ਖੱਟੀਆਂ ਮਿੱਠੀਆਂ ਯਾਦਾਂ ਦੀ ਤੰਦ
ਡਾ. ਅਮਰ ਕੋਮਲ
ਇੱਕ ਪੁਸਤਕ - ਇੱਕ ਨਜ਼ਰ
ਪਰਮਜੀਤ ਕੌਰ ਸਰਹਿੰਦ ਵਰਤਮਾਨ ਪੰਜਾਬੀ ਨਬਿੰਧਕਾਰਾਂ ਵਿੱਚ ਸਰਗਰਮ ਸਿਰਮੌਰ ਲੇਖਿਕਾ ਹੈ ਜਿਸ ਨੇ ਲਗਭਗ ਪਿਛਲੇ ਪੰਦਰਾਂ ਸਾਲਾਂ ਤੋਂ ਹੀ ਲਿਖਣਾ ਆਰੰਭ ਕੀਤਾ ਹੈ, ਪਰ ਉਸ ਨੇ ਪੰਜਾਬੀ ਕਵਿਤਾ, ਨਬਿੰਧ, ਗ਼ਜ਼ਲ, ਸਫ਼ਰਨਾਮਾ, ਲੋਕ-ਕਾਵਿ, ਕਹਾਣੀ ਅਤੇ ਜੀਵਨੀ ਤੇ ਸੰਪਾਦਨਾ ਆਦਿ ਦੇ ਕਾਰਜ ਕਰ ਕੇ ਆਪਣਾ ਨਾਂ ਪੰਜਾਬੀ ਦੇ ਵਰਤਮਾਨ ਲੇਖਕਾਂ ਵਿੱਚ ਸਥਾਪਿਤ ਕਰ ਲਿਆ ਹੈ।
ਪਰਮਜੀਤ ਕੌਰ ਸਰਹਿੰਦ ਦਾ ਜਨਮ, ਬਚਪਨ ਅਤੇ ਅੱਲ੍ਹੜ ਉਮਰ ਪਿੰਡਾਂ ਵਿੱਚ ਹੀ ਲੰਘੀ ਹੈ। ਸੁਰਤ ਸੰਭਾਲੀ, ਪੇਂਡੂ ਵਰਤਾਰੇ, ਪੇਂਡੂ ਰਹੁ ਰੀਤਾਂ, ਲੋਕ-ਗੀਤਾਂ, ਪੇਂਡੂ-ਤਿਥ ਤਿਉਹਾਰਾਂ ਨੂੰ ਦੇਖਦੀ ਪਰਖਦੀ ਅਨੁਭਵ ਕਰਦੀ ਵੱਡੀ ਹੋਈ ਹੈ। ਪੇਂਡੂ ਸੱਭਿਆਚਾਰ ਦੀ ਮਹਿਕ-ਟਹਿਕ ਨੂੰ ਉਸ ਦੇ ਤਨ-ਮਨ ਵਿੱਚ ਵਸੀ ਹੋਈ ਹੈ।
ਹੱਥਲੀ ਪੁਸਤਕ ‘ਮੌਲ੍ਹੀ ਦੀਆਂ ਤੰਦਾਂ’ (ਕੀਮਤ: 390 ਰੁਪਏ; ਐਵਿਸ ਪਬਲੀਕੇਸ਼ਨ, ਚਾਂਦਨੀ ਚੌਂਕ, ਦਿੱਲੀ) ਵਿੱਚ ਲਗਭਗ ਤਿੰਨ ਦਰਜਨ ਨਬਿੰਧ ਹਨ। ਲੇਖਿਕਾ ਦੇ ਇਹ ਨਬਿੰਧ ਉਸ ਲਈ ਮੌਲ੍ਹੀ (ਖੰਮਣੀ) ਵਾਂਗ ਹਨ ਜਿਸ ਨਾਲ ਜੂੜਾ ਬੰਨ੍ਹਿਆ ਜਾਂਦਾ ਹੈ। ਇਨ੍ਹਾਂ ਨਬਿੰਧਾਂ ਦੇ ਵਿਸ਼ੇ ਭਾਵੇਂ ਜੀਵਨ ਦੇ ਮੋਤੀ ਦੇ ਰੰਗਾਂ ਵਾਂਗ ਭਿੰਨ-ਭਿੰਨ ਹਨ, ਪਰ ਜਿਵੇਂ ‘ਖੰਮਣੀ’ ਜੂੜੇ ਨੂੰ ਕੱਸ ਕੇ ਬੰਨ੍ਹੀ ਰੱਖਦੀ ਹੈ, ਇਸੇ ਤਰ੍ਹਾਂ ਇਨ੍ਹਾਂ ਨਬਿੰਧਾਂ ਦੇ ਵਿਸ਼ੇ ਪਾਠਕਾਂ ਦਾ ਪੜ੍ਹਦੇ ਸਮੇਂ ਧਿਆਨ ਬੰਨ੍ਹੀ ਰੱਖਦੇ ਹਨ।
ਸਮੇਂ ਦੇ ਬੀਤਣ ਨਾਲ ਸਾਡਾ ਵਾਤਾਵਰਣ, ਸਾਡੇ ਰਸਮੋ ਰਿਵਾਜ, ਖਾਣ ਪੀਣ, ਸੱਭਿਆਚਾਰ ਅਤੇ ਰਿਸ਼ਤੇ-ਨਾਤੇ ਬਦਲ ਜਾਂਦੇ ਹਨ। ਸੰਗੀ ਸਾਥੀ, ਮਾਤਾ-ਪਿਤਾ, ਤਾਏ, ਚਾਚੇ ਚਲੇ ਜਾਂਦੇ ਹਨ। ਇਹ ਅਤੇ ਹੋਰ ਵੱਡੇ ਛੋਟੇ ਯਾਦ ਆਉਂਦੇ ਹਨ। ਵਰਤ ਵਰਤਾਵੇ ਮਨ ਅੰਦਰ ਵਸ ਕੇ ਵਜੂਦ ਬਣ ਜਾਂਦੇ ਹਨ। ਜ਼ਿੰਦਗੀ ਨੂੰ ਬੀਤੇ ਦੇ ਝਰੋਖੇ ਵਿੱਚ ਅਸੀਂ ਮੁੜ ਦੇਖਦੇ ਹਾਂ, ਬੀਤਿਆ ਸਮਾਂ ਪਿਆਰਾ ਤਾਂ ਲੱਗਦਾ ਹੈ, ਪਰ ਵਾਪਸ ਨਹੀਂ ਆਉਂਦਾ। ਇਨ੍ਹਾਂ ਨਬਿੰਧਾਂ ਦਾ ਤਰਜ਼ਿ ਫ਼ਿਕਰ ਫਲਸਫ਼ਾਨਾ ਅੰਦਾਜ਼ ਵਾਲਾ ਹੈ ਜਿਵੇਂ ਜੀਵਨ ਦੇ ਰੰਗ, ਮਿੱਟੀ ਨਾ ਫਰੋਲ ਜੋਗੀਆ, ਜਦੋਂ ਮੁਟਿਆਰਾਂ ਬਣਨ ਤਲਵਾਰਾਂ, ਅੰਬਰੀਂ ਉੱਡਦੀਆਂ ਰੂਹਾਂ, ਤੂਤ ਦੀ ਛਿਟੀ, ਜਦੋਂ ਜ਼ਮੀਰ ਜਾਗਦੀ ਹੈ, ਡੇਰਾਵਾਦ ਵੀ ਦਲ-ਦਲ, ਖ਼ਾਰਾਂ-ਵਿੰਨਿਆ ਗੁਲਾਬ, ਅੱਜ ਦਾ ਗੁਲਾਬ, ਆਦਿ। ਕਈ ਨਬਿੰਧਾਂ ਦੇ ਨਾਂ ਵਕ੍ਰੋਕਤੀ ਅਲੰਕਾਰ ਦੇ ਅਰਥ ਸਿਰਜਦੇ ਹਨ, ਜਿਵੇਂ ਅੰਦਰ ਵਸਦੇ ਵਜੂਦ, ਜਦੋਂ ਰੱਬ ਦਾ ਸਿੰਘਾਸਨ ਡੋਲਿਆ, ਕੁਰਸੀ ਦਾ ਭੋਗ, ਤੂਤ ਦੀ ਛਿਟੀ ਆਦਿ।
ਲੇਖਿਕਾ ਦੇ ਇਨ੍ਹਾਂ ਨਬਿੰਧਾਂ ਵਿੱਚ ਉਸ ਦੇ ਜੀਵਨ ਦੇ ਅਨੇਕਾਂ ਪੜਾਵਾਂ ਦੀਆਂ ਮਿੱਠੀਆਂ ਕੌੜੀਆਂ ਯਾਦਾਂ ਬੋਲਦੀਆਂ ਹਨ। ਚੀਕਾਂ ਮੁੜ ਦਿਲ ਦਹਿਲਾਉਂਦੀਆਂ ਹਨ। ਔਰਤ ਸੰਵੇਦਨਾ ਤਿਲਮਿਲਾਉਂਦੀ ਹੈ। ਇਨ੍ਹਾਂ ਨਬਿੰਧਾਂ ਵਿੱਚ ਔਰਤ ਦੀ ਵੇਦਨਾ-ਸੰਵੇਦਨਾ ਕੂਕਦੀ ਹੈ। ਸੁੱਤਾ ਦਰਦ ਮੁੜ ਹਰਿਆਉਂਦਾ ਹੈ। ਦਿਲ ਪੰਘਰਣ, ਰੁਦਨ ਅਤੇ ਤੜਪਣ ਦੇ ਪਾਠਕ ਅਵਸਰ ਅਨੁਭਵ ਕਰ ਸਕਦੇ ਹਨ।
ਲੇਖਿਕਾ ਦੀਆਂ ਖੱਟੀਆਂ ਮਿੱਠੀਆਂ ਯਾਦਾਂ ਮੌਲ੍ਹੀ ਦੀਆਂ ਤੰਦਾਂ ਵਾਂਗ ਹਨ ਜਿਹੜੀਆਂ ਅਭੁੱਲ ਯਾਦਾਂ ਨੂੰ ਬੰਨ੍ਹ ਕੇ ਰੱਖਦੀਆਂ ਹਨ। ਅਨੇਕਾਂ ਯਾਦਾਂ ਉਸ ਦੇ ਅੰਦਰ ਵਸਦੇ ਵਜੂਦ ਦੇ ਨਾਸੂਰ ਵਾਂਗ ਹਨ। ਜਾਮਣਾਂ ਤੇ ਕੁੜੀਆਂ ਦੀਆਂ ਯਾਦਾਂ, ਜ਼ਿੰਦਗੀ ਵਿੱਚ ਰਸ ਘੋਲਦੀਆਂ ਹਨ। ਜਦੋਂ ਕਦੇ ਅਸੀਂ ਆਸ ਤੋਂ ਉਲਟ ਹੁੰਦਾ ਅਨੁਭਵ ਕਰਦੇ ਹਾਂ ਤਾਂ ਸਹਿਜੇ ਹੀ ਅਸੀਂ ਆਪਣੇ ਮਨ ਦੀਆਂ ਅੱਖਾਂ ਖੋਲ੍ਹ ਕੇ ਕਹਿ ਸਕਦੇ ਹਾਂ ਕਿ ਅਮੀਰ ਤੋਂ ਅਮੀਰ ਬੇਈਮਾਨ ਬਣ ਕੇ ਅਜੇ ਵੀ ਅਮੀਰ ਹੋ ਰਿਹਾ ਹੈ ਅਤੇ ਗ਼ਰੀਬ ਤੋਂ ਗ਼ਰੀਬ ਸੱਚ ਬੋਲ ਕੇ, ਈਮਾਨ ਰੱਖਦਿਆਂ ਵੀ ਗ਼ਰੀਬ ਹੈ। ਗੋਰਕੀ ਵਰਗੇ ਕਾਮੇ ਲੇਖਕ ਨੂੰ ਲੇਖਿਕਾ ‘ਸੋਨੇ ਦੇ ਭਾਂਡਿਆਂ ਵਾਲਾ ਗੋਰਖੀ’ ਕਹਿ ਉਸ ਦੀ ਯਾਦ ਨੂੰ ਸਲਾਮ ਕਰਦੀ ਹੈ। ਲੇਖਿਕਾ ਨਿੱਜੀ ਜ਼ਿੰਦਗੀ ਦੇ ਵਰਕੇ ਫਰੋਲਦਿਆਂ ‘ਜਦੋਂ ਰੱਬ ਦਾ ਸਿੰਘਾਸਨ ਡੋਲਿਆ’ ਨਬਿੰਧ ਵਿੱਚ ਉਸ ਸਮੇਂ ਦੀਆਂ ਮਿੱਠੀਆਂ ਯਾਦਾਂ ਦਾ ਜ਼ਿਕਰ ਕਰਦੀ ਹੈ। ਸਹਿਜ ਸੁਭਾਵਿਕ ਹੀ ਇਨ੍ਹਾਂ ਨਬਿੰਧਾਂ ਵਿੱਚ ਔਰਤ ਦੇ ਅਨੇਕ ਰੂਪ ਵਿਕਸਤ ਹੋਏ ਹਨ, ਉਹ ਮਾਂ ਹੈ, ਪਤਨੀ ਹੈ, ਨੂੰਹ ਹੈ, ਸੱਸ ਹੈ। ਭੈਣਾਂ ਭਰਾਵਾਂ ਦੀ ਸੰਗਤ ਹੰਢਾਉਂਦੀ ਹੈ। ਇਨ੍ਹਾਂ ਨਬਿੰਧਾਂ ਵਿੱਚ ਵੇਦਨਾ-ਸੰਵੇਦਨਾ ਦੇ ਅਨੇਕਾਂ ਰੰਗ ਹਨ।
ਪਰਮਜੀਤ ਕੌਰ ਸਰਹਿੰਦ ਇਨ੍ਹਾਂ ਨਬਿੰਧਾਂ ’ਚ ਆਪਣੀ ਹਾਜ਼ਰੀ ਲਵਾਉਂਦੀ ਆਪਣੀਆਂ ਕੌੜੀਆਂ ਮਿੱਠੀਆਂ ਯਾਦਾਂ, ਤਲਖ਼ ਹਕੀਕਤਾਂ ਦੇ ਹੱਡੀਂ ਹੰਢਾਏ ਹੋਏ ਵਸਤੂ-ਵੇਰਵੇ ਪੇਸ਼ ਕਰਦੀ ਹੈ। ਅਜਿਹੀ ਵਾਰਤਕ ਵਿੱਚੋਂ ਕਦੇ-ਕਦੇ ਲੇਖਿਕਾ ਔਰਤ-ਮੋਹ ਪਿਆਰ ਦੀ ਖੁਸ਼ਬੂ ਵੰਡਦੀ ਨਜ਼ਰ ਆਉਂਦੀ ਹੈ। ਕਦੇ ਔਰਤ ਦਾ ਮਾਂ ਮਮਤਾ ਵੰਡਦਾ ਰੂਪ, ਕਦੇ ਧੀਆਂ ਦੀ ਮਾਂ ਦਾ ਮੋਹ ਵੰਡਦਾ ਸਰੂਪ ਨਜ਼ਰ ਆਉਂਦਾ ਹੈ। ਕਦੇ ਦੇਵੀ ਦਾ ਤਾਂਡਵ ਰੂਪ।
ਨਬਿੰਧਕਾਰੀ ਵਿੱਚ ਇਸ ਤਰ੍ਹਾਂ ਦੀ ਵਾਰਤਕ ਘੱਟ ਹੈ। ਇਸ ਪੁਸਤਕ ਨੂੰ ਯਾਦਾਂ ਦੀ ਪਟਾਰੀ, ਮੇਰੀਆਂ ਮਿੱਠੀਆਂ ਕੌੜੀਆਂ ਯਾਦਾਂ, ਮੇਰੀ ਜੱਗਬੀਤੀ, ਹੱਡ ਬੀਤੀ ਵੀ ਕਹਿ ਸਕਦੇ ਹਾਂ।
ਸੰਪਰਕ: 84378-73565, 88376-84173