ਸਰਹੱਦੀ ਖੇਤਰ ’ਚੋਂ ਪਾਕਿਸਤਾਨੀ ਡਰੋਨ ਮਿਲਿਆ
ਐੱਨਪੀ ਧਵਨ
ਪਠਾਨਕੋਟ, 4 ਨਵੰਬਰ
ਭਾਰਤ-ਪਾਕਿ ਸਰਹੱਦ ’ਤੇ ਸਥਿਤ ਬੀਐੱਸਐੱਫ ਦੀ ਬੀਓਪੀ ਚੈੱਕ ਪੋਸਟ ਪਹਾੜੀਪੁਰ ਨੇੜੇ ਲੰਘੀ ਸ਼ਾਮ ਇਕ ਕਿਸਾਨ ਦੇ ਖੇਤ ’ਚੋਂ ਡਰੋਨ ਮਿਲਿਆ, ਜਿਸ ਨੂੰ ਬੀਐੱਸਐੱਫ ਦੀ 121 ਬਟਾਲੀਅਨ ਨੇ ਕਬਜ਼ੇ ਵਿੱਚ ਲੈ ਲਿਆ ਹੈ। ਜਾਣਕਾਰੀ ਅਨੁਸਾਰ ਕਿਸਾਨ ਕ੍ਰਿਪਾਲ ਸਿੰਘ ਨੇ ਆਪਣੇ ਖੇਤ ’ਚੋਂ ਡਰੋਨ ਮਿਲਣ ਬਾਰੇ ਪਿੰਡ ਦੇ ਸਰਪੰਚ ਨੂੰ ਦੱਸਿਆ ਅਤੇ ਇਸ ਮਗਰੋਂ ਸਰਪੰਚ ਨੇ ਬੀਐੱਸਐੱਫ ਅਤੇ ਪੁਲੀਸ ਨੂੰ ਸੂਚਿਤ ਕੀਤਾ। ਖੇਤ ’ਚੋਂ ਡਰੋਨ ਮਿਲਣ ਮਗਰੋਂ ਸੁਰੱਖਿਆ ਏਜੰਸੀਆਂ ਨੇ ਅੱਜ ਸਰਹੱਦੀ ਖੇਤਰ ਅੰਦਰ ਤਲਾਸ਼ੀ ਮੁਹਿੰਮ ਚਲਾਈ। ਅਜਿਹੇ ’ਚ ਫੋਰਸ ਨੂੰ ਹਾਲੇ ਤੱਕ ਡਰੋਨ ਤੋਂ ਇਲਾਵਾ ਕੁਝ ਨਹੀਂ ਮਿਲਿਆ। ਹੁਣ ਤੱਕ ਦੀ ਜਾਂਚ ਤੋਂ ਪਤਾ ਲੱਗਾ ਕਿ ਡਰੋਨ ਪਾਕਿਸਤਾਨ ਤੋਂ ਆਇਆ ਹੈ। ਜਾਂਚ ’ਚ ਸਾਹਮਣੇ ਆਇਆ ਕਿ ਇਹ ਡਰੋਨ ਚੀਨ ਦਾ ਬਣਿਆ ਹੋਇਆ ਹੈ ਅਤੇ ਇਸ ’ਤੇ ਲੱਗਾ ਵੀਡੀਓਗ੍ਰਾਫੀ ਕੈਮਰਾ ਉੱਚ ਤਕਨੀਕ ਦਾ ਹੈ। ਡਰੋਨ ਦੀ ਕੀਮਤ 2 ਲੱਖ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ। ਇਸ ਦੇ ਨਾਲ ਹੀ ਡਰੋਨ ਦੀ ਫੋਰੈਂਸਿਕ ਜਾਂਚ ਚੱਲ ਰਹੀ ਹੈ। ਡੀਐੱਸਪੀ ਦਿਹਾਤੀ ਸੁਖਜਿੰਦਰ ਥਾਪਰ ਨੇ ਦੱਸਿਆ ਕਿ ਤਲਾਸ਼ੀ ਮੁਹਿੰਮ ਵਿੱਚ ਪੰਜਾਬ ਪੁਲੀਸ, ਬੀਐੱਸਐੱਫ, ਕਮਾਂਡੋਜ਼ ਅਤੇ ਹੋਰ ਸੁਰੱਖਿਆ ਏਜੰਸੀਆਂ ਵੀ ਸ਼ਾਮਲ ਹੋਈਆਂ ਪਰ ਅਜੇ ਤੱਕ ਡਰੋਨ ਤੋਂ ਬਾਅਦ ਕੋਈ ਵੀ ਸ਼ੱਕੀ ਵਸਤੂ ਅਤੇ ਨਾ ਹੀ ਕੋਈ ਵਿਅਕਤੀ ਪੁਲੀਸ ਦੇ ਹੱਥ ਲੱਗ ਸਕਿਆ।
ਕਿੱਲੋ ਹੈਰੋਇਨ ਸਣੇ ਦੋ ਕਾਬੂ
ਅੰਮ੍ਰਿਤਸਰ (ਟ੍ਰਿਬਿਉੂਨ ਨਿਉੂਜ਼ ਸਰਵਿਸ(: ਜ਼ਿਲ੍ਹਾ ਦਿਹਾਤੀ ਪੁਲੀਸ ਨੇ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਕਿੱਲੋ ਹੈਰੋਇਨ ਅਤੇ ਮੋਟਰਸਾਈਕਲ ਬਰਾਮਦ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਰਵਿੰਦਰ ਸਿੰਘ ਉਰਫ ਕਲਰੀ ਅਤੇ ਅਮਿਤ ਵਜੋਂ ਹੋਈ ਹੈ। ਐੱਸਐੱਸਪੀ ਚਰਨਜੀਤ ਸਿੰਘ ਨੇ ਦੱਸਿਆ ਕਿ ਸੀਆਈਏ ਸਟਾਫ ਦਿਹਾਤੀ ਵੱਲੋਂ ਗਸ਼ਤ ਦੌਰਾਨ ਰਾਧਾਸੁਆਮੀ ਸਤਿਸੰਗ ਭਵਨ ਪਿੰਡ ਭਕਨਾ ਕੋਲੋਂ ਬਿਨਾਂ ਨੰਬਰ ਵਾਲੇ ਮੋਟਰਸਾਈਕਲ ’ਤੇ ਸਵਾਰ ਨੌਜਵਾਨਾਂ ਨੂੰ ਰੋਕਿਆ ਗਿਆ। ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ ਕਿੱਲੋ ਹੈਰੋਇਨ ਬਰਾਮਦ ਹੋਈ। ਪੁਲੀਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਥਾਣਾ ਘਰਿੰਡਾ ਵਿੱਚ ਕੇਸ ਦਰਜ ਕਰ ਲਿਆ ਹੈ। ਇਸੇ ਦੌਰਾਨ ਸਰਹੱਦ ’ਤੇ ਤਾਇਨਾਤ ਬੀਐੱਸਐੱਫ ਜਵਾਨਾਂ ਨੇ ਸਰਹੱਦੀ ਖੇਤਰ ਵਿੱਚੋਂ ਦੋ ਪੈਕੇਟ ਹੈਰੋਇਨ ਬਰਾਮਦ ਕੀਤੀ ਹੈ। ਇਸ ਦਾ ਕੁੱਲ ਵਜ਼ਨ ਇੱਕ ਕਿੱਲੋ ਤੋਂ ਵੱਧ ਹੈ। ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਨਸ਼ੀਲੇ ਪਦਾਰਥ ਦਾ ਇੱਕ ਪੈਕੇਟ ਪਿੰਡ ਗੁੱਲਗੜ੍ਹ ਅਤੇ ਇੱਕ ਪੈਕਟ ਪਿੰਡ ਧਨੋਏ ਕਲਾਂ ਦੇ ਖੇਤਾਂ ਵਿੱਚੋਂ ਬਰਾਮਦ ਕੀਤਾ ਗਿਆ।