾਰਨ 85 ਸੜਕਾਂ ਆਵਾਜਾਈ ਲਈ ਬੰਦ ਕਰ ਦਿੱਤੀਆਂ ਗਈਆਂ ਹਨ ਅਤੇ ਚੰਡੀਗੜ੍ਹ-ਮਨਾਲੀ ਮਾਰਗ ਦਾ ਇੱਕ ਹਿੱਸਾ ਮੰਡੀ ਤੋਂ ਪੰਡੋਹ ਵਿਚਾਲੇ ਧਸ ਗਿਆ ਹੈ। ਮੌਸਮ ਵਿਭਾਗ ਨੇ ਸੂਬੇ ’ਚ ਔਰੇਂਜ ਅਲਰਟ ਜਾਰੀ ਕੀਤਾ ਹੈ ਅਤੇ 5 ਜੁਲਾਈ ਤੱਕ ਵੱਖ ਵੱਖ ਥਾਵਾਂ ’ਤੇ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ, ਕੁਝ ਥਾਵਾਂ ’ਤੇ ਬਿਜਲੀ ਲਿਸ਼ਕਣ ਅਤੇ ਮੰਡੀ, ਸਿਰਮੌਰ ਤੇ ਸ਼ਿਮਲਾ ਜ਼ਿਲ੍ਹਿਆਂ ਦੇ ਕੁਝ ਇਲਾਕਿਆਂ ’ਚ ਅਚਾਨਕ ਹੜ੍ਹ ਆਉਣ ਦੀ ਚਿਤਾਵਨੀ ਜਾਰੀ ਕੀਤੀ ਹੈ।
ਸੂਬੇ ਦੇ ਐਮਰਜੈਂਸੀ ਅਪਰੇਸ਼ਨ ਕੇਂਦਰ ਅਨੁਸਾਰ ਮੀਂਹ ਕਾਰਨ ਮੰਡੀ ’ਚ 59, ਸ਼ਿਮਲਾ ’ਚ 21 ਅਤੇ ਕਾਂਗੜਾ ’ਚ ਇੱਕ ਸੜਕ ਸਮੇਤ 85 ਸੜਕਾਂ ਆਵਾਜਾਈ ਲਈ ਬੰਦ ਕਰ ਦਿੱਤੀਆਂ ਗਈਆਂ ਹਨ। ਸੂਬੇ ’ਚ 17 ਟਰਾਂਸਫਾਰਮਰ ਵੀ ਪ੍ਰਭਾਵਿਤ ਹੋਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਚੰਡੀਗੜ੍ਹ-ਮਨਾਲੀ ਚਾਰ ਲੇਨ ਵਾਲੀ ਸੜਕ ਦਾ ਇੱਕ ਹਿੱਸਾ ਮੰਡੀ ਤੋਂ ਪੰਡੋਹ ਵਿਚਾਲੇ ਧਸ ਗਿਆ ਹੈ ਅਤੇ ਸੜਕ ਦੇ ਸਿਰਫ਼ ਇੱਕ ਪਾਸੇ ਆਵਾਜਾਈ ਦੀ ਇਜਾਜ਼ਤ ਦਿੱਤੀ ਗਈ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਲੱਖਾਂ ਰੁਪਏ ਖਰਚ ਕੇ ‘ਰਿਟੇਨਿੰਗ ਵਾਲ’ (ਪਹਾੜਾਂ ਤੇ ਵੱਡੇ ਪੱਥਰਾਂ ਨੂੰ ਡਿੱਗਣ ਤੋਂ ਰੋਕਣ ਲਈ) ਬਣਾਈ ਗਈ ਸੀ ਪਰ ਹੁਣ ਇਹ ਧਸਣ ਲੱਗੀ ਹੈ ਤੇ ਤਕਰੀਬਨ ਦੋ ਫੁੱਟ ਹੇਠਾਂ ਚਲੀ ਗਈ ਹੈ। ਲੋਕ ਇਸ ਦੇ ਨਿਰਮਾਣ ਦੀ ਗੁਣਵੱਤਾ ’ਤੇ ਸਵਾਲ ਚੁੱਕ ਰਹੇ ਹਨ। ਮੌਸਮ ਵਿਭਾਗ ਨੇ ਕਿਹਾ ਮੌਨਸੂਨ ਦੇ ਰਫ਼ਤਾਰ ਫੜਨ ਦੀ ਸੰਭਾਵਨਾ ਹੈ ਅਤੇ ਅਗਲੇ ਦੋ-ਤਿੰਨ ਦਿਨਾਂ ਅੰਦਰ ਊਨਾ, ਬਿਲਾਸਪੁਰ, ਹਮੀਰਪੁਰ, ਕਾਂਗੜਾ, ਚੰਬਾ, ਮੰਡੀ, ਸ਼ਿਮਲਾ, ਸੋਲਨ ਤੇ ਸਿਰਮੌਰ ਜ਼ਿਲ੍ਹਿਆਂ ’ਚ ਕੁਝ ਥਾਵਾਂ ’ਤੇ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਵਿਭਾਗ ਨੇ 6 ਤੇ 7 ਜੁਲਾਈ ਨੂੰ ਭਾਰੀ ਮੀਂਹ ਦੀ ਪੇਸ਼ੀਨਗੋਈ ਕਰਦਿਆਂ ਯੈਲੋ ਅਲਰਟ ਜਾਰੀ ਕੀਤਾ ਹੈ। -ਪੀਟੀਆਈ

Advertisement

Advertisement
Author Image

sanam grng

View all posts

Advertisement
Advertisement
×