For the best experience, open
https://m.punjabitribuneonline.com
on your mobile browser.
Advertisement

ਸ਼ਾਹਰੁਖ਼ ਖਾਨ ਨੂੰ ਮਿਲਣ ਆਇਆ ਪਾਕਿਸਤਾਨੀ ਲੜਕਾ ਰਿਹਾਈ ਦੀ ਉਡੀਕ ’ਚ

09:17 AM Mar 04, 2024 IST
ਸ਼ਾਹਰੁਖ਼ ਖਾਨ ਨੂੰ ਮਿਲਣ ਆਇਆ ਪਾਕਿਸਤਾਨੀ ਲੜਕਾ ਰਿਹਾਈ ਦੀ ਉਡੀਕ ’ਚ
Advertisement

ਜੁਪਿੰਦਰਜੀਤ ਸਿੰਘ
ਚੰਡੀਗੜ੍ਹ, 3 ਮਾਰਚ
ਅੱਖਾਂ ਵਿੱਚ ਬੌਲੀਵੁੱਡ ਅਦਾਕਾਰ ਸ਼ਾਹਰੁਖ਼ ਖਾਨ ਨੂੰ ਮਿਲਣ ਦਾ ਸੁਫ਼ਨਾ ਲੈ ਕੇ ਪਿਛਲੇ ਸਾਲ ਅੰਮ੍ਰਿਤਸਰ ਸੈਕਟਰ ਰਾਹੀਂ ਭਾਰਤ ਆਇਆ ਪਾਕਿਸਤਾਨ ਦੇ ਪਿੰਡ ਗ੍ਰਾਮਬਰੀ ਦਾ 17 ਸਾਲਾ ਲੜਕਾ ਲੁਧਿਆਣਾ ਦੇ ਅਬਜ਼ਰਵੇਸ਼ਨ ਹੋਮ ਵਿੱਚ ਬੇਵਸੀ ਦੇ ਹੰਝੂ ਵਹਾ ਰਿਹਾ ਹੈ। ਪੁਲੀਸ ਵੱਲੋਂ ਅੰਮ੍ਰਿਤਸਰ ਦੀ ਅਦਾਲਤ ਵਿੱਚ ਪੇਸ਼ ਕੀਤੇ ਗਏ ਲੜਕੇ ਨੂੰ ਇੰਡੀਅਨ ਪਾਸਪੋਰਟ ਐਕਟ ਅਤੇ 14 ਵਿਦੇਸ਼ੀ ਐਕਟ ਤਹਿਤ ਦੋ ਮਹੀਨੇ ਬਾਲ ਘਰ ਵਿੱਚ ਰਹਿਣ ਦੀ ਸਜ਼ਾ ਸੁਣਾਈ ਗਈ ਸੀ ਪਰ ਪਿਛਲੇ ਸਾਲ 23 ਨਵੰਬਰ ਨੂੰ ਉਸ ਦੀ ਸਜ਼ਾ ਪੂਰੀ ਹੋਣ ਦੇ ਬਾਵਜੂਦ ਉਹ ਆਪਣੀ ਰਿਹਾਈ ਦੀ ਉਡੀਕ ਕਰ ਰਿਹਾ ਹੈ।
ਉਸ ਦੇ ਮਾਤਾ-ਪਿਤਾ ਪਾਕਿਸਤਾਨ ਰਹਿੰਦੇ ਹਨ ਜਿਸ ਕਰਕੇ ਸਬੰਧਤ ਅਧਿਕਾਰੀ ਉਸ ਨੂੰ ਰਿਹਾਅ ਨਹੀਂ ਕਰ ਸਕਦੇ। ਭਾਰਤ ਵਿੱਚ ਪਾਕਿਸਤਾਨੀ ਹਾਈ ਕਮਿਸ਼ਨ ਦੇ ਅਧਿਕਾਰੀ ਹੀ ਉਸ ’ਤੇ ਦਾਅਵਾ ਕਰ ਸਕਦੇ ਹਨ। ਹਾਲਾਂਕਿ, ਉਨ੍ਹਾਂ ਨੇ ਹਾਲੇ ਇਸ ਸਬੰਧੀ ਕੋਈ ਜਵਾਬ ਨਹੀਂ ਦਿੱਤਾ ਹੈ।
