ਫਿਲਮ ‘ਪੰਜਾਬ 95’ ਸਬੰਧੀ ਘੋਖ ਕਰੇ ਸਿੱਖ ਮਾਹਿਰਾਂ ਦਾ ਪੈਨਲ: ਜਥੇਦਾਰ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 11 ਅਕਤੂਬਰ
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੁਕਮ ਕੀਤਾ ਹੈ ਕਿ ਉਹ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ’ਤੇ ਆਧਾਰਿਤ ਫਿਲਮ ‘ਪੰਜਾਬ 95’ ਦੀ ਵੱਖ-ਵੱਖ ਪੱਖਾਂ ਤੋਂ ਘੋਖ ਕਰਨ ਲਈ ਤੁਰੰਤ ਸਿੱਖ ਵਿਦਵਾਨਾਂ ਦਾ ਉੱਚ ਪੱਧਰੀ ਪੈਨਲ ਗਠਿਤ ਕਰਨ। ਇਸ ਤੋਂ ਪਹਿਲਾਂ ਅੱਜ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਮੁਖੀ ਗੁਰਚਰਨ ਸਿੰਘ ਗਰੇਵਾਲ ਦੀ ਅਗਵਾਈ ਵਿੱਚ ਫੈਡਰੇਸ਼ਨ ਆਗੂਆਂ ਦੇ ਵਫਦ ਨੇ ਇਸ ਫਿਲਮ ਸਬੰਧੀ ਜਥੇਦਾਰ ਨਾਲ ਮੁਲਾਕਾਤ ਕੀਤੀ। ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਅਕਾਲ ਤਖ਼ਤ ਵਿਖੇ ਦਿੱਤੇ ਗਏ ਪੱਤਰਾਂ ਵਿੱਚ ਸ਼ੰਕਾ ਜਤਾਈ ਗਈ ਹੈ ਕਿ 1984 ਤੋਂ 1995 ਵਿੱਚ ਸਰਕਾਰੀ ਜਬਰ ਅਤੇ ਝੂਠੇ ਪੁਲੀਸ ਮੁਕਾਬਲਿਆਂ ਸਬੰਧੀ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੇ ਲਾਵਾਰਿਸ ਲਾਸ਼ਾਂ ਦਾ ਸੱਚ ਦੁਨੀਆ ਦੇ ਸਾਹਮਣੇ ਲਿਆਉਣ ਦਾ ਯਤਨ ਕੀਤਾ ਸੀ, ਜਿਸ ਨੂੰ ਫਿਲਮ ਰਾਹੀਂ ਦਰਸਾਇਆ ਜਾਣਾ ਹੈ ਪਰ ਭਾਰਤੀ ਫਿਲਮ ਸੈਂਸਰ ਬੋਰਡ ਨੇ ਇਸ ਫਿਲਮ ’ਤੇ ਲਗਪਗ ਸੌ ਤੋਂ ਕੱਟ ਲਗਾ ਦਿੱਤੇ।