ਉੱਚੀਆਂ ਕਦਰਾਂ-ਕੀਮਤਾਂ ਵਾਲੇ ਯੋਧਿਆਂ ਦੀ ਨਰਸਰੀ
ਉਦੋਂ ਮੈਂ 16 ਸਾਲਾਂ ਦਾ ਵੀ ਨਹੀ ਸਾਂ ਜਦੋਂ ਮੈਨੂੰ ਨੈਸ਼ਨਲ ਡਿਫੈਂਸ ਅਕੈਡਮੀ (ਐਨਡੀਏ- ਰਾਸ਼ਟਰੀ ਰੱਖਿਆ ਅਕੈਡਮੀ) ਵਿਚ ਦਾਖ਼ਲਾ ਮਿਲਿਆ ਸੀ ਅਤੇ ਇਸ ਮਹੀਨੇ ਮੈਂ 80 ਵਰ੍ਹਿਆਂ ਦਾ ਹੋ ਜਾਵਾਂਗਾ। ਅਸੀਂ ਚਾਰ ਭਰਾ ਫ਼ੌਜ ਵਿਚ ਰਹੇ, ਤਿੰਨ ਰਾਸ਼ਟਰੀ ਰੱਖਿਆ ਅਕੈਡਮੀ ਦੇ ਟਰੇਨੀ ਰਹੇ ਜਦੋਂਕਿ ਚੌਥਾ ਇਸ ਅਕੈਡਮੀ ਵਿਚ ਟਰੇਨਿੰਗ ਅਫ਼ਸਰ ਰਿਹਾ। ਮੇਰੇ ਪੁੱਤਰ ਨੇ ਵੀ ਐੱਨਡੀਏ ਤੋਂ ਸਿਖਲਾਈ ਹਾਸਲ ਕੀਤੀ ਜਿਸ ਨੇ ਬਾਅਦ ਵਿਚ ਇਕ ਰੈਜੀਮੈਂਟ ਦੀ ਕਮਾਂਡੈਂਟ ਵਜੋਂ ਅਗਵਾਈ ਵੀ ਕੀਤੀ। ਫ਼ੌਜ ਵਿਚ ਕਮਿਸ਼ਨ ਮਿਲਣ ਉਤੇ ਮੇਰੀ ਨਿਯੁਕਤੀ 63ਵੀਂ ਕੈਵੇਲਰੀ ਵਿਚ ਹੋਈ। ਅਸੀਂ ਪੰਜ ਨਜ਼ਦੀਕੀ ਰਿਸ਼ਤੇਦਾਰਾਂ ਵਿਚੋਂ ਚਾਰੇ ਭਰਾਵਾਂ ਅਤੇ ਮੇਰੇ ਪੁੱਤਰ ਤੇ ਭਣੋਈਏ ਨੇ ਵੀ 1971 ਦੀ ਜੰਗ ਲੜੀ।
ਮੇਰੀਆਂ ਬਾਵਰਦੀ ਅਤੇ ਬਿਨਾਂ-ਵਰਦੀ, ਦੋਵੇਂ ਤਰ੍ਹਾਂ ਦੀਆਂ ਯਾਦਾਂ ਬਹੁਤ ਗਰਮਜੋਸ਼ੀ ਵਾਲੀਆਂ ਹਨ। ਐੱਨਡੀਏ ਦੇ ਕੋਰਸਾਂ ਰਾਹੀਂ ਛੋਟੀ ਉਮਰ ਵਿਚ ਫ਼ੌਜ ਵਿਚ ਆਉਣ ਦਾ ਫ਼ਾਇਦਾ ਇਹ ਹੈ ਕਿ ਇਸ ਟਰੇਨਿੰਗ ਰਾਹੀਂ ਤੁਹਾਡੇ ਵਿਚ ਬੇਫ਼ਿਕਰੀ, ਭਾਈਚਾਰਾ, ਅਨੁਸ਼ਾਸਨ, ਟੀਮ ਭਾਵਨਾ, ਰਣਨੀਤਕ ਨਜ਼ਰ, ਪ੍ਰਭਾਵਸ਼ਾਲੀ ਢੰਗ ਨਾਲ ਸਮਝਣ ਦੀ ਕਾਬਲੀਅਤ ਅਤੇ ਲਚਕਦਾਰ ਰੁਖ਼ ਭਰ ਦਿੱਤਾ ਜਾਂਦਾ ਹੈ। ਇਸ ਦੇ ਸਿੱਟੇ ਵਜੋਂ ਕਦੇ ਵੀ ਹਿੰਮਤ ਨਾ ਹਾਰਨ, ਅਨੇਕਤਾ ਵਿਚ ਏਕਤਾ ਅਤੇ ‘ਸਵੈ ਤੋਂ ਪਹਿਲਾਂ ਸੇਵਾ’ ਦੀ ਭਾਵਨਾ ਪੈਦਾ ਹੁੰਦੀ ਹੈ। ਇਹ ਭਾਵਨਾ ‘ਮੇਰੇ ਲਈ ਦੇਸ਼ ਸਭ ਤੋਂ ਪਹਿਲਾਂ, ਹਮੇਸ਼ਾ ਤੇ ਹਰ ਹਾਲ’ ਵਾਲਾ ਮੂਲਮੰਤਰ ਬਣ ਜਾਂਦੀ ਹੈ।