ਪੰਜਾਬ ਸਟੇਟ ਜੈਂਡਰ ਬਜਟਰੀ ਕਮੇਟੀ, ਵਿਮੈੱਨ ਐਂਡ ਚਾਈਲਡ ਡਿਵੈਲਪਮੈਂਟ ਪੰਜਾਬ ਦੀ ਮੈਂਬਰ ਸਿਮਰਨਜੀਤ ਕੌਰ ਵੱਲੋਂ ਪਾਕਿਸਤਾਨ ਹਾਈ ਕਮਿਸ਼ਨ ਕੋਲ ਮਾਮਲਾ ਉਠਾਉਣ ਲਈ ਪੰਜਾਬ ਪੁਲੀਸ ਅਤੇ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖੇ ਜਾਣ ਤੋਂ ਬਾਅਦ ਇਹ ਮਾਮਲਾ ਸਾਹਮਣੇ ਆਇਆ ਹੈ। ਕਮੇਟੀ ਦੇ ਮੈਂਬਰਾਂ ਨੇ ਅਬਜ਼ਰਵੇਸ਼ਨ ਹੋਮ ਦਾ ਦੌਰਾ ਕਰ ਕੇ ਬੱਚੇ ਦੀ ਭਲਾਈ ਲਈ ਕਦਮ ਉਠਾਉਣ ਦੀ ਸਿਫਾਰਸ਼ ਕੀਤੀ ਹੈ।
ਸਿਮਰਨਜੋਤ ਨੇ ਦੱਸਿਆ, ‘‘ਅਬਜ਼ਰਵੇਸ਼ਨ ਹੋਮ ਦੇ ਦੌਰੇ ਦੌਰਾਨ ਮੈਨੂੰ ਇਸ ਮਾਮਲੇ ਬਾਰੇ ਪਤਾ ਲੱਗਾ ਅਤੇ ਮੈਂ ਇਸ ਸਬੰਧੀ ਅਧਿਕਾਰੀਆਂ ਨੂੰ ਪੱਤਰ ਲਿਖਿਆ। ਲੜਕੇ ਨੇ ਦੱਸਿਆ ਕਿ ਉਹ ਬੌਲੀਵੁੱਡ ਅਦਾਕਾਰ ਸ਼ਾਹਰੁਖ਼ ਖਾਨ ਦਾ ਬਹੁਤ ਵੱਡਾ ਪ੍ਰਸ਼ੰਸਕ ਹੈ ਅਤੇ ਉਸ ਨੂੰ ਮਿਲਣਾ ਚਾਹੁੰਦਾ ਸੀ। ਉਸ ਖ਼ਿਲਾਫ਼ ਕੇਸ ਦਰਜ ਕਰਨ ਵਾਲੀ ਪੰਜਾਬ ਪੁਲੀਸ ਅਨੁਸਾਰ ਉਸ ਦੀ ਸਜ਼ਾ ਪੂਰੀ ਹੋ ਚੁੱਕੀ ਹੈ। ਉਸ ਦਾ ਪਿੰਡ ਐਬਟਾਬਾਦ ਜ਼ਿਲ੍ਹੇ ਦੇ ਕੁਠਿਆਲਾ ਨੇੜੇ ਪੈਂਦਾ ਹੈ। ਉਹ ਸ਼ਾਹਰੁਖ਼ ਖਾਨ ਦੀਆਂ ਕਈ ਫਿਲਮਾਂ ਅਤੇ ਗੀਤ ਦੇਖ/ਸੁਣ ਚੁੱੱਕਾ ਹੈ।’’ ਸਿਮਰਨ ਅਨੁਸਾਰ ਲੜਕਾ ਆਖਦਾ ਹੈ, ‘‘ਹਮ ਤੋ ਸ਼ਾਹਰੁਖ਼ ਸੇ ਮਿਲਨੇ ਆਏ ਥੇ।’’
ਸਿਮਰਨ ਨੇ ਕਿਹਾ ਕਿ ਉਸ ਨੇ ਆਪਣਾ ਘਰ ਛੱਡਣ ਵੇਲੇ ਆਪਣੀ ਮਾਤਾ ਨੂੰ ਕਿਹਾ ਸੀ ਕਿ ਉਹ ਸ਼ਾਹਰੁਖ਼ ਖਾਨ ਨੂੰ ਮਿਲਣ ਲਈ ਜਾ ਰਿਹਾ ਹੈ ਪਰ ਉਸ ਦੀ ਮਾਤਾ ਨੇ ਜ਼ਰੂਰ ਇਸ ਨੂੰ ਮਜ਼ਾਕ ਵਜੋਂ ਲਿਆ ਹੋਵੇਗਾ। ਲੜਕੇ ਦੀਆਂ ਦੋ ਵੱਡੀਆਂ ਭੈਣਾਂ ਹਨ। ਉਸ ਦਾ ਪਿਤਾ ਦੁਬਈ ਵਿੱਚ ਟਰੱਕ ਡਰਾਈਵਰ ਹੈ।

Advertisement

Advertisement
Advertisement
Author Image

Advertisement