ਐੱਨਡੀਏ ਕੋਰਸ ਵਿਚ ਦਾਖ਼ਲਾ ‘ਫ਼ੌਜ ਵਿਚ ਇਕ ਇਕਾਈ’ ਵਜੋਂ ਹੁੰਦਾ ਹੈ। ਹਾਲਾਂਕਿ ਇਸ ਦੀ ਬਣਤਰ ਕਰੀਬ ਇਕ ਦਰਜਨ ਹੋਰਨਾਂ ਵਿਧਾਵਾਂ ਤੋਂ ਹੋਈ ਹੈ। ਇਹ ਵੰਨ-ਸੁਵੰਨਤਾ ਸਥਿਤੀ ਮੁਤਾਬਕ ਢਲ ਜਾਣ ਅਤੇ ਸਮੁੱਚੀ ਪ੍ਰਭਾਵਸ਼ੀਲਤਾ ਵਿਚ ਯੋਗਤਾ ਦੀ ਮੁਹਾਰਤ ਦਿੰਦੀ ਹੈ ਕਿਉਂਕਿ ਹਰੇਕ ਦਾਖ਼ਲਾ ਸੰਸਥਾ ਟਰੇਨੀ ਨੂੰ ਉਨ੍ਹਾਂ ਵਿਲੱਖਣ ਮੁਹਾਰਤਾਂ ਅਤੇ ਤਜਰਬੇ ਨਾਲ ਲੈਸ ਕਰ ਦਿੰਦੀ ਹੈ ਜਿਸ ਦੀ ਉਸ ਨੂੰ ਆਗੂ ਅਤੇ ਫ਼ੌਜੀ ਹੋਣ ਦੇ ਨਾਤੇ ਜ਼ਰੂਰਤ ਹੁੰਦੀ ਹੈ।
ਨਵੇਂ ਫ਼ੌਜੀ ਅਫ਼ਸਰ ਪੈਦਾ ਕਰਨ ਵਾਲੀ ਇਹ ‘ਫ਼ੌਜੀ ਨਰਸਰੀ’ ਜਮਹੂਰੀ ਕਦਰਾਂ-ਕੀਮਤਾਂ ਭਰਨ ਲਈ ਵੀ ਜਾਣੀ ਜਾਂਦੀ ਹੈ। ਭਾਵੇਂ ਇਹ ਕੁਝ ਸੁਣਨ ਵਿਚ ਅਜੀਬ ਜਾਪੇ ਪਰ ਐੱਨਡੀਏ ਦੇ ਮਾਮਲੇ ਵਿਚ ਇਹੋ ਸੱਚ ਹੈ। ਇਸ ਵੇਲੇ ਜਦੋਂ ਇਹ ਆਪਣੀ ਸਥਾਪਨਾ ਦੇ 75 ਸਾਲ ਪੂਰੇ ਕਰ ਰਿਹਾ ਹੈ, ਤਾਂ ਇਥੋਂ ਤਿਆਰ ਹੋ ਕੇ ਨਿਕਲੇ ਸਿਖਿਆਰਥੀਆਂ ਵਿਚ ਜਿਹੜੀ ਗੱਲ ਨਿਵੇਕਲੀ ਹੈ, ਉਹ ਇਹ ਕਿ ਇਥੋਂ ਦੀ ਟਰੇਨਿੰਗ ਫ਼ੌਜ ਦੀ ਅਗਵਾਈ ਕਰਨ ਵਾਲਿਆਂ ਨੂੰ ਬਿਲਕੁਲ ਸਿੱਧੀ ਤੇ ਸੌੜੀ ਲੀਹ ਉਤੇ ਚੱਲਣਾ ਸਿਖਾਉਂਦੀ ਹੈ ਅਤੇ ਇਹ ਆਪਣੇ ਸਿਖਿਆਰਥੀਆਂ ਨੂੰ ਹਰਗਿਜ਼ ਵੀ ਸੰਵਿਧਾਨ ਦੀ ਲਈ ਹੋਈ ਸਹੁੰ ਤੋਂ ਭਟਕਣ ਦੀ ਇਜਾਜ਼ਤ ਨਹੀਂ ਦਿੰਦੀ।
ਇਕ ਅਜਿਹਾ ਦੌਰ ਵੀ ਸੀ, ਜਦੋਂ ਸਾਲ 1970 ਤੋਂ 1980 ਦੌਰਾਨ ਭਾਰਤ ਪੂਰਬੀ ਅਤੇ ਪੱਛਮੀ ਪਾਸਿਆਂ ਤੋਂ ਫ਼ੌਜੀ ਤਾਨਾਸ਼ਾਹੀਆਂ ਵਾਲੇ ਮੁਲਕਾਂ ਨਾਲ ਘਿਰਿਆ ਹੋਇਆ ਸੀ। ਇਹ ਹਕੀਕਤ ਹੈ ਕਿ ਜਿਥੇ ਸਾਡੇ ਪੱਛਮੀ ਗੁਆਂਢੀ ਦੇ ਫ਼ੌਜੀ ਟਰੇਨਿੰਗ ਅਦਾਰਿਆਂ ਵਿਚ ਭਵਿੱਖੀ ਫ਼ੌਜੀ ਤਾਨਾਸ਼ਾਹ ਤਿਆਰ ਹੁੰਦੇ ਹਨ, ਉਥੇ ਐੱਨਡੀਏ ਦੀ ਟਕਸਾਲ ਵਿਚੋਂ ਖ਼ਾਲਸ ਪੇਸ਼ੇਵਰ ਫ਼ੌਜੀ ਘੜੇ ਜਾਂਦੇ ਹਨ ਜਿਹੜੇ ਆਪਣੇ ਦੇਸ਼ ਅਤੇ ਸਾਥੀ ਤੇ ਮਾਤਹਿਤ ਫ਼ੌਜੀ ਜਵਾਨਾਂ ਲਈ ਹਮੇਸ਼ਾ ਜਾਨ ਜੋਖਮ ਵਿਚ ਪਾਉਣ ਲਈ ਤਿਆਰ ਰਹਿੰਦੇ ਹਨ। ਇਹ ਜਜ਼ਬਾ ਐੱਨਡੀਏ ਦੇ ਆਦਰਸ਼ ਨਾਅਰੇ ‘ਸੇਵਾ ਪਰਮੋਧਰਮ’ ਜਾਂ ‘ਸਵੈ ਤੋਂ ਪਹਿਲਾਂ ਸੇਵਾ’ ਨੂੰ ਸਹੀ ਅਰਥਾਂ ਵਿਚ ਸਾਕਾਰ ਕਰਦਾ ਹੈ। ਇਕ ਜਮਹੂਰੀ ਮੁਲਕ ਹੋਣ ਦੇ ਨਾਤੇ ਭਾਰਤ ਦੀ ਸਫਲਤਾ ਦੇ ਪਿੱਛੇ ਇਕ ਵੱਡਾ ਕਾਰਨ ਇਹ ਵੀ ਹੈ ਕਿ ਸਾਡੀ ਫ਼ੌਜੀ ਲੀਡਰਸ਼ਿਪ ਦੇ ਕੰਮ-ਕਾਜ ਅਤੇ ਜ਼ਿਹਨ ਵਿਚ ਤਾਕਤ ਦਾ ਲਾਲਚ ਬਿਲਕੁਲ ਵੀ ਨਹੀਂ ਹੈ, ਜਦੋਂਕਿ ਦੁਨੀਆ ਭਰ ਵਿਚ ਬਸਤੀਵਾਦੀ ਗ਼ੁਲਾਮੀ ਤੋਂ ਆਜ਼ਾਦ ਹੋਏ ਅਨੇਕਾਂ ਮੁਲਕਾਂ ਦੀ ਫ਼ੌਜ ਵਿਚ ਅਜਿਹੀ ਲਾਲਸਾ ਸਮੇਂ ਸਮੇਂ ਉਤੇ ਹਾਵੀ ਹੁੰਦੀ ਰਹੀ ਹੈ।
ਭਾਰਤੀ ਫ਼ੌਜ ਦੇਸ਼ ਦੇ ਉਸਰੱਈਆਂ ਵੱਲੋਂ ਆਪਣੇ ਆਦਰਸ਼ਾਂ ਰਾਹੀਂ ਸਿਰਜੇ ਗਏ ਅਦਾਰਿਆਂ ਦੀ ਜਿਉਂਦੀ-ਜਾਗਦੀ ਮਿਸਾਲ ਹੈ। ਸਿਰਫ਼ ਕੋਈ ਆਦਰਸ਼ਵਾਦੀ ਹੀ ਦੇਸ਼ ਲਈ ਜਾਨ ਵਾਰਨ ਵਾਸਤੇ ਹਰ ਪਲ ਤਿਆਰ ਰਹਿੰਦਾ ਹੈ ਅਤੇ ਫਿਰ ਸੇਵਾਮੁਕਤੀ ਤੋਂ ਬਾਅਦ ਉਹ ਆਪਣੇ ਘਰ ਆਪਣੇ ਪੋਤੇ-ਪੋਤੀਆਂ ਨੂੰ ਫ਼ੌਜ ਦੀਆਂ ਸੂਰਮ-ਗਾਥਾਵਾਂ ਸੁਣਾ ਕੇ ਪ੍ਰੇਰਿਤ ਕਰਦਾ ਹੈ। ਸਾਡੇ ਆਜ਼ਾਦੀ ਸੰਘਰਸ਼ ਵਿਚ ਲਗਾਤਾਰ ਜਾਰੀ ਰਹੀਆਂ ਕਦਰਾਂ-ਕੀਮਤਾਂ ਅਤੇ ਰਵਾਇਤਾਂ ਦੀ ਸਾਡੀ ਫ਼ੌਜ ਉੱਘੜਵੀਂ ਮਿਸਾਲ ਹੈ। ਇਸੇ ਖ਼ਾਸੀਅਤ ਨੇ ਐੱਨਡੀਏ ਅਤੇ ਇਸ ਵਰਗੇ ਹੋਰਨਾਂ ਭਾਰਤੀ ਰੱਖਿਆ ਅਦਾਰਿਆਂ ਨੂੰ ਦੁਨੀਆ ਦੀਆਂ ਬਿਹਤਰੀਨ ਫ਼ੌਜੀ ਸੇਵਾ ਦਾਖ਼ਲਾ ਅਕੈਡਮੀਆਂ ਵਿਚ ਮੋਹਰੀ ਸਥਾਨ ਦਿਵਾਇਆ ਹੈ ਜਿਥੇ ਬਿਨਾਂ ਕਿਸੇ ਅਪਵਾਦ ਦੇ ਭਾਵੀ ਪੇਸ਼ੇਵਰ ਫ਼ੌਜੀ ਅਫ਼ਸਰ ਤਿਆਰ ਕੀਤੇ ਜਾਂਦੇ ਹਨ। ਨਾਲ ਹੀ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਉਨ੍ਹਾਂ ਵਿਚੋਂ ਕਈਆਂ ਨੇ ਖ਼ੁਦ ਨੂੰ ਆਲਮੀ ਪੱਧਰ ਦੇ ਫ਼ੌਜੀ ਕਮਾਂਡਰ ਅਤੇ ਰਣਨੀਤਕ ਸਾਬਤ ਕੀਤਾ ਹੈ।
ਭਾਰਤ ਨੇ ਜਿੰਨੀਆਂ ਵੀ ਜੰਗਾਂ ਲੜੀਆਂ ਹਨ, ਉਨ੍ਹਾਂ ਵਿਚ ਹਥਿਆਰਬੰਦ ਫ਼ੌਜਾਂ ਦਾ ਵਿਹਾਰ ਆਪੋ-ਆਪਣੇ ਸਿਖਲਾਈ ਅਦਾਰਿਆਂ ਵੱਲੋਂ ਉਨ੍ਹਾਂ ਵਿਚ ਭਰੀਆਂ ਗਈਆਂ ਕਦਰਾਂ-ਕੀਮਤਾਂ ਪ੍ਰਤੀ ਸਰਬੋਤਮ ਵਚਨਬੱਧਤਾ ਦਾ ਪ੍ਰਤੀਕ ਰਿਹਾ ਹੈ। ਜੇ ਭਾਰਤੀ ਫ਼ੌਜ ਨੇ ਬੰਗਲਾਦੇਸ਼ ਦੀ ਆਜ਼ਾਦੀ ਲਈ ਲੜੀ ਜੰਗ ਤੋਂ ਬਾਅਦ ਨਵੀਂ ਬਣੀ ਆਜ਼ਾਦ ਸਰਕਾਰ ਦੀ ‘ਮਦਦ’ ਦੇ ਨਾਂ ਉਤੇ ਉਥੇ ਹੀ ਟਿਕੇ ਰਹਿਣ ਦੀ ਥਾਂ ਫ਼ੌਰੀ ਵਤਨ ਵਾਪਸੀ ਕੀਤੀ ਤਾਂ ਇਸ ਲਈ ਬਹੁਤਾ ਸਿਹਰਾ ਮਰਹੂਮ ਜਨਰਲ (ਬਾਅਦ ਵਿਚ ਫੀਲਡ ਮਾਰਸ਼ਲ) ਸੈਮ ਮਾਨਕਸ਼ਾਅ ਦੇ ਕਦਰਾਂ-ਕੀਮਤਾਂ ਉਤੇ ਡਟੇ ਰਹਿਣ ਵਾਲੇ ਲੀਡਰਸ਼ਿਪ ਗੁਣਾਂ ਨੂੰ ਜਾਂਦਾ ਹੈ। ਇਹ ਇਕ ਅਜਿਹਾ ਸਬਕ ਹੈ ਜਿਸ ਉਤੇ ਐੱਨਡੀਏ ਦੇ ਮੌਜੂਦਾ ਅਤੇ ਸਾਬਕਾ ਟਰੇਨਿੰਗ ਅਫ਼ਸਰਾਂ ਨੂੰ ਮਾਣ ਹੈ। ਇਸ 1971 ਦੇ ਘਟਨਾਕ੍ਰਮ ਨੂੰ ਅਕਸਰ ਉਹ ਲੋਕ ‘ਨਿਆਂ ਯੁੱਧ’ ਕਹਿੰਦੇ ਹਨ ਜਿਨ੍ਹਾਂ ਨੂੰ ਇਹ ਪੱਕਾ ਵਿਸ਼ਵਾਸ ਹੈ ਕਿ ਇਹ ਕਾਰਵਾਈ ਪਾਕਿਸਤਾਨੀ ਫ਼ੌਜ ਵੱਲੋਂ ਢਾਹੇ ਗਏ ਜ਼ੁਲਮਾਂ, ਕਤਲੇਆਮ ਅਤੇ ਬਲਾਤਕਾਰਾਂ ਖ਼ਿਲਾਫ਼ ਪ੍ਰਤੀਕਿਰਿਆ ਵਜੋਂ ਕੀਤੀ ਗਈ ਸੀ। ਇਸ ਨੇ ਬੰਗਲਾਦੇਸ਼ ਨੂੰ ਆਜ਼ਾਦੀ ਦਿਵਾਈ ਅਤੇ ਆਪਣੇ ਲੋਕਾਂ ਨੂੰ ਸੰਭਾਵੀ ਹਿੰਸਾ ਤੋਂ ਬਚਾਇਆ। ਖੋਜ ਆਧਾਰਿਤ ਕਿਤਾਬ ‘ਜਾਇਜ਼ ਅਤੇ ਨਾਜਾਇਜ਼ ਜੰਗਾਂ’ (Just and Unjust Wars) ਦੇ ਲੇਖਕ ਮਾਈਕਲ ਵਾਲਜ਼ਰ ਅਨੁਸਾਰ ਇਹ ਲੜਾਈ 20ਵੀਂ ਸਦੀ ਦੀਆਂ ਤਮਾਮ ਜੰਗਾਂ ਵਿਚੋਂ ਸਹੀ ਅਰਥਾਂ ਵਿਚ ਮਨੁੱਖੀ ਆਧਾਰ ਉਤੇ ਕੀਤੀ ਗਈ ਇਕੋ-ਇਕ ਫ਼ੌਜੀ ਦਖ਼ਲਅੰਦਾਜ਼ੀ ਸੀ। ਅਤੇ ਇਹ ‘ਜਾਇਜ਼ ਜੰਗ’ ਲੜਨ ਵਾਲੇ ਫ਼ੌਜੀ ਅਫ਼ਸਰਾਂ ਅਤੇ ਉਨ੍ਹਾਂ ਦੇ ਸਾਥੀ ਫ਼ੌਜੀਆਂ ਨੂੰ ਐੱਨਡੀਏ ਦੀ ਨੈਤਿਕ ਤਾਕਤ ਤੋਂ ਹੀ ਬਲ ਮਿਲ ਰਿਹਾ ਸੀ।
ਜਿਸ ਜ਼ਾਲਮ ਤੇ ਜ਼ਹਿਰੀਲੇ ਦੁਸ਼ਮਣ ਨਾਲ ਭਿਆਨਕ ਲੜਾਈ ਲੜੀ ਹੋਵੇ, ਉਸੇ ਨਾਲ ਲੜਾਈ ਤੋਂ ਬਾਅਦ ਨਰਮੀ ਵਰਤਣੀ ਬਹੁਤ ਔਖੀ ਹੁੰਦੀ ਹੈ, ਉਹ ਵੀ ਉਦੋਂ ਜਦੋਂ ਜੰਗੀ ਕੈਦੀ ਦੇ ਰੂਪ ਵਿਚ ਉਸ ਦੀ ਭਲਾਈ ਤੁਹਾਡੇ ਰਹਿਮ ਉਤੇ ਹੀ ਨਿਰਭਰ ਹੋਵੇ। ਬੰਗਲਾਦੇਸ਼ ਵਿਚ ਆਤਮ-ਸਮਰਪਣ ਕਰਨ ਵਾਲੇ 90 ਹਜ਼ਾਰ ਤੋਂ ਵੱਧ ਪਾਕਿਸਤਾਨੀ ਜੰਗੀ ਕੈਦੀਆਂ ਦਾ ਪ੍ਰਬੰਧਨ ਕਰਨਾ ਇਕ ਬਹੁਤ ਵੱਡਾ ਤੇ ਮੁਸ਼ਕਲ ਕੰਮ ਸੀ। ਅਜਿਹੇ ਹਰੇਕ ਜੰਗੀ ਕੈਦੀ ਨੂੰ ਇਹ ਸਾਫ਼ ਸੁਨੇਹਾ ਮਿਲ ਗਿਆ ਸੀ ਕਿ ਇਹ ਫ਼ੌਜੀ ਸ਼ਾਸਨ ਉਤੇ ਲੋਕਤੰਤਰ ਦੀ ਅਤੇ ਹੈਵਾਨੀਅਤ ਉਤੇ ਇਨਸਾਨੀਅਤ ਦੀ ਜਿੱਤ ਹੈ। ਜਨੇਵਾ ਜੰਗੀ ਕੈਦੀ ਕੌਮਾਂਤਰੀ ਸੰਧੀ ਦੀਆਂ ਵਿਵਸਥਾਵਾਂ ਉਤੇ ਵੀ ਇਹ ਢੰਗ-ਤਰੀਕਾ ਪੂਰੀ ਤਰ੍ਹਾਂ ਖ਼ਰਾ ਉਤਰਿਆ। ਅਗਾਂਹ ਜਾ ਕੇ ਕਾਰਗਿਲ ਅਤੇ ਹੋਰਨਾਂ ਜੰਗੀ ਮੋਰਚਿਆਂ ਉਤੇ ਜਿਹੜੇ ਹਾਲਾਤ ਸਾਹਮਣੇ ਆਏ, ਉਸ ਤੋਂ ਇਹੋ ਜਾਪਦਾ ਹੈ ਕਿ ਸਾਡੇ ਵੱਲੋਂ ਦਿਖਾਇਆ ਗਿਆ ਇਨਸਾਨੀਅਤ ਵਾਲਾ ਰਵੱਈਆ ਕਿਸੇ ਕੰਮ ਨਹੀਂ ਆਇਆ। ਅਜੋਕੇ ਸਮੇਂ ਦੁਨੀਆ ਭਰ ਵਿਚ ਜਿਹੜੀ ਭਿਆਨਕ ਸਥਿਤੀ ਬਣੀ ਹੋਈ ਹੈ, ਉਸ ਰਵੱਈਏ ਦੇ ਮੱਦੇਨਜ਼ਰ ਇਸ ’ਤੇ ਅਫ਼ਸੋਸ ਹੁੰਦਾ ਹੈ।
ਇਥੋਂ ਤੱਕ ਕਿ ਸ੍ਰੀਲੰਕਾ ਵਿਚ ਜਦੋਂ ਭਾਰਤੀ ਸ਼ਾਂਤੀ ਸੈਨਾ ਨੂੰ ਭਾਰੀ ਜਾਨੀ ਨੁਕਸਾਨ ਝੱਲਣਾ ਪਿਆ, ਉਦੋਂ ਵੀ ਭਾਰਤੀ ਫ਼ੌਜ ਨੇ ਸਿਵਲੀਅਨਾਂ ਦੀ ਆੜ ਵਿਚ ਲੁਕ ਕੇ ਹਮਲੇ ਕਰ ਰਹੇ ਲਿੱਟੇ ਦਹਿਸ਼ਤਗਰਦਾਂ ਉਤੇ ਜਵਾਬੀ ਗੋਲੀਬਾਰੀ ਕਰਨ ਤੋਂ ਆਪਣੇ ਆਪ ਨੂੰ ਰੋਕੀ ਰੱਖਿਆ ਸੀ। ਵੀਅਤਨਾਮ ਜੰਗ ਨੂੰ ਬੇਕਸੂਰ ਪੇਂਡੂਆਂ ਉਤੇ ਬਰਪਾਏ ਗਏ ਮਾਈ ਲਾਈ ਕਤਲੇਆਮ ਅਤੇ ਹੋਰਨਾਂ ਜ਼ਿਆਦਤੀਆਂ ਭਰੇ ਹਵਾਲਿਆਂ ਲਈ ਜਾਣਿਆ ਜਾਂਦਾ ਹੈ, ਪਰ ਦੂਜੇ ਪਾਸੇ ਬਿਲਕੁਲ ਉਹੋ ਜਿਹੇ ਹੀ ਹਾਲਾਤ ਵਿਚ ਭਾਰਤੀ ਫ਼ੌਜ ਦੀ ਕਾਰਵਾਈ ਦੀਆਂ ਗਾਥਾਵਾਂ ਇਕਦਮ ਉਲਟ ਹਨ – ਭਾਵ ਭਾਰਤੀ ਫ਼ੌਜੀ ਉਹ ਹੁੰਦਾ ਹੈ ਜੋ ਆਮ ਨਾਗਰਿਕਾਂ ਦਾ ਜਾਨੀ ਨੁਕਸਾਨ ਵੱਧ ਤੋਂ ਵੱਧ ਘਟਾਉਣ ਖ਼ਾਤਰ ਆਪਣੇ ਆਪ ਤੇ ਆਪਣੇ ਫ਼ੌਜੀ ਜਵਾਨਾਂ ਨੂੰ ਪੇਸ਼ ਆਉਣ ਵਾਲੀ ਭਾਰੀ ਪੀੜ ਤੇ ਨੁਕਸਾਨ ਵਾਸਤੇ ਮਾਨਿਸਕ ਤੌਰ ’ਤੇ ਤਿਆਰ ਰਹਿੰਦਾ ਹੈ। ਜੇ ਵਿਦੇਸ਼ੀ ਹਮਲਾਵਰਾਂ ਅਤੇ ਘਰੇਲੂ ਬਾਗ਼ੀਆਂ ਨਾਲ ਲੜੀ ਗਈ ਹਰੇਕ ਜੰਗ ਤੋਂ ਬਾਅਦ ਵੀ ਇਹ ਰਵਾਇਤ ਕਾਇਮ ਹੈ, ਤਾਂ ਇਹ ਇਸੇ ਕਾਰਨ ਹੋ ਸਕਿਆ ਹੈ ਕਿ ਸਾਡੀਆਂ ਮਿਲਟਰੀ ਅਕੈਡਮੀਆਂ ਵਿਚ ਅਫ਼ਸਰਾਂ ਨੂੰ ਮਨੁੱਖੀ ਅਤੇ ਮਾਨਵਤਾਵਾਦੀ ਵਿਹਾਰ ਕਾਇਮ ਰੱਖਣਾ ਸਿਖਾਇਆ ਜਾਂਦਾ ਹੈ।
ਭਾਰਤੀ ਫ਼ੌਜੀਆਂ ਨੇ ਲਚਕੀਲੇਪਣ, ਦਲੇਰੀ ਅਤੇ ਦ੍ਰਿੜ੍ਹਤਾ ਵਾਲਾ ਪ੍ਰਦਰਸ਼ਨ ਲਗਾਤਾਰ ਕਾਇਮ ਰੱਖਿਆ ਹੈ। ਭਾਰਤੀ ਫ਼ੌਜੀਆਂ ਨੇ 1999 ਵਿਚ ਕਾਰਗਿਲ ਜੰਗ ਦੌਰਾਨ ਤਮਾਮ ਉਲਟ ਹਾਲਾਤ ਵਿਚ ਵੀ ਪਹਾੜੀ ਚੋਟੀਆਂ ਉਤੇ ਜੰਗੀ ਕੁਸ਼ਲਤਾ ਅਤੇ ਰਾਜਨੀਤਕ ਠੋਸ ਇਰਾਦੇ ਰਾਹੀਂ ਤੈਅ ਦਾਇਰੇ ਦੇ ਅੰਦਰ ਰਹਿ ਕੇ ਅਤੇ ਅਸਲ ਕੰਟਰੋਲ ਰੇਖਾ ਨੂੰ ਪਾਰ ਕੀਤੇ ਬਿਨਾਂ ਘੁਸਪੈਠੀਆਂ ਨੂੰ ਭੱਜਣ ਲਈ ਮਜਬੂਰ ਕਰ ਦਿੱਤਾ। ਮੇਰੀ ਜਾਣਕਾਰੀ ਮੁਤਾਬਕ ਆਧੁਨਿਕ ਇਤਿਹਾਸ ਵਿਚ ਹੋਰ ਅਜਿਹੀ ਕੋਈ ਮਿਸਾਲ ਨਹੀਂ ਮਿਲਦੀ ਕਿ ਦੁਸ਼ਮਣ ਦੀ ਫ਼ੌਰੀ ਤੇ ਸ਼ਰਮਿੰਦਗੀ ਭਰੀ ਹਾਰ ਯਕੀਨੀ ਬਣਾਉਣ ਵਿਚ ਦਲੇਰਾਨਾ ਫ਼ੌਜੀ ਕਾਰਵਾਈ ਦੇ ਨਾਲ-ਨਾਲ ਓਨੇ ਹੀ ਅਨੁਪਾਤ ਵਿਚ ਅਨੁਸ਼ਾਸਨ ਕਾਇਮ ਰੱਖ ਕੇ ਦਿਖਾਇਆ ਗਿਆ ਹੋਵੇ।
ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਸਾਡੇ ਅਦਾਰਿਆਂ ਨੇ ਅਜਿਹੀ ਫ਼ੌਜੀ ਲੀਡਰਸ਼ਿਪ ਤਿਆਰ ਕੀਤੀ ਹੈ, ਜਿਸ ਨੂੰ ਆਪਣੇ ਇਨਾਮ ਦੇ ਇਵਜ਼ ਵਿਚ ਸੱਤਾ ਹਥਿਆਉਣ ਦੀ ਲਾਲਸਾ ਥਿੜਕਾ ਨਹੀਂ ਪਾਉਂਦੀ। ਵੱਡੇ ਤੋਂ ਵੱਡੇ ਲਾਲਚ – ਨਿਰੰਕੁਸ਼ ਸੱਤਾ – ਦੇ ਸਾਹਮਣੇ ਵੀ ਦਿਮਾਗ਼ ਵਿਚ ਅਨੁਸ਼ਾਸਨ ਨੂੰ ਸਭ ਤੋਂ ਪਹਿਲਾਂ ਰੱਖਣਾ ਕੋਈ ਸੌਖਾ ਕੰਮ ਨਹੀਂ ਹੈ ਪਰ ਇਸ ਕੋਸ਼ਿਸ਼ ਨੂੰ ਐੱਨਡੀਏ ਨੇ ਸਫਲਤਾ ਨਾਲ ਸਾਬਤ ਕਰ ਦਿਖਾਇਆ ਹੈ। ਇਸੇ ਸਦਕਾ ਦੁਨੀਆ ਭਰ ਦੀਆਂ ਡਿਫੈਂਸ ਅਕੈਡਮੀਆਂ ਵਿਚ ਐੱਨਡੀਏ ਆਪਣੇ ਆਪ ਵਿਚ ਇਕ ਮਿਸਾਲ ਬਣੀ ਹੋਈ ਹੈ।
ਹੁਣ ਜਦੋਂ ਐੱਨਡੀਏ ਆਪਣੀ ਸਥਾਪਨਾ ਦੀ 75ਵੀਂ ਵਰ੍ਹੇਗੰਢ ਮਨਾ ਰਹੀ ਹੈ, ਆਪਣੀ ਇਸ ਅਤੇ ਹੋਰਨਾਂ ਰੱਖਿਆ ਦਾਖ਼ਲਾ ਸੰਸਥਾਵਾਂ ਦੇ ਸਾਰੇ ਸਾਥੀਆਂ ਅਤੇ ਫ਼ੌਜੀਆਂ ਨੂੰ ਸਨਮਾਨ ਸਹਿਤ ਸਲਾਮੀ ਦੇਣੀ ਬਿਲਕੁਲ ਵਾਜਬ ਹੈ। ਇਹ ਵਿਸ਼ੇਸ਼ਤਾ, ਰੱਖਿਆ ਸਿਖਲਾਈ ਦੇਣ ਵਾਲੀਆਂ ਸਾਰੀਆਂ ਧਾਰਾਵਾਂ ਨਾਲ ਬਣਿਆ ਉਹ ਸਾਂਝਾ ਸਰਮਾਇਆ ਹੈ ਜਿਹੜਾ ਸਾਨੂੰ ਇਕ ਅਜੇਤੂ ਫ਼ੌਜ ਅਤੇ ਸਾਰੇ ਸੰਸਾਰ ਦੀ ਨਜ਼ਰ ਵਿਚ ਖਿੱਚ ਦਾ ਕੇਂਦਰ ਬਣਾਉਂਦਾ ਹੈ।
ਜੇ ਮੈਨੂੰ ਇਕ ਵਾਰ ਮੁੜ ਜ਼ਿੰਦਗੀ ਮਿਲੇ ਤਾਂ ਮੈਂ 16ਵੇਂ ਸਾਲ ਵਿਚ ਦੁਬਾਰਾ ਉਹੋ ਦੁਹਰਾਉਣਾ ਚਾਹਾਂਗਾ, ਜੋ ਮੈਂ 11 ਦਸੰਬਰ, 1962 ਨੂੰ ਐਨਡੀਏ ਦੇ 22ਵੇਂ ਕੋਰਸ ਵਿਚ ਦਾਖ਼ਲਾ ਹਾਸਲ ਕਰ ਕੇ ਕੀਤਾ ਸੀ।
*ਲੇਖਕ ਫ਼ੌਜ ਦੀ ਪੱਛਮੀ ਕਮਾਂਡ ਦੇ ਸਾਬਕਾ ਮੁਖੀ ਹਨ।